ਬੁਢਾਪਾ ਪੈਨਸ਼ਨ ਲਈ ਉਮਰ ਸਬੂਤ ‘ਤੇ ਆ ਗਿਆ ਨਵਾਂ ਅਪਡੇਟ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ

Pension Update

ਬਜ਼ੁਰਗਾਂ ਦੀ ਖੱਜਲ-ਖੁਆਰੀ ਹੋਈ ਬੰਦ : ਡਾ. ਬਲਜੀਤ ਕੌਰ | Pension Update

ਚੰਡੀਗੜ੍ਹ। ਪੰਜਾਬ ਵਿੱਚ ਪੈਨਸ਼ਨਾਂ ਸਬੰਧੀ ਸਰਕਾਰ ਨੇ ਨਵਾਂ ਫ਼ੈਸਲਾ ਲਿਆ ਹੈ। ਬੀਤੇ ਦਿਨੀਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿਸ ਤੋਂ ਬਾਅਦ ਬੁਢਾਪਾ ਪੈਨਸ਼ਨ (Pension Update) ਦੇ ਨਵੇਂ ਯੋਗ ਵਿਅਕਤੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਨਵੀਂ ਪੈਨਸ਼ਨ ਲਵਾਉਣ ਵਾਲੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸਨ, ਵਿਧਵਾ ਅਤੇ ਬੇਘਰ ਨਿਆਸ਼ਰਿਤ ਇਸਤਰੀਆਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਲਈ, ਮਾਲੀ ਸਹਾਇਤਾ ਗਰਾਂਟ ਦੀ ਨਿਯਮਾਂਵਲੀ 1966 ਦੇ ਨਿਯਮਾਂ ਵਿੱਚ ਉਮਰ ਦੇ ਸਬੂਤ ਸਬੰਧੀ ਨਿਯਮ ਵਿੱਚ ਸੋਧ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਸਬੰਧੀ ਅਧਿਸੂਚਨਾ ਨੰ. 1970 ਮਿਤੀ 12 ਜੁਲਾਈ 2023 ਜਾਰੀ ਕੀਤੀ ਗਈ ਹੈ। ਨਵੀਂ ਸੋਧ ਅਨੁਸਾਰ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੋਟਰ ਕਾਰਡ ਜਾਂ ਵੋਟਰ ਲਿਸਟ ਜਾ ਜਨਮ ਸਰਟੀਫਿਕੇਟ ਜੋ ਕਿ ਸਮਰੱਥ ਅਥਾਰਟੀ ਤੋਂ ਜਾਰੀ ਹੋਇਆ ਹੋਵੇ ਜਾਂ ਦਸਵੀਂ ਦਾ ਸਰਟੀਫਿਕੇਟ ਪੇਸ਼ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਇਸ ਵਿੱਚ ਦਸਵੀਂ ਦਾ ਸਰਟੀਫਿਕੇਟ ਲਾਜਮੀ ਨਹੀਂ ਆਪਸ਼ਨਲ (ਚੋਣਵਾਂ) ਰੱਖਿਆ ਗਿਆ ਹੈ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਜੀਵਨ ਦੇਣ ਲਈ ਵਚਨਬੱਧ ਹੈ। ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ, ਬੇਘਰ ਨਿਆਸਰਿਤ ਇਸਤਰੀਆ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਲਈ ਪੈਨਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ

ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਫ਼ੈਸਲੇ ਤੋਂ ਬਾਅਦ ਪ੍ਰੇਸ਼ਾਨ ਹੋ ਰਹੇ ਬਜ਼ੁਰਗਾਂ ਨੂੰ ਰਾਹਤ ਮਿਲੇਗੀ। ਨਵੀਆਂ ਪੈਨਸ਼ਨਾਂ ਬੰਨ੍ਹਵਾਉਣ ਲਈ ਬਜ਼ੁਰਗਾਂ ਨੂੰ ਕਚਹਿਰੀਆਂ ਦੇ ਗੇੜੇ ਮਾਰਨੇ ਪੈ ਰਹੇ ਸਨ। ਪੰਜਾਬ ਦੇ ਵੱਡੀ ਗਿਣਤੀ ਬਜ਼ੁਰਗ ਅਜਿਹੇ ਹਨ ਜੋ ਕਦੇ ਸਕੂਲ ਹੀ ਨਹੀਂ ਗਏ ਜਾਂ ਫਿਰ ਉਨ੍ਹਾਂ ਆਪਣੇ ਸਰਟੀਫਿਕੇਟ ਸੰਭਾਲੇ ਹੀ ਨਹੀਂ ਉਹਨਾਂ ਨੂੰ ਇਹ ਦਸਤਾਵੇਜ ਪੂਰੇ ਕਰਨ ਬਹੁਤ ਹੀ ਮੁਸ਼ਕਿਲ ਸਨ।