ਨਵੀਨੀਕਰਨ ਦੀ ਦੌੜ ਬਨਾਮ ਕੁਦਰਤੀ ਸੋਮਿਆਂ ਦਾ ਉਜਾੜਾ

natural

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਇਆ ਹੈ, ਪਰ ਇਨਸਾਨ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਕੁਦਰਤ ਦਾ ਨਾਸ ਹੀ ਕੀਤਾ ਹੈ। ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਇਨਸਾਨ ਨੂੰ ਮੁਫਤ ਵਿੱਚ ਮਿਲਦੀਆਂ ਹਨ, ਉਹ ਉਹਨਾਂ ਦੀ ਕਦਰ ਨਹੀਂ ਕਰਦਾ। ਇਸੇ ਕਾਰਨ ਅੱਜ ਪਾਣੀ ਤੇ ਹਵਾ ਦੋਵੇਂ ਹੀ ਦੂਸ਼ਿਤ ਹੋ ਰਹੇ ਹਨ। ਅੱਜ ਅਸੀਂ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਵਾਪਰਦਿਆਂ ਦੇਖ ਕੇ ਖੁਸ਼ ਹੋ ਰਹੇ ਹਾਂ, ਜਦਕਿ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਾਡੇ ਕੁਦਰਤੀ ਸੋਮਿਆਂ ਦਾ ਉਜਾੜਾ।

ਮਾਇਆ ਦੀ ਦੌੜ | Natural Resources

ਅੱਜ ਦੇ ਮਨੁੱਖ ਨੇ ਹਵਾ, ਪਾਣੀ, ਧਰਤੀ ਸਭ ਨੂੰ ਗੰਧਲਾ ਕਰ ਲਿਆ ਹੈ। ਮਾਇਆ ਦੀ ਦੌੜ ਨੇ ਇਨਸਾਨ ਨੂੰ ਅੰਨ੍ਹਾ ਕਰ ਦਿੱਤਾ ਹੈ। ਅੰਨ੍ਹੇਵਾਹ ਵਧਦਾ ਪ੍ਰਦੂਸ਼ਣ ਆਪਾ-ਮਾਰੂ ਸਿੱਧ ਹੋਵੇਗਾ। ਜੇਕਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਨਾ ਮੰਨਿਆ ਤਾਂ ਵੱਡੀ ਭੁੱਲ ਹੋਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’’ ਦਾ ਮਹਾਂਵਾਕ ਉਚਾਰ ਕੇ ਇਹਨਾਂ ਕੁਦਰਤੀ ਸੋਮਿਆਂ ਦੀ ਕੀਮਤ ਤੋਂ ਜਾਣੂ ਕਰਵਾਇਆ ਹੈ। (Natural Resources)

ਕੁਦਰਤੀ ਸੋਮਿਆਂ ਦੇ ਉਜਾੜੇ ਦੀ ਗੱਲ ਕਿਸ ਪੱਖ ਤੋਂ ਸ਼ੁਰੂ ਕਰਾਂ? ਅੱਜ ਦਾ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੁਦਰਤੀ ਸੋਮਿਆਂ ਨਾਲ ਖਿਲਵਾੜ ਕਰ ਰਿਹਾ ਹੈ। ਇਹ ਖਿਲਵਾੜ ਕੋਈ ਇੱਕ-ਦੋ ਸਾਲ ਤੋਂ ਸ਼ੁਰੂ ਨਹੀਂ ਹੋਇਆ, ਆਜਾਦੀ ਤੋਂ ਬਾਅਦ ਡਿਵੈਲਪਮੈਂਟ ਦੇ ਨਾਂਅ ’ਤੇ ਰੁੱਖਾਂ ਦੀ ਕਟਾਈ, ਸਨਅਤੀਕਰਨ ਨਾਲ ਪਾਣੀ ਦਾ ਦੂਸ਼ਿਤ ਹੋਣਾ, ਜਹਿਰੀਲੀ ਹੋਈ ਹਵਾ, ਕੱੁਲ ਮਿਲਾ ਕੇ ਸਾਡਾ ਸਾਰਾ ਚੌਗਿਰਦਾ ਦੂਸ਼ਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ : ਚੰਦਰਯਾਨ ਦੀ ਲਾਂਚ ਸੈਰੇਮਨੀ ਦੇਖਣ ਲਈ ਸਕੂਲ ਆਫ ਐਮੀਨੈਂਸ ਰਾਮਸਰਾ ਦੇ ਦੋ ਵਿਦਿਆਰਥੀਆਂ ਦੀ ਹੋਈ ਚੋਣ

ਅਸੀਂ ਆਪਣੇ ਬਜ਼ੁਰਗਾਂ ਤੋਂ ਹਮੇਸ਼ਾ ਹੀ ਸੁਣਦੇ ਆਏ ਹਾਂ ਕਿ ਸ਼ਹਿਰ ਸੁੱਖ-ਸਹੂਲਤਾਂ ਤਾਂ ਅਨੇਕਾਂ ਨੇ, ਪਰ ਬਿਮਾਰੀਆਂ ਦਾ ਘਰ ਹੈ। ਸਮੇਂ ਨੇ ਐਸੀ ਕਰਵਟ ਲਈ ਹੁਣ ਸ਼ਹਿਰੀ ਇਲਾਕਿਆਂ ਨਾਲੋਂ ਵੱਧ ਪਿੰਡਾਂ ਨੂੰ ਵੀ ਨਵੀਨੀਕਰਨ ਦੀ ਕਾਲੀ ਹਨ੍ਹੇਰੀ ਨੇ ਆਪਣੀ ਗਿ੍ਰਫਤ ਵਿੱਚ ਲੈ ਲਿਆ ਹੈ। ਜਿਸ ਨੇ ਸ਼ਹਿਰੀ ਇਲਾਕਿਆਂ ਵਾਂਗ ਪਾਣੀ, ਹਵਾ ਤੇ ਵਾਤਾਵਰਨ ਨੂੰ ਦੂਸ਼ਿਤ ਕੀਤਾ ਹੈ ਤੇ ਜਿਸ ਨਾਲ ਪਿੰਡਾਂ ਵਿੱਚ ਵੀ ਅੱਜ ਹਰ ਦੂਸਰਾ ਵਿਅਕਤੀ ਬਿਮਾਰ ਹੈ। ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਸਮੇਂ ਦੀਆਂ ਸਰਕਾਰਾਂ ਦੇ ਨਾਲ ਅਸੀਂ ਵੀ ਸਭ ਇਸ ਦੇ ਜਿੰਮੇਵਾਰ ਹਾਂ।

ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮਨੁੱਖ ਨੂੰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਤੇ ਆਲਾ-ਦੁਆਲਾ ਸਵੱਛ ਕਰਨ ਦੇ ਉਦੇਸ਼ ਨਾਲ ਅਨੇਕਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ। ਸਰਕਾਰਾਂ ਵੱਲੋਂ ਧਰਤੀ ਹੇਠਾਂ ਪਾਣੀ ਦਾ ਪੱਧਰ ਦਿਨੋਂ ਦਿਨ ਘਟਣ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਤੇ ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅਨੇਕਾਂ ਯੋਜਨਾਵਾਂ ਨੂੰ ਸ਼ੁਰੂ ਕੀਤਾ ਗਿਆ ਤੇ ਕਈ ਸ਼ੁਰੂ ਕੀਤੀਆਂ ਜਾਣਗੀਆਂ, ਪਰ ਸਰਕਾਰਾਂ ਉਹਨਾਂ ਕਾਰਨਾਂ ਨੂੰ ਲੱਭਣ ਦਾ ਜਾਂ ਤਾਂ ਯਤਨ ਨਹੀਂ ਕਰ ਰਹੀਆਂ ਜਾਂ ਫਿਰ ਉਹਨਾਂ ਦਾ ਹੱਲ ਨਹੀਂ ਕਰਨਾ ਚਾਹੁੰਦੀਆਂ, ਜਿਸ ਨਾਲ ਧਰਤੀ ਹੇਠਾਂ ਪਾਣੀ ਦਾ ਪੱਧਰ ਉੱਚਾ ਹੋ ਸਕੇ।

ਇਹ ਵੀ ਪੜ੍ਹੋ : ਡਾਕਖਾਨੇ ਦੀ ਇਹ ਸਕੀਮ ਦੇਵੇਗੀ 2 ਲੱਖ 90 ਹਜ਼ਾਰ ਰੁਪਏ, ਜਾਣੋ ਕੀ ਹੈ ਸਕੀਮ?

ਵਰਣਨਯੋਗ ਹੈ ਕਿ ਇੱਕ ਪਾਸੇ ਧਰਤੀ ਹੇਠਾਂ ਪਾਣੀ ਦੀ ਮਾਤਰਾ ਘਟਦੀ ਜਾ ਰਹੀ ਹੈ, ਦੂਸਰੇ ਪਾਸੇ ਧਰਤੀ ਹੇਠਾਂ ਹੀ ਪਾਣੀ ਦੂਸ਼ਿਤ ਹੋ ਰਿਹਾ ਹੈ। ਉਸ ਲਈ ਸਰਕਾਰਾਂ ਦੇ ਨਾਲ-ਨਾਲ ਆਮ ਲੋਕ ਵੀ ਜ਼ਿੰਮੇਵਾਰ ਹਨ।

ਅੱਜ ਨਵੀਨੀਕਰਨ ਦੀ ਦੌੜ ਤੇ ਆਪਣੀਆਂ ਸਹੂਲਤਾਂ ਲਈ ਪਿੰਡਾਂ ਵਿੱਚ ਹਰ ਘਰ ਵਿੱਚ ਪਖਾਨੇ ਬਣਾਏ ਜਾ ਰਹੇ ਹਨ। ਇਹਨਾਂ ਪਾਖਨਿਆਂ ਦਾ ਗੰਦਾ ਪਾਣੀ ਧਰਤੀ ਵਿੱਚ ਟੈਂਕ ਬਣਾ ਕੇ ਉਹਨਾਂ ਵਿੱਚ ਪਾਇਆ ਜਾ ਰਿਹਾ ਹੈ। ਜਿਸ ਨਾਲ ਧਰਤੀ ਹੇਠ ਪਾਣੀ ਹੌਲੀ-ਹੌਲੀ ਦੂਸ਼ਿਤ ਹੋ ਰਿਹਾ ਹੈ, ਕਿਉਂਕਿ ਪਿੰਡਾਂ ਵਿੱਚ ਧਰਤੀ ਹੇਠਾਂ ਬਣੇ ਟੈਂਕ ਦੇ ਆਸ-ਪਾਸ ਹੀ ਪਾਣੀ ਲਈ ਬੋਰ ਕੀਤਾ ਹੋਣ ਕਾਰਨ ਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਰਿਹਾ ਹੈ, ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਿਉਂਕਿ ਸ਼ਹਿਰੀ ਇਲਾਕਿਆਂ ਵਾਂਗ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਸੀਵਰੇਜ ਸਿਸਟਮ ਨਹੀਂ ਹੁੰਦਾ।

ਅਸੀਂ ਸਾਰੇ ਐਸੀ ਦੌੜ ਦਾ ਹਿੱਸਾ ਖੁਦ ਬਣ ਰਹੇ ਹਾਂ, ਜੋ ਕੁਦਰਤੀ ਸੋਮਿਆਂ ਨੂੰ ਖਤਮ ਕਰਕੇ ਕੰਕਰੀਟ ਦਾ ਜੰਗਲ ਬਣਾ ਰਹੇ ਹਾਂ। ਇਹ ਸ਼ੁਰੂਆਤ ਅਸੀਂ ਆਪਣੇ ਘਰਾਂ ਤੋਂ ਕੀਤੀ ਹੈ। ਖੇਤੀਬਾੜੀ ਵਾਲੀ ਉਪਜਾਊ ਜ਼ਮੀਨ, ਜੋ ਅੰਨ ਪੈਦਾ ਕਰਦੀ ਹੈ, ਨਾਲ ਹੀ ਧਰਤੀ ਹੇਠਾਂ ਪਾਣੀ ਦੇ ਪੱਧਰ ਨੂੰ ਵੀ ਉੱਚਾ ਚੁੱਕਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ, ਅਸੀਂ ਨਵੀਨੀਕਰਨ ਦੀ ਦੌੜ ਵਿੱਚ ਉਸ ਨੂੰ ਹੀ ਖਤਮ ਕਰ ਰਹੇ ਹਾਂ। ਫਿਰ ਵਾਰੀ ਆਉਂਦੀ ਹੈ ਨਦੀਆਂ-ਨਾਲਿਆਂ ਤੇ ਦਰਿਆਵਾਂ ਵਿੱਚੋਂ ਨਿੱਕਲਣ ਵਾਲੀਆਂ ਨਹਿਰਾਂ, ਸੂਏ, ਕੱਸੀਆਂ, ਖਾਲ ਜਿਨ੍ਹਾਂ ਨੂੰ ਸਰਕਾਰਾਂ ਨੇ ਪੱਕੇ ਕਰਨਾ ਸ਼ੁਰੂ ਕਰ ਦਿੱਤਾ, ਜੋ ਧਰਤੀ ਹੇਠ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੁੰਦੇ ਸਨ। ਸਾਡੇ ਬਜੁਰਗ ਕਹਿੰਦੇ ਸਨ, ਥੋੜ੍ਹਾ ਜਿਹਾ ਟੋਆ ਪੁੱਟਦੇ ਪਾਣੀ ਨਿੱਕਲ ਆਉਂਦਾ ਸੀ, ਜਿੱਥੇ ਹੁਣ ਦੋ-ਤਿੰਨ ਸੌ ਫੁੱਟ ’ਤੇ ਪਾਣੀ ਆਉਂਦਾ ਹੈ।

ਪਾਣੀ ਦਾ ਪੱਧਰ ਘਟਣ ਦਾ ਮੁੱਖ ਕਾਰਨ ਝੋਨੇ ਦੀ ਫਸਲ ਨੂੰ ਮੰਨਿਆ ਜਾ ਰਿਹਾ ਹੈ | Natural Resources

ਸਰਕਾਰਾਂ ਵੱਲੋਂ ਧਰਤੀ ਹੇਠਾਂ ਪਾਣੀ ਦਾ ਪੱਧਰ ਘਟਣ ਦਾ ਮੁੱਖ ਕਾਰਨ ਝੋਨੇ ਦੀ ਫਸਲ ਨੂੰ ਮੰਨਿਆ ਜਾ ਰਿਹਾ ਹੈ। ਜੇਕਰ ਇਹੀ ਕਾਰਨ ਹੈ ਤਾਂ ਮੌਕੇ ਦੀਆਂ ਸਰਕਾਰਾਂ ਇਸ ’ਤੇ ਅਫੀਮ ਦੀ ਖੇਤੀ ਵਾਂਗ ਰੋਕ ਕਿਉਂ ਨਹੀਂ ਲਾ ਦਿੰਦੀਆਂ। ਪੰਜਾਬ ਦਰਿਆਵਾਂ ਦੀ ਧਰਤੀ ਹੋਣ ਦੇ ਬਾਵਜੂਦ ਅੱਜ 20 ਰੁਪਏ ਲੀਟਰ ਪਾਣੀ ਦੀ ਬੋਤਲ ਮਿਲ ਰਹੀ ਹੈ ਤੇ ਆਉਣ ਵਾਲੇ 25 ਤੋਂ 30 ਸਾਲ ਬਾਅਦ ਪੈਟਰੋਲ ਤੇ ਡੀਜ਼ਲ ਵਾਂਗ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਵਧਦੀ ਕੀਮਤ ਨੂੰ ਘੱਟ ਕਰਨ ਲਈ ਧਰਨੇ ਲਾਉਣ ਲਈ ਮਜਬੂਰ ਹੋਣਾ ਪਏਗਾ ਤੇ ਇਹੀ ਸਾਡੇ ਰਾਜਨੀਤਿਕ ਨੇਤਾ ਪਾਣੀ ਦੀਆਂ ਵਧਦੀ ਕੀਮਤਾਂ ’ਤੇ ਰਾਜਨੀਤਿਕ ਰੋਟੀਆਂ ਸੇਕਣਗੇ ਤੇ ਲੋਕ ਵੀ ਜਿੰਦਾਬਾਦ ਕਰਦੇ ਹੋਏ ਸਾਹੋ-ਸਾਹੀ ਹੋਣਗੇ।

ਜਦ ਤੱਕ ਇਹ ਸਮਾਂ ਆਵੇਗਾ ਤਦ ਤੱਕ ਹੋਰ ਮੁੱਦੇ ਇਸ ਮੁੱਦੇ ਦੇ ਮੁਕਾਬਲੇ ਛੋਟੇ ਹੋ ਜਾਣਗੇ ਤੇ ਸਰਕਾਰਾਂ ਦੇ ਡਿੱਗਣ ਤੇ ਬਣਨ ਦਾ ਕਾਰਨ ਵੀ ਇਹੀ ਮੁੱਦੇ ਹੋਣਗੇ। ਇਸ ਲਈ ਹੁਣ ਮੌਕਾ ਹੈ, ਆਪਣੇ ਵੱਲੋਂ ਕੀਤੀ ਜਾ ਰਹੀ ਭੁੱਲ ਨੂੰ ਆਪ ਹੀ ਸੁਧਾਰ ਲਿਆ ਜਾਵੇ, ਨਹੀਂ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੰਦਾਬਾਦ ਮੁਰਦਾਬਾਦ ਕਰਨ ਦਾ ਅਸੀਂ ਖੁਦ ਮੌਕਾ ਦੇਵਾਂਗੇ।

ਸਰਬਜੀਤ ਲੁਧਿਆਣਵੀ
ਮੋ. 98144-12483