ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਨੇ ਵੱਡਾ ਤੋਹਫ਼ਾ (Punjab Government Schemes ) ਦਿੱਤਾ ਹੈ। ਇਸ ਸਬੰਧੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਨਾਲ ਉਹ ਆਪਣੀ ਸੁਰੱਖਿਆ ਕਰ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੰਦੇ ਹਨ ਉਨ੍ਹਾਂ ’ਤੇ ਤੁਰੰਤ ਕਾਰਵਾਈ ਹੋਵੇਗੀ। ਜੇਕਰ ਕੋਈ ਧੀ ਪੁੱਤਰ ਆਪਣੇ ਮਾਤਾ-ਪਿਤਾ ਨੂੰ ਘਰੋਂ ਕੱਢਦਾ ਹੈ ਤਾਂ ਪੀੜਤ ਮਾਤਾ-ਪਿਤਾ ਤੁਰੰਤ ਐਸਡੀਐਮ ਕੋਲ ਸਿਕਾਇਤ ਕਰ ਸਕਦੇ ਹਨ।
Punjab Government Schemes
ਉਨ੍ਹਾਂ ਕਿਹਾ ਕਿ ਘਰ, ਜ਼ਮੀਨ ਜਾਇਦਾਦ ਆਪਣੇ ਨਾਂਅ ਕਰਵਾ ਕੇ ਵੀ ਮਾਪਿਆਂ ਨੂੰ ਘਰੋਂ ਨਹੀਂ ਕੱਢਿਆ ਜਾ ਸਕਦਾ। ਸੀਨੀਅਰ ਸਿਟੀਜਨ ਐਕਟ 2007 ਦੇ ਅਨੁਸਾਰ ਬੱਚਿਆਂ ਦੇ ਨਾਂਅ ਜਾਇਦਾਦ ਕਰਨ ਤੋਂ ਬਾਅਦ ਜੇਕਰ ਬੱਚੇ ਮਾਂ-ਬਾਪ ਦੀ ਦੇਖਭਾਲ ਨਹੀਂ ਕਰਦੇ ਤੇ ਉਨ੍ਹਾਂ ਨੂੰ ਘਰੋਂ ਕੱਢ ਰਹੇ ਹਨ ਤਾਂ ਇਲਾਕੇ ਦੇ ਐੱਸਡੀਐੱਮ ਨੂੰ ਹੱਥੀਂ ਜਾਂ ਆਨਲਾਈਨ ਇੱਕ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸ ਦਿੱਤੀ ਗਈ ਇੱਕ ਅਰਜ਼ੀ ਨਾਲ ਕੀਤੀ ਹੋਈ ਰਜਿਸਟਰੀ ਤੁਰੰਤ ਰੱਦ ਹੋ ਜਾਵੇਗੀ।
ਇਸ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ 90 ਦਿਨਾਂ ਦੇ ਅੰਦਰ ਕਰਨਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਘਰ ਭਾਵੇਂ ਪੁੱਤਰ ਨੇ ਬਣਾਇਆ ਹੋਵੇ ਤੇ ਘਰ ਭਾਵੇਂ ਇੱਕ ਹੀ ਕਮਰੇ ਦਾ ਹੋਵੇ ਉਸ ਮਕਾਨ ’ਤੇ ਵੀ ਪਹਿਲਾ ਹੱਕ ਮਾਤਾ-ਪਿਤਾ ਦਾ ਹੀ ਹੋਵੇਗਾ। ਉਸ ਵਿੱਚੋਂ ਵੀ ਮਾਂ-ਬਾਪ ਨੂੰ ਕੱਢਿਆ ਨਹੀਂ ਜਾ ਸਕਦਾ। ਆਪਣੇ ਮਾਤਾ-ਪਿਤਾ ਦੀ ਸੰਭਾਲ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਬਕਾਇਦਾਾ ਖਰਚਾ ਵੀ ਦੇਣਾ ਪਵੇਗਾ। ਇਹ ਦਿੱਤੇ ਜਾਣ ਵਾਲੇ ਖਰਚੇ ਦੀ ਰਕਮ 10000 ਰੁਪਏ ਮਹੀਨਾ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਬਜ਼ੁਰਗਾਂ ਨੂੰ ਘਰੋਂ ਕੱਢਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਇਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਤੇ ਹੁਣ ਬਜ਼ੁਰਗਾਂ ਦੀ ਸੁਰੱਖਿਆ ਸਬੰਧੀ ਬਣੇ ਕਾਨੂੰਨ ਦੀ ਪੂਰੀ ਜਾਣਕਾਰੀ ਦੇਣ ਲਈ ਸਰਕਾਰ ਨੇ ਵੀਡੀਓ ਜਾਰੀ ਕਰ ਦਿੱਤੀ ਹੈ। ਉੱਪਰ ਦੇਖੀ ਜਾ ਰਹੀ ਵੀਡੀਓ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ।