ਪਿਛਲੇ 20 ਸਾਲਾਂ ਤੋਂ ਚੰਡੀਗੜ੍ਹ ’ਚ ਨਹੀਂ ਐ ਆਪ ਦਾ ਕੋਈ ਸੰਸਦ ਮੈਂਬਰ, ਨਹੀਂ ਮਿਲ ਸਕਦੀ ਜਮੀਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਵਿਖੇ ਦਫ਼ਤਰ ਲਈ ਥਾਂ ਨਹੀਂ ਮਿਲੇਗੀ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਰੀ ਨਾਂਹ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਆਮ ਆਦਮੀ ਪਾਰਟੀ ਨੂੰ ਲਿਖਿਤ ’ਚ ਪੱਤਰ ਭੇਜਦੇ ਹੋਏ ਸਾਫ਼ ਕਿਹਾ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦਾ ਪਿਛਲੇ 20 ਸਾਲਾਂ ਤੋਂ ਕੋਈ ਵੀ ਸੰਸਦ ਮੈਂਬਰ ਚੰਡੀਗੜ੍ਹ ਤੋਂ ਨਹੀਂ ਬਣਿਆ, ਇਸ ਲਈ ਪਾਰਟੀ ਨੂੰ ਜਮੀਨ ਨਹੀਂ ਦਿੱਤੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਨੂੰ ਮਿਲੇ ਇਸ ਜੁਆਬ ਬਾਰੇ ਫਿਲਹਾਲ ਪਾਰਟੀ ਵੱਲੋਂ ਕੁਝ ਵੀ ਨਹੀਂ ਬੋਲਿਆ ਜਾ ਰਿਹਾ ਹੈ, ਕਿਉਂਕਿ ਇਸ ਮੁੱਦੇ ’ਤੇ ਕੀ ਕਰਨਾ ਹੈ ਇਸ ਸਬੰਧੀ ਫੈਸਲਾ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਹੀ ਕਰਨਗੇ ਕਿਉਂਕਿ ਉਹ ਪਾਰਟੀ ਪ੍ਰਧਾਨ ਵੀ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਅਤੇ ਨਗਰ ਕੌਂਸਿਲ ਚੋਣਾਂ ਦਾ ਐਲਾਨ
ਆਮ ਆਦਮੀ ਪਾਰਟੀ ਨੂੰ ਆਸ ਸੀ ਕਿ ਚੰਡੀਗੜ੍ਹ ਵਿਖੇ ਦਫ਼ਤਰ ਬਣਾਉਣ ਲਈ ਉਨ੍ਹਾਂ ਨੂੰ ਜਮੀਨ ਮਿਲ ਜਾਏਗੀ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਸਣੇ ਅਕਾਲੀ ਦਲ ਕੋਲ ਚੰਡੀਗੜ੍ਹ ਵਿੱਚ ਜ਼ਮੀਨ ਹੈ। ਇਸੇ ਤਰਜ਼ ’ਤੇ ਆਮ ਆਦਮੀ ਪਾਰਟੀ ਨੇ ਵੀ ਚੰਡੀਗੜ੍ਹ ਵਿਖੇ ਜਮੀਨ ਮੰਗੀ ਸੀ। ਆਮ ਆਦਮੀ ਪਾਰਟੀ ਵੱਲੋਂ ਆਪਣੀ ਮੰਗ ’ਚ ਲਿਖਿਆ ਗਿਆ ਸੀ ਕਿ ਪੰਜਾਬ ਵਿੱਚ 7 ਰਾਜ ਸਭਾ ਮੈਂਬਰ ਅਤੇ 92 ਵਿਧਾਇਕਾਂ ਦੇ ਨਾਲ-ਨਾਲ ਚੰਡੀਗੜ੍ਹ ਨਗਰ ਨਿਗਮ ’ਚ 35 ਐਮਸੀ ’ਚੋਂ 14 ਐਮਸੀ ਆਮ ਆਦਮੀ ਪਾਰਟੀ ਦੇ ਹਨ। ਇਸ ਲਈ ਉਨਾਂ ਦੀ ਪਾਰਟੀ ਨੂੰ ਦਫ਼ਤਰ ਬਣਾਉਣ ਲਈ ਜਮੀਨ ਦੀ ਅਲਾਟਮੈਂਟ ਕੀਤੀ ਜਾਵੇ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। (Aam Aadmi Party)