ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ: ਨਸ਼ਾ ਵਿਰੋਧੀ ਫਰੰਟ
ਗੁਰੂਹਰਸਹਾਏ (ਸੱਤਪਾਲ ਥਿੰਦ) ਅੱਜ ਵਖ ਵਖ ਕਿਸਾਨ ਮਜ਼ਦੂਰ, ਨੌਜਵਾਨ ਵਿਦਿਆਰਥੀ ਅਤੇ ਸਮਾਜਕ ਜਥੇਬੰਦੀਆਂ ਵੱਲੋਂ ਨਸ਼ਾ ਅਤੇ ਲੁੱਟ ਖੋਹ ਵਿਰੋਧੀ ਫਰੰਟ ਦੇ ਬੈਨਰ ਹੇਠ ਇਲਾਕੇ ਵਿਚ ਚਲ ਰਹੇ ਨਸ਼ੇ ਦੇ ਕਾਰੋਬਾਰ ਅਤੇ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਨੂੰ ਬੰਦ ਕਰਵਾਉਣ ਲਈ ਸਥਾਨਕ ਰੇਲਵੇ ਪਾਰਕ ਤੋਂ ਰੋਸ ਪ੍ਰਦਸ਼ਨ ਕਰਕੇ ਡੀ ਐਸ ਪੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਆਮ ਲੋਕਾਂ ਅਤੇ ਉਕਤ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਨਸ਼ਾ ਅਤੇ ਲੁੱਟ ਖੋਹ ਵਿਰੋਧੀ ਫਰੰਟ ਦੇ ਪ੍ਰਮੁੱਖ ਆਗੂਆਂ ਨਰੇਸ਼ ਕੁਮਾਰ ਸੇਠੀ, ਧਰਮ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ ਛਾਂਗਾ ਰਾਏ, ਭਗਵਾਨ ਦਾਸ ਬਹਾਦਰ ਕੇ, ਗੁਰਮੀਤ ਸੇਠਾਂ ਵਾਲਾ, ਮਾਸਟਰ ਪੂਰਨ ਚੰਦ, ਲਾਲੀ ਜੀਵਾਂ ਅਰਾਈਂ, ਬਲਵੰਤ ਸਿੰਘ ਖਾਲਸਾ, ਨੌਂ ਨਿਹਾਲ ਸਿੰਘ, ਪ੍ਰਤਾਪ ਸਿੰਘ, ਨਾਨਕ ਚੰਦ ਆਦਿ ਨੇ ਕੀਤੀ।
ਨਸ਼ਿਆਂ ਦਾ ਨਤੀਜਾ
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਨਸ਼ਾ ਅਤੇ ਲੁੱਟ ਖੋਹ ਵਿਰੋਧੀ ਫਰੰਟ ਦੇ ਉਕਤ ਆਗੂਆਂ ਨੇ ਕਿਹਾ ਕਿ ਨਸ਼ਾ ਸਮਾਜ ਲਈ ਬਹੁਤ ਖਤਰਨਾਕ ਹੈ ਜਿਸ ਨੇ ਸਾਡੀ ਜਵਾਨੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਬੇਕਾਰ ਬਣਾ ਦਿੱਤਾ ਹੈ। ਨਸ਼ਿਆਂ ਦਾ ਹੀ ਨਤੀਜਾ ਹੈ ਕਿ ਸਮਾਜ ਵਿਚ ਲੁੱਟਾਂ ਖੋਹਾਂ, ਚੋਰੀਆਂ ਡਕੈਤੀਆਂ ਅਤੇ ਮਾਰ ਧਾੜ ਵਰਗੀਆਂ ਘਟਨਾਵਾਂ ਘਟ ਰਹੀਆਂ ਹਨ। ਇਹਨਾਂ ਸਮਾਜਕ ਬੁਰਾਈਆਂ ਦੀ ਜੜ੍ਹ ਸਿਰਫ ਨਸ਼ੇ ਹੀ ਹਨ।ਇਹਨਾਂ ਨਸ਼ਿਆਂ ਨੂੰ ਮੁਕੰਮਲ ਬੰਦ ਕਰਨ ਤੋਂ ਬਿਨਾਂ ਉਕਤ ਸਮਾਜਕ ਅਲਾਮਤਾਂ ਤੋਂ ਅੰਤ ਨਹੀਂ ਕੀਤਾ ਜਾ ਸਕਦਾ।
ਉਕਤ ਆਗੂਆਂ ਨੇ ਚਿੰਤਾ ਜ਼ਹਿਰ ਕਰਦਿਆ ਕਿਹਾ ਕਿ ਕੁਝ ਪੰਜਾਬ ਅਤੇ ਸਮਾਜ ਦੋਖੀ ਅਨਸਰ ਆਪਣੇ ਮੁਨਾਫੇ ਲਈ ਨਸ਼ਿਆਂ ਦਾ ਕਾਰੋਬਾਰ ਕਰਕੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾ ਰਹੇ ਹਨ। ਜਿੱਥੇ ਅੱਜ ਪੰਜਾਬ ਦੀ ਜਵਾਨੀ ਨੇ ਸ਼ਹੀਦ ਭਗਤ ਸਿੰਘ ਦਾ ਅਸਲੀ ਵਾਰਸ ਹੋਣਾ ਸੀ ਉਥੇ ਜਵਾਨੀ ਗਲਤ ਰਸਤੇ ਜਾ ਰਹੀ ਹੈ। ਉਕਤ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪੁਲਸ ਪ੍ਰਸ਼ਾਸਨ, ਨਸ਼ਾ ਸਮਗਲਰ ਅਤੇ ਸਰਕਾਰ ਦੀ ਮਿਲੀ ਭੁਗਤ ਨਾਲ ਚੱਲ ਰਹੇ ਨਸ਼ਿਆਂ ਦੇ ਇਸ ਧੰਦੇ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਨਸ਼ਾ ਅਤੇ ਲੁੱਟ ਖੋਹ ਵਿਰੋਧੀ ਫਰੰਟ ਪੰਜਾਬ ਪਧਰ ਤੇ ਮੁਹਿੰਮ ਸ਼ੁਰੂ ਕਰਨ ਤੋਂ ਗ਼ੁਰੇਜ਼ ਨਹੀਂ ਕਰੇਗਾ।
ਇਸ ਮੌਕੇ ਡੀ ਐਸ ਪੀ ਗੁਰੂ ਹਰ ਸਹਾਏ ਸ਼੍ਰੀ ਯਦਵਾਇੰਦਰ ਸਿੰਘ ਨੂੰ ਮੰਗ ਪੱਤਰ ਦੇ ਕੇ ਨਸ਼ਿਆਂ ਅਤੇ ਲੁੱਟਾਂ ਖੋਹਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਤੇ ਡੀ ਐਸ ਪੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਵੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਤੇਜੀ ਨਾਲ ਕਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਸ਼ੋਕ ਕੁਮਾਰ, ਸੁਖਦੇਵ ਪੰਜੇ ਕੇ, ਸੰਦੀਪ ਡੇਰਿਆਂ ਵਾਲਾ, ਬਲਵੰਤ ਚੌਹਾਨਾਂ, ਗੁਰਬਚਨ ਸਿੰਘ ਮੋਠਾਂ ਵਾਲਾ, ਰਣਜੀਤ ਸਿੰਘ ਕਾਹਨ ਸਿੰਘ ਵਾਲਾ ਆਦਿ ਵੀ ਹਾਜ਼ਰ ਸਨ।