ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂਹਰਸਹਾਏ ਦੇ ਪਿੰਡ ਦੋਨਾਂ ਮੱਤੜ (ਗਜ਼ਨੀ ਵਾਲਾ) ਦੇ ਕੋਲ ਦੀ ਲੰਘਦੇ ਸਤਲੁਜ ਦਰਿਆ (Satluj River) ਵਿੱਚ ਪਾਣੀ ਦੇ ਵੱਧਦੇ ਪੱਧਰ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਤੇ ਐੱਸਐੱਸਪੀ ਫਿਰੋਜਪੁਰ ਭੁਪਿੰਦਰ ਸਿੰਘ ਵਲੋਂ ਪਿੰਡ ਦੋਨਾਂ ਮੱਤੜ ਪਹੁੰਚ ਕੇ ਸਤਲੁਜ ਦਰਿਆ ਦਾ ਦੋਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵਲੋਂ ਸਾਰੀ ਸਥਿਤੀ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਕਿਸਾਨਾਂ ਤੇ ਉਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਦੋਨਾਂ ਮੱਤੜ ਦੇ ਸਰਕਾਰੀ ਸਕੂਲ ਨੂੰ ਰਲੀਫ਼ ਕੈਂਪ ਵਿੱਚ ਤਬਦੀਲ ਕੀਤਾ ਗਿਆ ਹੈ ਤੇ ਸਾਰੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਹੈ ਤੇ ਘਬਰਾਉਣ ਦੀ ਲੋੜ ਨਹੀਂ ਹੈ। ਇਸ ਮੌਕੇ ਉਹਨਾਂ ਦੇ ਨਾਲ ਗੁਰੂਹਰਸਹਾਏ ਦੇ ਐੱਸਡੀਐੱਮ ਸੂਰਜ ਕੁਮਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਦਫ਼ਤਰ ਇੰਚਾਰਜ ਬਲਵੰਤ ਸਿੰਘ ਲਾਡੀ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।