ਹਾਦਸੇ ਦੇ ਕਾਰਨਾਂ ਸਬੰਧੀ ਕੁਝ ਵੀ ਕਹਿਣਾ ਫ਼ਿਲਹਾਲ ਮੁਨਾਸਿਬ ਨਹੀਂ : ਥਾਣਾ ਮੁਖੀ | Sirhind Canal
ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਦੁਪਿਹਰ ਸਮੇਂ ਪਏ ਮੀਂਹ ਦੌਰਾਨ ਲੁਧਿਆਣਾ ਜ਼ਿਲੇ ਦੇ ਦੋਰਾਹਾ ਵਿਖੇ ਸਰਹਿੰਦ ਨਹਿਰ (Sirhind Canal) ’ਚ ਇੱਕ ਅਲਟੋ ਕਾਰ ਡਿੱਗਣ ਕਾਰਨ ਇੱਕ ਮਹਿਲਾ ਸਮੇਤ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਅਚਾਨਕ ਡਿੱਗੀ ਜਾਂ ਕੋਈ ਹੋਰ ਮਾਮਲਾ ਹੈ ਇਸ ਬਾਰੇ ਪੁਲਿਸ ਤਫਤੀਸ ’ਚ ਜੁਟ ਗਈ ਹੈ। ਫ਼ਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੀਬੀ- 15 ਈ-8529 ਨੰਬਰੀ ਅਲਟੋ ਕਾਰ ਦੇ ਨਹਿਰ ’ਚ ਡਿੱਗਦਿਆਂ ਹੀ ਮੌਜੂਦ ਲੋਕਾਂ ਨੇ ਰੌਲਾ ਪਾਇਆ ਤਾਂ ਨੇੜੇ ਹੀ ਚੌਂਕ ’ਚ ਮੌਜੂਦ ਪੁਲਿਸ ਕਰਮਚਾਰੀਆਂ ਨੇ ਗੋਤਾਖੋਰਾਂ ਨੂੰ ਬੁਲਾਇਆ ਅਤੇ ਰਾਹਗੀਰਾਂ ਦੀ ਮੱਦਦ ਨਾਲ ਭਾਰੀ ਮੁਸ਼ੱਕਤ ਨਾਲ ਕਾਰ ਨੂੰ ਨਹਿਰ ’ਚੋਂ ਕੱਢ ਲਿਆ ਗਿਆ ਪਰ ਤਦ ਤੱਕ ਕਾਰ ’ਚ ਸਵਾਰ ਬਿਰਧ ਮਹਿਲਾ ਅਤੇ ਪੁਰਸ ਦੀ ਮੌਤ ਹੋ ਚੁੱਕੀ ਸੀ। ਜਿੰਨਾਂ ਦੀ ਪਛਾਣ ਨਹੀਂ ਹੋ ਸਕੀ। ਨਾ ਹੀ ਦੋਵਾਂ ਦੇ ਆਪਸੀ ਰਿਸਤਿਆਂ ਬਾਰੇ ਕੁੱਝ ਵੀ ਪਤਾ ਲੱਗਾ ਹੈ।
ਇਹ ਵੀ ਪੜ੍ਹੋ : ਖ਼ਰਾਬ ਮੌਸਮ ਦੌਰਾਨ ਇਹ ਜਾਣਕਾਰੀ ਤੁਹਾਡੇ ਲਈ ਹੋ ਸਕਦੀ ਹੈ ਲਾਹੇਵੰਦ
ਗੋਤਾਖੋਰਾਂ ਮੁਤਾਬਕ ਜਿਸ ਜਗਾ ਤੋਂ ਕਾਰ ਨਹਿਰ ’ਚ ਡਿੱਗੀ ਹੈ, ਉਸ ਜਗਾ ’ਤੇ ਨਾ ਹੀ ਕੋਈ ਪੱਥਰ ਮੌਜੂਦ ਹੈ ਅਤੇ ਨਾ ਹੀ ਉਥੇ ਕੋਈ ਆਵਾਜਾਈ ਦਾ ਵਿਘਨ ਹੈ। ਇਸ ਲਈ ਪੁਲਿਸ ਮਾਮਲੇ ਨੂੰ ਵੱਖ ਵੱਖ ਪੱਖਾਂ ਤੋਂ ਵਾਚ ਰਹੀ ਹੈ। ਘਟਨਾ ਕੁਦਰਤੀ ਵਾਪਰੀ ਹੈ ਜਾਂ ਫ਼ਿਰ ਕੋਈ ਹੋਰ ਮਾਮਲਾ ਹੈ, ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਥਾਣਾ ਦੋਰਾਹਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਕਾਰ ਨੂੰ ਨਹਿਰ ’ਚ ਕੱਢ ਲਿਆ ਗਿਆ ਹੈ ਪਰ ਕਾਰ ਸਵਾਰ ਮਹਿਲਾ ਤੇ ਪੁਰਸ ਦੀ ਮੌਤ ਹੋ ਚੁੱਕੀ ਹੈ। ਉਨਾਂ ਕਿਹਾ ਕਿ ਪੁਲਿਸ ਦਾ ਪਹਿਲਾ ਕੰਮ ਮਿ੍ਰਤਕਾਂ ਦੀ ਪਛਾਣ ਕਰਨਾ ਹੈ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਕਾਰ ਦੇ ਨਹਿਰ ’ਚ ਡਿੱਗਣ ਦੇ ਕਾਰਨਾਂ ਬਾਰੇ ਫ਼ਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ।