ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ

Farmer Died
ਮ੍ਰਿਤਕ ਹਰਮਨ ਦੀ ਫਾਇਲ ਫੋਟੋ।

(ਗੁਰਪ੍ਰੀਤ ਸਿੰਘ) ਬਰਨਾਲਾ। ਨੇੜਲੇ ਪਿੰਡ ਧੂਰਕੋਟ ਵਿਖੇ ਪਸ਼ੂਆਂ ਲਈ ਅਚਾਰ ਬਣਾਉਣ ਸਮੇਂ ਟੋਆ ਪੁੱਟਣ ਸਮੇਂ ਟਰੈਕਟਰ ਪਲਟ ਜਾਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਧੂਰਕੋਟ ਆਪਣੇ ਖੇਤ ’ਚ ਪਸ਼ੂਆਂ ਲਈ ਮੱਕੀ ਦਾ ਅਚਾਰ ਬਣਾਉਣ ਲਈ ਟੋਆ ਪੁੱਟ ਰਿਹਾ ਸੀ ਤੇ ਅਚਾਨਕ ਟਰੈਕਟਰ ਪਲਟ ਗਿਆ ਤੇ ਕਿਸਾਨ ਟਰੈਕਟਰ ਦੇ ਹੇਠਾਂ ਆ ਗਿਆ। ਜਿਸ ਨੂੰ ਟਰੈਕਟਰ ਹੇਠੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਹੜ੍ਹ : ਅਕਾਸ਼ਦੀਪ ਦੀ ਭਾਲ ਲਈ ਫੌਜ ਵੱਲੋਂ ਚਲਾਇਆ ਗਿਆ ਰੈਸਕਿਊ ਅਪਰੇਸ਼ਨ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹਰਮਨ ਸਿੰਘ ਨੇ ਆਪਣੀ ਅੱਧਾ ਕਿੱਲਾ ਜ਼ਮੀਨ ਵਿਦੇਸ਼ ਜਾਣ ਦੀ ਇੱਛਾ ਨਾਲ ਵੇਚੀ ਸੀ ਅਤੇ ਥੋੜੇ ਹੀ ਦਿਨਾਂ ਬਾਅਦ ਉਸਨੇ ਵਿਦੇਸ਼ ਜਾਣਾ ਸੀ। ਮਿ੍ਰਤਕ ਆਪਣੇ ਪਿੱਛੇ 6 ਕੁ ਮਹੀਨਿਆਂ ਦਾ ਬੱਚਾ, ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਰੌਂਦਿਆ ਛੱਡ ਗਿਆ ਹੈ। ਥਾਣਾ ਰੂੜੇਕੇ ਕਲਾਂ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਿ੍ਰਤਕ ਹਰਮਨ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ।