ਪੜ੍ਹਾਈ-ਲਿਖਾਈ ਦੇ ਸਮੇਂ ਅਕਸਰ ਬੱਚੇ ਆਪਣੇ ਵਿਸ਼ਿਆਂ ਦੀ ਚੋਣ ਅਤੇ ਕਰੀਅਰ ਨੂੰ ਲੈ ਕੇ ਉਲਝੇ ਰਹਿੰਦੇ ਹਨ। ਕਈ ਵਾਰ ਤਾਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਇਸ ਉਮਰ ਵਿੱਚ ਜ਼ਿਆਦਾਤਰ ਬੱਚੇ ਇੰਨੇ ਸਮਝਦਾਰ ਨਹੀਂ ਹੁੰਦੇ ਕਿ ਵੱਡੇ ਫ਼ੈਸਲੇ ਲੈ ਸਕਣ। ਕਈ ਵਾਰ ਬੱਚੇ ਆਪਣੇ ਦੋਸਤਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੇਖ ਕੇ ਉਲਝ ਜਾਂਦੇ ਹਨ। ਅਜਿਹੇ ਸਮੇਂ ਵਿੱਚ ਜੇਕਰ ਮਾਤਾ-ਪਿਤਾ ਅਤੇ ਅਧਿਆਪਕ ਰਲ-ਮਿਲ ਕੇ ਬੱਚੇ ਨੂੰ ਠੀਕ ਅਗਵਾਈ ਨਹੀਂ ਦਿੰਦੇ ਤਾਂ ਉਹ ਗ਼ਲਤ ਫ਼ੈਸਲਾ ਲੈ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਅੰਦਰ ਬਿਜਲੀ ਦੀ ਮੰਗ ਪੰਦਰ੍ਹਾਂ ਹਜ਼ਾਰ ਮੈਗਾਵਾਟ ਨੇੜੇ ਪੁੱਜੀ
ਛੋਟੀ ਉਮਰੇ ਬੱਚਿਆਂ ਦੀ ਪਸੰਦ ਅਤੇ ਰੁਚੀਆਂ ਅਕਸਰ ਬਦਲਦੀਆਂ ਰਹਿੰਦੀਆਂ ਹਨ। ਕਿਸੇ ਇੱਕ ਪੇਸ਼ੇਵਰ ਕੋਰਸ ਵਿੱਚ ਦਾਖਲਾ ਲੈਣ ਦੇ ਕੁੱਝ ਮਹੀਨੇ ਬਾਅਦ ਹੀ ਉਹ ਉੱਥੇ ਜਾਣ ਤੋਂ ਮਨ੍ਹਾ ਕਰਨ ਲੱਗਦੇ ਹਨ। ਅਜਿਹੀ ਸਥਿਤੀ ਵਿੱਚ ਮਾਪੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਜਾਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੱਚਿਆਂ ਵਿੱਚ ਉਲਝਣ ਪੈਦਾ ਹੀ ਕਿਉਂ ਹੁੰਦੀ ਹੈ। ਇਸ ਦਾ ਕਾਰਨ ਹੈ ਕਿ ਕੁੱਝ ਬੱਚਿਆਂ ਕੋਲ ਆਪਣੀਆਂ ਰੁਚੀਆਂ ਨੂੰ ਲੈ ਕੇ ਸਪੱਸ਼ਟ ਦਿ੍ਰਸ਼ਟੀਕੋਣ ਨਹੀਂ ਹੁੰਦਾ। ਉਨ੍ਹਾਂ ਨੂੰ ਇਕੱਠੇ ਕਈ ਕਰੀਅਰ ਵਿਕਲਪ ਆਕਰਸ਼ਿਤ ਕਰਦੇ ਹਨ। ਇਸ ਨਾਲ ਉਹ ਦੁਚਿੱਤੀ ਵਿੱਚ ਪੈ ਜਾਂਦੇ ਹਨ। ਮੰਨਦੇ ਹਾਂ ਕਿ ਕੁਝ ਬੱਚੇ ਬਹੁਪੱਖੀ ਪ੍ਰਤਿਭਾ ਦੇ ਧਨੀ ਹੁੰਦੇ ਹਨ।
ਕੋਈ ਵਿਦਿਆਰਥੀ ਗਣਿਤ ਵਿੱਚ ਬਹੁਤ ਚੰਗੇ ਅੰਕ ਹਾਸਲ ਕਰਦਾ ਹੈ ਅਤੇ ਖੇਡਾਂ ਵਿੱਚ ਵੀ ਸਭ ਤੋਂ ਅੱਗੇ ਰਹਿੰਦਾ ਹੈ। ਅਜਿਹੇ ਵਿੱਚ ਉਸ ਦੇ ਮਨ ਵਿੱਚ ਕਰੀਅਰ ਦੀ ਚੋਣ ਨੂੰ ਲੈ ਕੇ ਦੁਚਿੱਤੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ-ਆਪ ਵੀ ਕਰੀਅਰ ਦੇ ਵੱਖਰੇ ਵਿਕਲਪਾਂ ਪ੍ਰਤੀ ਜਾਗਰੂਕ ਬਣਨ। ਆਪਣੇ ਬੱਚੇ ਦਾ ਨਤੀਜਾ ਅਤੇ ਉਸ ਦਾ ਰੁਝੇਵਾਂ ਵੇਖਦੇ ਹੋਏ ਉਸ ਨੂੰ ਠੀਕ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੋ ਬੱਚੇ ਨੂੰ ਪੁੱਛੋ ਕਿ ਭਵਿੱਖ ਵਿੱਚ ਉਹ ਕੀ ਬਣਨਾ ਚਾਹੁੰਦਾ ਹੈ।
ਇਸ ਆਧਾਰ ’ਤੇ ਉਸ ਨੂੰ ਕਰੀਅਰ ਚੁਣਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਇੰਜ ਹੀ ਅਧਿਆਪਕ ਸਮੂਹਿਕ ਤੌਰ ’ਤੇ ਬੱਚਿਆਂ ਦੀ ਅਗਵਾਈ ਕਰਨ। ਜੇਕਰ ਬੱਚੇ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਖੇਤਰਾਂ ਵਿੱਚ ਰੁਚੀ ਹੈ ਤਾਂ ਉਸ ਨੂੰ ਸਮਝਾਓ ਕਿ ਕਿਸੇ ਇੱਕ ਨੂੰ ਉਹ ਮੁੱਖ ਵਿਸ਼ਾ ਜਾਂ ਮੁੱਖ ਕਰੀਅਰ ਦੇ ਰੂਪ ਵਿੱਚ ਚੁਣੇ।
ਆਪਣੇ ਕਰੀਅਰ ਦੀ ਚੋਣ ਕਰਦੇ ਸਮੇਂ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ | Career Guidance
- ਇਹ ਪਤਾ ਲਾਓ ਕਿ ਤੁਸੀਂ ਕਿਸ ਚੀਜ਼ ਵਿੱਚ ਚੰਗੇ ਹੋ ਅਤੇ ਤੁਸੀਂ ਕੁਦਰਤੀ ਤੌਰ ’ਤੇ ਕੀ ਕਰਨਾ ਪਸੰਦ ਕਰਦੇ ਹੋ-ਲਗਭਗ ਸਾਰੇ ਵਿਦਿਆਰਥੀ ਕਿਸੇ ਨਾ ਕਿਸੇ ਵਿਸ਼ੇ ਵਿੱਚ ਬਹੁਤ ਚੰਗੇ ਹੁੰਦੇ ਹਨ, ਜਿਸ ਨੂੰ ਉਹ ਆਪਣਾ ਪਸੰਦੀਦਾ ਵਿਸ਼ਾ ਵੀ ਕਹਿੰਦੇ ਹਨ। ਇਸ ਲਈ ਜੇਕਰ ਵਿਦਿਆਰਥੀ ਆਪਣੇ ਮਨਪਸੰਦ ਵਿਸ਼ੇ ਨਾਲ ਸਬੰਧਿਤ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਗੇ ਤਾਂ ਉਹ ਆਪਣੇ ਕੰਮ ਦਾ ਅਨੰਦ ਵੀ ਮਾਣਨਗੇ ਅਤੇ ਇਸ ਨੂੰ ਬਿਹਤਰ ਢੰਗ ਨਾਲ ਵੀ ਕਰਨਗੇ।
- ਜੇਕਰ ਤੁਹਾਡੀ ਇੱਛਾ ਹੈ ਕਿ ਮੈਂ ਅਮੀਰ ਬਣਨਾ ਚਾਹੁੰਦਾ ਹਾਂ ਤਾਂ ਅਜਿਹਾ ਕਰੀਅਰ ਚੁਣੋ ਜਿਸ ਨਾਲ ਤੁਸੀਂ ਜ਼ਿਆਦਾ ਪੈਸਾ ਕਮਾ ਸਕੋ ਅਤੇ ਅਮੀਰ ਬਣ ਸਕੋ। ਉਦਾਹਰਨ ਲਈ, ਵਿਗਿਆਨ, ਤਕਨਾਲੋਜੀ, ਵਿੱਤ, ਦਵਾਈ ਆਦਿ।
- ਅਸੀਂ ਇਸ ਵੇਲੇ 21ਵੀਂ ਸਦੀ ਵਿੱਚ ਰਹਿ ਰਹੇ ਹਾਂ ਤੇ ਇਹ ਸਦੀ ਹੈ ਇੰਟਰਨੈੱਟ, ਡਿਜ਼ੀਟਲ ਤਕਨਾਲੋਜੀ, ਆਟੋਮੇਸ਼ਨ ਦੀ। ਇਨ੍ਹਾਂ ਸਾਰੇ ਖੇਤਰਾਂ ਵਿੱਚ ਕਰੀਅਰ ਦੇ ਬਹੁਤ ਸਾਰੇ ਵਿਕਲਪ ਉਪਲੱਬਧ ਹਨ, ਜਿਨ੍ਹਾਂ ਵਿੱਚ ਕੋਈ ਵੀ ਕਰੀਅਰ ਬਣਾ ਸਕਦਾ ਹੈ। ਪਰ ਯਾਦ ਰੱਖੋ ਕਿ ਸਿਰਫ ਇੱਕ ਖੇਤਰ ਵਿੱਚ ਕਰੀਅਰ ਬਣਾਓ, ਸਾਰੇ ਖੇਤਰਾਂ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੋ।
- ਇੰਟਰਨੈੱਟ ’ਤੇ ਹਮੇਸ਼ਾ ਹੀ ਕਰੀਅਰ ਦੇ ਨਵੇਂ ਵਿਕਲਪ ਆਉਂਦੇ ਰਹਿੰਦੇ ਹਨ, ਤੁਹਾਨੂੰ ਸਿਰਫ਼ ਇਸ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਸਿਰਫ਼ ਸੀਮਤ ਕਰੀਅਰ ਵਿਕਲਪਾਂ ਬਾਰੇ ਹੀ ਜਾਣਦੇ ਹਾਂ। ਜਿਵੇਂ ਕਿ ਡਾਕਟਰ, ਇੰਜੀਨੀਅਰ, ਮੈਨੇਜਰ ਆਦਿ ਅਤੇ ਅਸੀਂ ਉਸ ਆਧਾਰ ’ਤੇ ਆਪਣਾ ਫੈਸਲਾ ਲੈਂਦੇ ਹਾਂ। ਪਰ ਜਦੋਂ ਤੁਸੀਂ ਇੰਟਰਨੈੱਟ ’ਤੇ ਖੋਜ ਕਰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਇੱਕੋ ਖੇਤਰ ਵਿੱਚ ਬਹੁਤ ਸਾਰੇ ਕਰੀਅਰ ਵਿਕਲਪ ਹਨ, ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਵਿੱਚੋਂ ਕੁਝ ਪਸੰਦ ਕਰੋ।
- ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਇੰਟਰਨੈਟ ’ਤੇ ਬਹੁਤ ਸਾਰਾ ਗਿਆਨ ਮਿਲਦਾ ਹੈ। ਪਰ ਇੰਟਰਨੈੱਟ ’ਤੇ ਕੁਝ ਸਮੱਗਰੀ ਗੁੰਮਰਾਹ ਕਰਨ ਵਾਲੀ ਹੁੰਦੀ ਹੈ, ਜਦੋਂਕਿ ਕੁਝ ਸਮੱਗਰੀ ਅਧੂਰੀ ਹੁੰਦੀ ਹੈ। ਕਈ ਵਾਰ ਅਜਿਹੀ ਸਮੱਗਰੀ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ। ਜ਼ਰੂਰਤ ਹੈ ਮਾਹਿਰਾਂ ਵੱਲੋਂ ਸਹੀ ਸਲਾਹ ਦੀ।
- ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਦੋਸਤਾਂ ਤੋਂ ਸਲਾਹ ਲਓ। ਜੇਕਰ ਆਪਣੇ ਮਨ ਵਿੱਚ ਕੋਈ ਕਰੀਅਰ ਆਈਡੀਆ, ਕਰੀਅਰ ਨਾਲ ਜੁੜਿਆ ਕੋਈ ਸਵਾਲ ਜਾਂ ਕੋਈ ਉਲਝਣ ਹੈ, ਤਾਂ ਇਹ ਹੋਰਨਾਂ ਨਾਲ ਸਾਂਝਾ ਕਰੋ, ਤਾਂ ਜੋ ਉਹ ਤੁਹਾਡੀ ਉਲਝਣ ਨੂੰ ਦੂਰ ਕਰਨ ਅਤੇ ਸਹੀ ਵਿਕਲਪ ਚੁਣਨ ਵਿੱਚ ਤੁਹਾਡੀ ਮੱਦਦ ਕਰ ਸਕਣ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਲੋਕਾਂ ਨੂੰ ਵੀ ਮਿਲ ਸਕਦੇ ਹੋ ਜੋ ਉਸ ਖੇਤਰ ਵਿੱਚ ਹਨ ਜਿਸ ਖੇਤਰ ਵਿੱਚ ਤੁਸੀਂ ਕਰੀਅਰ ਬਣਾਉਣਾ ਚਾਹੁੰਦੇ ਹੋ।
- ਇਸ ਲਈ ਕਦੇ ਵੀ ਬੱਚੇ ਉੱਤੇ ਬਹੁਤ ਜ਼ਿਆਦਾ ਦਬਾਅ ਨਾ ਪਾਓ। ਬੱਚੇ ਜੇਕਰ ਗ਼ਲਤ ਫ਼ੈਸਲਾ ਕਰ ਲੈਣ ਤਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਓ, ਪਰ ਉਸ ਤੋਂ ਪਹਿਲਾਂ ਤੁਸੀਂ ਉਸ ਕਰੀਅਰ ਨਾਲ ਜੁੜੀਆਂ ਸਾਰੀਆਂ ਸੰਭਾਵਨਾਵਾਂ ਬਾਰੇ ਪਤਾ ਕਰ ਲਵੋ। ਬੱਚਾ ਆਪਣੀ ਪ੍ਰਤਿਭਾ ਆਪ ਪਛਾਣਦਾ ਹੈ, ਆਪਾਂ ਤਾਂ ਬੱਸ ਉਸ ਨੂੰ ਨਿਖਾਰਨ ਵਿੱਚ ਸਹਾਇਤਾ ਕਰਨੀ ਹੈ।