ਅਧਿਆਪਕ ਗੁਰਨਾਮ ਸਿੰਘ ਦੀ ਮਿਹਨਤ ਅਤੇ ਲਗਨ ਨੂੰ ਮਿਲਿਆ ‘ਰਾਜ ਪੱਧਰੀ ਪੁਰਸਕਾਰ’
ਮਾਨਸਾ (ਸੁਖਜੀਤ ਮਾਨ)। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ‘ਐਸ਼ ਕਰਨ ਨੂੰ ਮਾਸਟਰੀ’ ਵਧੀਆ ਨੌਕਰੀ ਹੈ ਪਰ ਬਹੁਤ ਸਾਰੇ ਅਧਿਆਪਕਾਂ ਨੇ ਲੋਕਾਂ ਵੱਲੋਂ ਬਣਾਈ ਇਸ ਕਹਾਵਤ ਨੂੰ ਬਦਲ ਕੇ ਰੱਖ ਦਿੱਤਾ ਹੈ। ਹੁਣ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਮਾਸਟਰ ਖੂਬ ਮਿਹਨਤ ਕਰਦੇ ਹਨ। ਇਹੋ ਕਾਰਨ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੈਰਿਟ ਸੂਚੀ ’ਚ ਨਾਂਅ ਦਰਜ਼ ਕਰਵਾਉਂਦੇ ਹਨ। ਭਲਕੇ 5 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਜਿਹੜੇ ਅਧਿਆਪਕਾਂ ਨੂੰ ਰਾਜ ਪੱਧਰੀ ਪੁਸਰਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ ’ਚ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦਾ ਹੈੱਡ ਟੀਚਰ ਗੁਰਨਾਮ ਸਿੰਘ ਵੀ ਸ਼ਾਮਿਲ ਹੈ। ਗੁਰਨਾਮ ਸਿੰਘ ਦੇ ਦੋ ਘਰ ਹਨ, ਇੱਕ ਤਾਂ ਉਨ੍ਹਾਂ ਦੇ ਪਿੰਡ ਬਰਨਾਲਾ ਵਾਲਾ ਘਰ ਤੇ ਦੂਜਾ ਸਕੂਲ, ਕਿਉਂਕਿ ਸਕੂਲ ਨੂੰ ਉਹ ਘਰ ਤੋਂ ਵੀ ਜ਼ਿਆਦਾ ਪਿਆਰ ਕਰਦੇ ਹਨ। ਉਨ੍ਹਾਂ ਦੇ ਸਕੂਲ ਤੇ ਵਿਦਿਆਰਥੀਆਂ ਪ੍ਰਤੀ ਜਨੂੰਨ ਨੂੰ ਦੇਖਦਿਆਂ ਹੀ ਰਾਜ ਪੱਧਰੀ ਪੁਰਸਕਾਰ ਝੋਲੀ ਪਿਆ ਹੈ।
Teachers day
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਨੇ ਦੱਸਿਆ ਕਿ ਹਾਦਸਾ ਹੋਣ ਕਾਰਨ ਉਨ੍ਹਾਂ ਨੂੰ ਪਿੱਛੇ ਜਿਹੇ ਤਿੰਨ ਮਹੀਨਿਆਂ ਦੀ ਛੁੱਟੀ ਕਰਨੀ ਪਈ ਪਰ ਘਰ ਪਏ ਵੀ ਉਹ ਵਿਦਿਆਰਥੀਆਂ ਬਾਰੇ ਸੋਚਦੇ ਰਹਿੰਦੇ। ਸੱਟ ਜ਼ਿਆਦਾ ਲੱਗੀ ਹੋਣ ਕਾਰਨ ਸਕੂਲ ਜਾਣ ਤੋਂ ਅਸਮਰੱਥ ਸੀ ਤਾਂ ਇਸ ਦਾ ਬਦਲਵਾਂ ਹੱਲ ਕੱਢਿਆ ਕਿ ਜੋ ਬੱਚੇ ਨਵੋਦਿਆ ਦੀ ਤਿਆਰੀ ਵਾਲੇ ਹਨ, ਉਨ੍ਹਾਂ ਨੂੰ ਸਕੂਲ ਸਮੇਂ ਤੋਂ ਬਾਅਦ ਘਰ ਬੁਲਾ ਕੇ ਪੜ੍ਹਾਇਆ ਜਾਵੇ। ਉਨ੍ਹਾਂ ਦੀ ਇਸ ਮਿਹਨਤ ਸਦਕਾ ਕਾਫੀ ਵਿਦਿਆਰਥੀ ਨਵੋਦਿਆ ਸਕੂਲ ਲਈ ਚੁਣੇ ਗਏ। ਗੁਰਨਾਮ ਸਿੰਘ ਪੂਰੇ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਹਰ ਤਰ੍ਹਾਂ ਦੇ ਵਿੱਦਿਅਕ ਮੁਕਾਬਲਿਆਂ ’ਚੋਂ ਮੋਹਰੀ ਰਹਿੰਦੇ ਹਨ ਤੇ ਹਰ ਵਾਰ ਕਾਫੀ ਵਿਦਿਆਰਥੀ ਨਵੋਦਿਆ ਲਈ ਚੁਣੇ ਜਾਂਦੇ ਹਨ। ਸਕੂਲ ਦੀ ਖੋ-ਖੋ ਟੀਮ ਤਾਂ ਐਨੀ ਮਿਹਨਤੀ ਹੈ ਕਿ ਹਰ ਸਾਲ ਸੂਬਾ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਂਦੀ ਹੈ।
ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਪੁਰਸਕਾਰ ਲਈ ਜੋ ਉਨ੍ਹਾਂ ਦੀ ਚੋਣ ਹੋਈ ਹੈ, ਉਸ ਲਈ ਪਿੰਡ ਵਾਸੀਆਂ ਦਾ ਵੀ ਵਡਮੁੱਲਾ ਯੋਗਦਾਨ ਹੈ ਕਿਉਂਕਿ ਸਕੂਲ ਲਈ ਪਿੰਡ ਵਾਸੀ ਹਮੇਸ਼ਾ ਖੁੱਲ੍ਹ ਕੇ ਸਹਿਯੋਗ ਦਿੰਦੇ ਹਨ, ਜਿਸ ਸਦਕਾ ਸਕੂਲ ਦੀ ਨੁਹਾਰ ਹੀ ਬਦਲ ਗਈ। ਸਕੂਲ ’ਚ ਆਪਣੇ ਪੱਧਰ ’ਤੇ ਕੀਤੇ ਜਾਂਦੇ ਹੋਰ ਕਾਰਜਾਂ ਸਬੰਧੀ ਪੁੱਛੇ ਜਾਣ ’ਤੇ ਗੁਰਨਾਮ ਸਿੰਘ ਨੇ ਦੋ ਟੁੱਕ ਗੱਲ ਆਖੀ ਕਿ ‘ਉਹ ਤਾਂ ਸਵੇਰੇ ਸੱਤ ਵਜੇ ਸਕੂਲ ਆ ਜਾਂਦੇ ਨੇ ਤੇ ਸ਼ਾਮ ਪੰਜ ਵਜੇ ਤੱਕ ਸਕੂਲ ਦਾ ਹੀ ਕੰਮ ਕਰਦੇ ਨੇ’।
ਸਿੱਖਿਆ ਅਧਿਕਾਰੀਆਂ ਸਮੇਤ ਅਧਿਆਪਕ ਵਰਗ ਵੱਲੋਂ ਵਧਾਈਆਂ
ਰਾਜ ਪੱਧਰੀ ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ, ਡਿਪਟੀ ਡੀਈਓ ਅਸ਼ੋਕ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰੂਬੀ ਬਾਂਸਲ, ਡਿਪਟੀ ਡੀਈਓ ਗੁਰਲਾਭ ਸਿੰਘ , ਡਾਈਟ ਪਿ੍ਰੰਸੀਪਲ ਡਾ. ਬੂਟਾ ਸਿੰਘ, ਅਧਿਆਪਕ ਆਗੂ ਅਮੋਲਕ ਸਿੰਘ ਡੇਲੂਆਣਾ, ਹਰਦੀਪ ਸਿੰਘ ਸਿੱਧੂ, ਬਲਜਿੰਦਰ ਸਿੰਘ ਸਟੇਟ ਐਵਾਰਡੀ, ਸੀ ਐੱਚ ਟੀ ਕਾਲਾ ਸਿੰਘ ਸਹਾਰਨਾ ਸਮੇਤ ਹੋਰਨਾਂ ਨੇ ਵਧਾਈ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਸਿੱਖਿਆ ਖੇਤਰ ਨੂੰ ਨਵੀਆਂ ਲੀਹਾਂ ’ਤੇ ਤੋਰਿਆ ਹੈ। ਵਿੱਦਿਆ ਸਭ ਲਈ ਲਾਜ਼ਮੀ ਅਤੇ ਜ਼ਰੂਰੀ ਵਰਗੇ ਵਿਸ਼ਿਆਂ ’ਤੇ ਕੰਮ ਕਰਕੇ ਆਪਣੇ-ਆਪ ਨੂੰ ਸਿੱਖਿਆ ਨੂੰ ਸਮਰਪਿਤ ਕੀਤਾ ਹੈ।
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬਿਆ ਧਰਤੀ ਦਾ ਇਹ ਕੋਨਾ
ਜ਼ਿਲ੍ਹਾ ਮਾਨਸਾ ਦੇ 6 ਅਧਿਆਪਕਾਂ ਨੂੰ ਮਿਲੇਗਾ ਰਾਜ ਪੱਧਰੀ ਪੁਰਸਕਾਰ
ਪੰਜਾਬ ਸਰਕਾਰ ਨੇ ਰਾਜ ਪੱਧਰੀ ਪੁਰਸਕਾਰ ਲਈ ਜ਼ਿਲ੍ਹਾ ਮਾਨਸਾ ਦੇ 6 ਅਧਿਆਪਕਾਂ ਦੀ ਚੋਣ ਕੀਤੀ ਹੈ। ਚੁਣੇ ਗਏ ਅਧਿਆਪਕਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੇ ਲੈਕਚਰਾਰ ਨਰਸੀ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਮੇ ਕਲਾਂ ਦੇ ਲੈਕਚਰਾਰ ਗੁਰਪਿਆਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਮਾਸਟਰ ਕੇਡਰ ਦੇ ਅਧਿਆਪਕ ਦਿਲਬਾਗ ਸਿੰਘ, ਸ਼ਹੀਦ ਜਗਸੀਰ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੇ ਅਧਿਆਪਕ ਨਵਨੀਤ ਕੱਕੜ, ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਅਧਿਆਪਕ ਗੁਰਨਾਮ ਸਿੰਘ ਨੂੰ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੂੰ ਯੰਗ ਮਾਸਟਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।