ਨੌਕਰ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਐਨਆਰਆਈ ਮਾਲਕ ਦਾ ਕਤਲ

Crime News

ਪੁਲਿਸ ਨੇ ਨੌਕਰ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਲੋਹੇ ਦੇ ਦਾਤ, ਮੋਟਰਸਾਇਕਲ ਤੇ 1.80 ਲੱਖ ਦੀ ਨਕਦੀ ਕੀਤੀ ਬਰਾਮਦ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ ਦੇ ਪਿੰਡ ਲਲਤੋਂ ਕਲਾਂ ਵਿਖੇ ਐਨਆਰਆਈ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਕਤਲ ਕਾਂਡ ਦਾ ਮਾਸਟਰ ਮਾਈਂਡ ਐਨਆਰਆਈ ਦਾ ਨੌਕਰ ਹੀ ਨਿਕਲਿਆ ਹੈ। ਜਿਸ ਨੇ ਸੁਪਾਰੀ ਦੇ ਕੇ ਐਨਆਰਆਈ ਦਾ ਕਤਲ ਕਰਵਾ ਦਿੱਤਾ। ਪੁਲਿਸ ਨੇ ਮਾਮਲੇ ’ਚ ਨੌਕਰ ਸਮੇਤ 6 ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਪਾਸੋਂ ਵਾਰਦਾਤ ’ਚ ਵਰਤੇ ਦਾਤ ਤੇ ਮੋਟਰਸਾਇਕਲਾਂ ਤੋਂ ਇਲਾਵਾ 1. 80 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਹੈ। (Crime News)

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 17-18 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿੰਡ ਲਲਤੋਂ ਕਲਾਂ ਵਿਖੇ ਐਨਆਰਆਈ ਬਰਿੰਦਰਦੀਪ ਸਿੰਘ (42) ਪੁੱਤਰ ਭਗਵੰਤ ਸਿੰਘ ਵਾਸੀ ਲਲਤੋਂ ਕਲਾਂ ਦਾ ਅਣਪਛਾਤੇ ਮੋਟਰਸਾਇਕਲ ਸਵਾਰਾਂ ਦੁਆਰਾ ਤੇਜ਼ਧਾਰ ਹਥਿਆਰਾਂ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦਾ ਮਾਸਟਰ ਮਾਈਂਡ ਕੋਈ ਹੋਰ ਨਹੀਂ ਸਗੋਂ ਐਨਆਰਆਈ ਬਰਿੰਦਰਦੀਪ ਸਿੰਘ ਦੇ ਨਾਲ ਮੋਟਰਸਾਇਕਲ ’ਤੇ ਆ ਰਿਹਾ ਉਸਦਾ ਨੌਕਰ ਬੱਲ ਸਿੰਘ ਹੀ ਨਿਕਲਿਆ ਹੈ। ਜਿਸ ਨੇ ਸੁਪਾਰੀ ਦੇ ਕੇ ਜਗਰਾਜ ਸਿੰਘ ਉਰਫ਼ ਗਾਜਾ ਤੇ ਹੋਰਾਂ ਦੀ ਮੱਦਦ ਨਾਲ ਐਨਆਰਆਈ ਬਰਿੰਦਰਦੀਪ ਸਿੰਘ ਨੂੰ ਦੇਰ ਰਾਤ ਰਾਹ ’ਚ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਉਹ ਬੱਲ ਸਿੰਘ ਨਾਲ ਪੱਖੋਵਾਲ ਦੀ ਠਾਕੁਰ ਕਲੋਨੀ ਤੋਂ ਲਲਤੋਂ ਕਲਾਂ ਨੂੰ ਜਾ ਰਿਹਾ ਸੀ।

ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ | Crime News

ਜਿਸ ਪਿੱਛੋਂ ਪੁਲਿਸ ਨੇ ਮਿ੍ਰਤਕ ਦੇ ਸਾਲੇ ਜਸਪ੍ਰੀਤ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਬਰਮਾਲੀਪੁਰ ਦੇ ਬਿਆਨਾਂ ’ਤੇ ਥਾਣਾ ਸਦਰ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਕਤਲ ਦੀ ਵਜਾ ’ਤੇ ਚਾਨਣਾ ਪਾਉਂਦਿਆਂ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਬਰਿੰਦਰਦੀਪ ਸਿੰਘ ਆਪਣੇ ਨੌਕਰ ਬੱਲ ਸਿੰਘ ਨੂੰ ਲੋਕਾਂ ਸਾਹਮਣੇ ਉਸ ਦੀ ਮਾਤਾ ਬਾਰੇ ਗਲਤ ਸ਼ਬਦਾਂਵਲੀ ਵਰਤਕੇ ਜ਼ਲੀਲ ਕਰਦਾ ਸੀ ਅਤੇ ਜਗਰਾਜ ਸਿੰਘ ਉਰਫ਼ ਗਾਜਾ ਦਾ ਬਰਿੰਦਰਦੀਪ ਸਿੰਘ ਦਾ ਇੱਕ ਕੋਠੀ ਦੇ ਕਬਜ਼ੇ ਸਬੰਧੀ ਪੈਸਿਆਂ ਦਾ ਲੈਣ- ਦੇਣ ਚੱਲ ਰਿਹਾ ਸੀ। ਦੋਵਾਂ ਨੇ ਮਿਲ ਕੇ ਸਾਜਿਸ਼ ਤਹਿਤ ਚਾਰ ਹੋਰਾਂ ਨੂੰ ਨਾਲ ਲਿਆ ਅਤੇ ਐਨਆਰਆਈ ਬਰਿੰਦਰਦੀਪ ਸਿੰਘ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!

ਜਿਸ ਪਿੱਛੋਂ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਤੇ ਵਾਰਦਾਤ ਵਾਲੀ ਜਗਾ ਤੋਂ ਮਿਲੇ ਸੁਰਾਗਾਂ ਦੇ ਅਧਾਰ ’ਤੇ ਮਿ੍ਰਤਕ ਦੇ ਨੌਕਰ ਬੱਲ ਸਿੰਘ ਵਾਸੀ ਲਲਤੋਂ ਕਲਾਂ ਸਮੇਤ ਜਗਰਾਜ ਸਿੰਘ ਉਰਫ਼ ਗਾਜਾ ਵਾਸੀ ਫੇਸ-1 ਦੁੱਗਰੀ, ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਜਗਦੇਵ ਨਗਰ ਲੁਧਿਆਣਾ, ਸੋਹਿਲ ਅਲੀ ਵਾਸੀ ਪਿੰਡ ਮਹਿਮੂਦਪੁਰਾ, ਦੇਵ ਰਾਜ ਉਰਫ਼ ਕਾਲੂ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੁੱਗਰੀ ਤੇ ਵਰਿੰਦਰ ਸਿੰਘ ਉਰਫ਼ ਵਿੱਕੀ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਪਾਸੋਂ ਵਾਰਦਾਤ ਸਮੇਂ ਵਰਤੇ ਗਏ ਦੋ ਲੋਹੇ ਦੇ ਦਾਤ, ਦੋ ਸਪਲੈਂਡਰ ਮੋਟਰਸਾਇਕਲ ਅਤੇ 1 ਲੱਖ 80 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ। ਪੁਲਿਸ ਮੁਤਾਬਕ ਜਗਰਾਜ ਸਿੰਘ ਉਰਫ਼ ਗਾਜਾ ਖਿਲਾਫ਼ ਵੱਖ ਵੱਖ ਥਾਣਿਆਂ ’ਚ ਪਹਿਲਾਂ 5 ਮਾਮਲੇ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਖਿਲਾਫ਼ ਇੱਕ ਮਾਮਲਾ ਦਰਜ਼ ਹੈ।