ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੰਨਾ ਵਿਖੇ ਨੈਸ਼ਨਲ ਹਾਈਵੇ ’ਤੇ ਬਣੇ ਫਲਾਈਓਵਰ ਉੱਪਰ ਇਕ ਤੇਜ ਰਫਤਾਰ ਆਲਟੋ ਨੇ ਮੋਟਰਸਾਇਕਲ ਨੂੰ (Road Accident) ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਇਕਲ ਸਵਾਰ 3 ਲੋਕ ਜਖਮੀ ਹੋ ਗਏ ਤੇ 4 ਸਾਲਾ ਮਾਸੂਮ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਉੱਤਮ ਦੀਪ ਸਿੰਘ ਵਾਸੀ ਪਿੰਡ ਅਤਾਪੁਰ ਆਪਣੇ ਸਹੁਰੇ ਨੂੰ ਮਿਲਣ ਲਈ ਮਾਛੀਵਾੜਾ ਸਾਹਿਬ ਗਿਆ ਹੋਇਆ ਸੀ। ਉਸ ਦੇ ਨਾਲ ਉਸ ਦੀ ਪਤਨੀ, 4 ਸਾਲ ਦਾ ਬੇਟਾ ਬਿਪਨਜੋਤ ਸਿੰਘ ਅਤੇ 8 ਮਹੀਨੇ ਦਾ ਇਕ ਹੋਰ ਬੇਟਾ ਮੋਟਰਸਾਈਕਲ ’ਤੇ ਸਹੁਰੇ ਘਰ ਤੋਂ ਵਾਪਸ ਆ ਰਹੇ ਸਨ। ਜਦ ਉਹ ਬੱਸ ਸਟੈਂਡ ਨੇੜੇ ਫਲਾਈਓਵਰ ’ਤੇ ਪਹੁੰਚੇ ਤਾਂ ਇੱਕ ਤੇਜ ਰਫਤਾਰ ਆਲਟੋ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਉੱਤਮ ਦੀਪ ਸਿੰਘ ਨੇ ਦੱਸਿਆ ਕਿ ਕਾਰ ਦੀ ਰਫਤਾਰ ਤੇਜ ਸੀ। ਉਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਕਾਰ ਨੇ ਉਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਅਚਾਨਕ ਟੱਕਰ ਵੱਜਣ ਕਾਰਨ ਉਹ ਦੂਜੇ ਪਾਸੇ ਜਾ ਡਿੱਗੇ। ਜਦ ਉਨਾਂ ਨੂੰ ਹੋਸ ਆਈ ਤਾਂ ਉਸ ਦੀ ਪਤਨੀ ਅਤੇ ਦੋਵੇਂ ਬੱਚੇ ਸੜਕ ’ਤੇ ਖੂਨ ਨਾਲ ਲੱਥਪੱਥ ਪਏ ਸਨ। ਰਾਹਗੀਰਾਂ ਨੇ ਐਂਬੂਲੈਂਸ ਦੀ ਮੱਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ਼ ਦੌਰਾਨ ਉੱਤਮ ਦੀਪ ਸਿੰਘ ਦੇ 4 ਸਾਲਾ ਪੁੱਤਰ ਬਿਪਨਜੋਤ ਸਿੰਘ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਪਿੱਛੋਂ ਭੱਜਣ ਦੀ ਕੋਸ਼ਿਸ ਕੀਤੀ। (Road Accident)
ਇਹ ਵੀ ਪੜ੍ਹੋ : ਸਕੂਟੀ ਸਵਾਰ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਕਾਰਨ ਮੌਤ
ਜਿਸ ਨੂੰ ਇੱਕ ਇਨੋਵਾ ਗੱਡੀ ’ਚ ਸਵਾਰ ਵਿਅਕਤੀ ਨੇ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਲਟੋ ਕਾਰ ਦਾ ਡਰਾਈਵਰ ਪਾਣੀਪਤ ਦਾ ਰਹਿਣ ਵਾਲਾ ਹੈ ਜੋ ਲੁਧਿਆਣਾ ਤੋਂ ਵਾਪਸ ਜਾ ਰਿਹਾ ਸੀ। ਸਿਵਲ ਹਸਪਤਾਲ ਦੇ ਡਾਕਟਰ ਆਕਾਸ ਗੋਇਲ ਨੇ ਦੱਸਿਆ ਕਿ ਹਾਦਸੇ ’ਚ 4 ਵਿਅਕਤੀ ਜਖਮੀ ਹੋਏ ਹਨ। ਪਤੀ-ਪਤਨੀ ਸਮੇਤ ਦੋ ਜਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਜਿੰਨਾਂ ’ਚੋਂ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ। ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਸਿਟੀ ਥਾਣਾ 1 ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਸੜਕ ਹਾਦਸਾ ਵਾਪਰਨ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਜਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਦੇ ਅਧਾਰ ’ਤੇ ਕਾਰ ਚਾਲਕ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੋਸਟਮਾਰਟਮ ਉਪਰੰਤ ਮਿ੍ਰਤਕ ਬੱਚੇ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।