ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਲਾਂਪੁਰ ਵਿਖੇ ਜੰਗਲਾਤ ਵਿਭਾਗ ਵੱਲੋਂ ਰਤਵਾੜਾ ਸਾਹਿਬ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ
ਮੋਹਾਲੀ/ਖਰੜ (ਐੱਮ ਕੇ ਸ਼ਾਇਨਾ)। ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਲਾਂਪੁਰ ਦੇ ਰਤਵਾੜਾ ਸਾਹਿਬ ਵਿਖੇ ਬੂਟੇ (Tree plant) ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿੱਥੇ ਕੁੱਲ 5000 ਪੌਦੇ ਲਗਾਏ ਜਾਣਗੇ। ਗੈਰ ਸਰਕਾਰੀ ਸੰਗਠਨਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਸੂਬੇ ਵਿੱਚ ਜੰਗਲਾਤ ਨੂੰ ਵਧਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਿੰਨਾ ਵੱਧ ਜੰਗਲਾਤ ਹੋਵੇਗਾ, ਓਨੀਆਂ ਹੀ ਵੱਧ ਕੁਦਰਤ ਦੀਆਂ ਅਸੀਸਾਂ ਸਾਨੂੰ ਪ੍ਰਾਪਤ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ ਜੰਗਲਾਤ ਸਾਡੇ ਸੈਰ-ਸਪਾਟੇ ਦੀ ਮਹੱਤਤਾ ਨੂੰ ਹੋਰ ਵਧਾਉਂਦੇ ਹਨ। ਮੰਤਰੀ ਨੇ ਕਿਹਾ ਕਿ ਮਾਜਰੀ ਖੇਤਰ ਜੰਗਲ ਅਤੇ ਜੈਵ ਵਿਭਿੰਨਤਾ ਨਾਲ ਭਰਪੂਰ ਹੈ ਅਤੇ ਵਾਤਾਵਰਨ ਅਤੇ ਵਿਕਾਸ ਵਿਚਕਾਰ ਸਹੀ ਸੰਤੁਲਨ ਬਣਾਈ ਰੱਖਣ ਅਤੇ ਸੰਭਾਲ ਲਈ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਸਵਾਂ ਡੈਮ ਸੈਲਾਨੀਆਂ ਦਾ ਆਕਰਸ਼ਣ ਬਣ ਗਿਆ ਹੈ ਅਤੇ ਪਿਛਲੇ ਇੱਕ ਸਾਲ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੈਰ-ਸਪਾਟੇ ਦੇ ਪੱਖ ਤੋਂ ਖੇਤਰ ਨੂੰ ਹੋਰ ਵਿਕਸਤ ਕਰੇਗੀ। ਮੰਤਰੀ ਨੇ ਰਤਵਾੜਾ ਸਾਹਿਬ ਟਰੱਸਟ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। (Tree plant)
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੱਚੇ ਮਕਾਨਾਂ ਲਈ ਦਿੱਤਾ ਤੋਹਫਾ
ਉਨ੍ਹਾਂ ਉੱਥੇ ਇਕੱਠੇ ਹੋਏ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਵੀ ਸੁਣੀਆਂ। ਮੰਤਰੀ ਨੇ ਖਰੜ ਹਲਕੇ ਦੇ ਜੰਗਲਾਤ ਸਵੈ-ਸਹਾਇਤਾ ਸਮੂਹਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਵੱਖ-ਵੱਖ ਉਤਪਾਦਾਂ ਜਿਵੇਂ ਕਿ ਆਰਗੈਨਿਕ ਫੋਰੈਸਟ ਫੇਸ ਬੈਕ, ਕੱਪੜੇ ਦੇ ਥੈਲੇ, ਜੰਗਲੀ ਉਪਜਾਂ ਤੋਂ ਬਣੇ ਅਚਾਰ ਅਤੇ ਨਿੰਮ ਆਧਾਰਿਤ ਗੈਰ-ਰਸਾਇਣਕ ਕੀਟਾਣੂਨਾਸ਼ਕ ਪ੍ਰਦਰਸ਼ਿਤ ਕੀਤੇ ਹੋਏ ਸਨ। ਮੰਤਰੀ ਨੇ ਐਸ ਐਚ ਜੀ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡੀ.ਐਫ.ਓ.(ਮੰਡਲ ਵਣ ਅਫ਼ਸਰ) ਐਸ.ਏ.ਐਸ.ਨਗਰ, ਕੰਵਰ ਦੀਪ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਖਰੜ ਹਲਕੇ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਇਸ ਸਾਲ ਵੱਖ-ਵੱਖ ਪਿੰਡਾਂ ਵਿੱਚ 3 ਲੱਖ ਤੋਂ ਵੱਧ ਪੌਦੇ ਲਗਾਏ ਜਾਣਗੇ। ਇਸ ਤੋਂ ਇਲਾਵਾ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਇਸ ਸਾਲ ਜ਼ਿਲ੍ਹੇ ਵਿੱਚ ਹਰ ਟਿਊਬਵੈੱਲ ‘ਤੇ ਸਥਾਨਕ-ਖੇਤਰੀ ਕਿਸਮਾਂ ਦੇ ਬੂਟੇ ਲਗਾ ਰਹੇ ਹਾਂ ਤਾਂ ਜੋ ਹਰੇ ਟਿਊਬਵੈੱਲਾਂ ਦੀ ਪੁਰਾਣੀ ਰਵਾਇਤ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।