ਬਠਿੰਡਾ ’ਚ ਝੋਨੇ ਦੀ ਲੁਆਈ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਕਰਨਾ ਪਿਆ ਬਿਜਲੀ ਦੇ ਕੱਟਾਂ ਦਾ ਸਾਹਮਣਾ | Electricity in Punjab
ਸੰਗਤ ਮੰਡੀ (ਮਨਜੀਤ ਨਰੂਆਣਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਸੂਬਾ ਵਾਸੀਆਂ ਨਾਲ ਇਹ ਦਾਅਵਾ ਕੀਤਾ ਸੀ ਕਿ ਬਿਜਲੀ ਦੇ ਕੱਟ ਤਾਂ ਦੂਰ ਬਿਜਲੀ ਚਬੱਕਾ ਵੀ ਨਹੀਂ ਮਾਰੇਗੀ, ਪਰ ਬਠਿੰਡਾ ਜ਼ਿਲ੍ਹੇ ’ਚ ਝੋਨੇ ਦੀ ਲੁਆਈ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਤੇਜ਼ ਗਰਮੀ ਦੇ ਬਾਵਜੂਦ ਬਿਜਲੀ ਕੱਟਾਂ (Electricity in Punjab) ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪੈਂਦੀ ਤੇਜ਼ ਗਰਮੀ ਤੇ ਲੂ ਨੇ ਲੋਕਾਂ ਨੂੰ ਹਾਲੋਬੇਹਾਲ ਕਰ ਰੱਖਿਆ ਹੈ, ਉਪਰੋ ਸਿਖ਼ਰ ਦੁਪਹਿਰੇ ਬਿਜਲੀ ਦੇ ਲੱਗਦੇ ਕੱਟਾਂ ਨੇ ਲੋਕਾਂ ਦਾ ਕੰਚੂਬਰ ਕੱਢ ਦਿੱਤਾ। ਬਠਿੰਡਾ ਜ਼ਿਲ੍ਹੇ ’ਚ ਸਰਕਾਰ ਵੱਲੋਂ ਐਲਾਨੀ ਤਰੀਕ ਮੁਤਾਬਕ ਝੋਨਾ ਲਗਾਉਣ ਦਾ ਅੱਜ ਪਹਿਲਾ ਦਿਨ ਸੀ, ਉਸੇ ਦਿਨ ਹੀ ਪਿੰਡਾਂ ’ਚ ਬਠਿੰਡਾ ਦਿਹਾਤੀ ਦੇ ਬਹੁਤੇ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਤਾਂ ਦੁਪਹਿਰ ਸਮੇਂ ਤੇਜ਼ ਗਰਮੀ ਤੇ ਲੋਅ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਉਪਰੋ ਬਿਜਲੀ ਕੱਟਾਂ ਨੇ ਪ੍ਰੇਸ਼ਾਨੀਆਂ ’ਚ ਵਾਧਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਬਿਜਲੀ ਸ਼ਾਮ ਸਮੇਂ ਰੋਟੀ ਖਾਣ ਵਕਤ ਚਲੀ ਜਾਂਦੀ ਹੈ, ਜਿਹੜੇ ਗਰੀਬ ਘਰਾਂ ’ਚ ਜਨਰੇਟਰ ਜਾਂ ਇਨਵਰਟਰ ਨਹੀਂ ਹੁੰਦਾ ਉਨ੍ਹਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਪਹਿਰ ਸਮੇਂ ਗਰਮੀਆਂ ਜਿਆਦਾ ਹੋਣ ਕਾਰਨ ਬਜ਼ੁਰਗਾਂ ਅਤੇ ਔਰਤਾਂ ਵੱਲੋਂ ਪੱਖੀ ਝੱਲ ਕੇ ਬਹੁਤ ਔਖਾ ਸਮਾਂ ਬਤੀਤ ਕੀਤਾ। ਜਦ ਇਸ ਸਬੰਧੀ ਸਬ ਡਵੀਜਨ ਸੰਗਤ ਦੇ ਐੱਸਡੀਓ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੋਲ ਟੁੱਟਣ ਕਾਰਨ ਕਈ ਪਿੰਡਾਂ ’ਚ ਦੁਪਹਿਰ ਸਮੇਂ ਬਿਜ਼ਲੀ ਦੇ ਕੱਟ ਲਗਾਉਣੇ ਪਏ, ਪੋਲ ਨੂੰ ਠੀਕ ਕਰਨ ਲਈ ਮੁਲਾਜ਼ਮ ਲੱਗੇ ਹੋਏ ਹਨ, ਉਂਝ ਪਿੱਛੋ ਬਿਜ਼ਲੀ ਦੇ ਕੋਈ ਕੱਟ ਨਹੀਂ ਹਨ।