ਢਾਣੀ ਨੱਥਾ ਸਿੰਘ ਦਾ ਸੜਕੀ ਸੰਪਰਕ ਬਾਕੀ ਇਲਾਕੇ ਨਾਲੋ ਟੁੱਟਿਆ | Satluj in Fazilka
ਫਾਜਿਲਕਾ/ਜਲਾਲਾਬਾਦ (ਰਜਨੀਸ਼ ਰਵੀ)। ਵੱਖ-ਵੱਖ ਹੈੱਡਵਰਕਸਾਂ ਤੋਂ ਛੱਡੇ ਜਾ ਰਹੇ ਪਾਣੀ ਦਾ ਅਸਰ ਜ਼ਿਲ੍ਹਾ ਫਾਜ਼ਿਲਕਾ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ । ਹੁਸੈਨੀਵਾਲਾ ਹੈਡ ਤੋਂ ਛੱਡਿਆ ਜਾ ਰਿਹਾ ਪਾਣੀ ਅਗੇ ਜ਼ਿਲ੍ਹਾ ਫਾਜਿਲਕਾ ਵਿੱਚ ਆਉਣੇ ਸ਼ੁਰੂ ਹੋ ਗਿਆ ਜਿਸ ਬਾਰੇ ਜਿਲਾ ਪ੍ਰਸ਼ਾਸਨ ਵੱਲੋਂ ਅਗਾਉ ਸੂਚਿਤ ਕੀਤਾ ਜਾ ਰਿਹਾ ਸੀ। ਪਾਣੀ ਆਉਣ ਦੇ ਚੱਲਦਿਆ ਢਾਣੀ ਨੱਥਾ ਸਿੰਘ ਦਾ ਸੜਕੀ ਸੰਪਰਕ ਬਾਕੀ ਇਲਾਕੇ ਨਾਲੋਂ ਟੁੱਟ ਗਿਆ ਹੈ ਅਤੇ ਸਤਲੁਜ ਫਾਟ ਵਿੱਚ ਤੇਜੀ ਨਾਲ ਪਾਣੀ ਚੱਲ ਰਿਹਾ ਹੈ। (Satluj in Fazilka)
ਇਸ ਸੰਬਧੀ ਸਰਕਾਰੀ ਸੂਤਰਾ ਤੋਂ ਮਿਲੀ ਖਬਰ ਅਨੁਸਾਰ ਹੁਸੈਨੀਵਾਲਾ ਹੈੱਡ ਵਰਕਸ ਤੋਂ ਅੱਜ 1,01,193 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਪਾਣੀ ਦਾ ਇਕ ਹਿੱਸਾ ਫਾਜਿਲਕਾ ਜ਼ਿਲ੍ਹੇ ’ਚੋਂ ਲੰਘਦੀ ਸਤਲੁਜ ਦੀ ਕਰੀਕ ਤੱਕ ਆਵੇਗਾ। ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਹੈ ਅਤੇ ਹੜ੍ਹ ਕੰਟਰੋਲ ਨੰਬਰ ਫਾਜਿਲਕਾ 01638-262153 ਹੈ।
ਇਸ ਤਰ੍ਹਾਂ ਪਾਣੀ ਕਰਦਾ ਐ ਫਾਜ਼ਿਲਕਾ ’ਤੇ ਮਾਰ
ਇਥੇ ਵਰਨਣਯੋਗ ਹੈ ਕਿ ਸਤਲੁਜ ਤੇ ਬਿਆਸ ਦਰਿਆ ਆ ਕੇ ਹਰੀਕੇ ਹੈੱਡ ਵਰਕਸ ’ਤੇ ਮਿਲਦੇ ਹਨ। ਇਹ ਉਹ ਥਾਂ ਹੈ ਜਿਹੜਾ ਅਸੀ ਅੰਮਿ੍ਰਤਸਰ ਜਾਂਦੇ ਵੇਖਦੇ ਹਾਂ। ਇੱਥੋਂ ਜਦੋਂ ਪਾਣੀ ਸਤਲੁਜ ’ਚ ਛੱਡਿਆ ਜਾਂਦਾ ਹੈ ਤਾਂ ਇਹ ਹੁਸੈਨੀਵਾਲਾ (ਫਿਰੋਜਪੁਰ) ਪੁੱਜਦਾ ਹੈ। ਹੁਸੈਨੀਵਾਲਾ ਹੈਡ ਵਰਕਸ ਉਹ ਜਗ੍ਹਾ ਹੈ ਜੋ ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਹੁਸੈਨੀਵਾਲਾ ਜਾਂਦੇ ਸਮੇ ਵੇਖਦੇ ਹਾਂ। ਇਥੇ ਦੱਸ ਦਈਏ ਕਿ ਜਿਹੜਾ ਪਾਣੀ ਹੁਸੈਨੀਵਾਲਾ ਤੋਂ ਛੱਡਿਆ ਜਾਂਦਾ ਹੈ ਉਹ ਫਾਜ਼ਿਲਕਾ ਜ਼ਿਲ੍ਹੇ ’ਚ ਮਾਰ ਕਰਦਾ ਹੈ ਕਿਉਕਿ ਅਗੇ ਆ ਕੇ ਸਤਲੁਜ ਦਰਿਆ ਦੀਆਂ ਕਈ ਫਾਟਾਂ ਦੋਹਾਂ ਦੇਸ਼ਾਂ ਵੱਲੋ ਨਾਗਵਲ ਖਾਂਦੀਆਂ ਆਉਦੀ ਹਨ। ਕਿਧਰੇ ਦਰਿਆ ਦਾ ਪਾਣੀ ਪਕਿਸਤਾਨ ਅਤੇ ਕਿਤੇ ਭਾਰਤ ਵਿੱਚ ਦਾਖਲ ਹੁੰਦਾ ਰਹਿੰਦਾ ਹੈ।