(ਕੁਲਦੀਪ ਰਾਜ) ਕੋਟਕਪੂਰਾ। ਕੋਟਕਪੂਰਾ (ਸ਼ਹਿਰੀ) ਪੁਲਿਸ ਨੇ ਇੱਕ ਟਰਾਂਸਪੋਰਟ ਦੇ ਦਫਤਰ ‘ਤੇ ਹਮਲਾ ਕਰਨ, ਕੁੱਟਮਾਰ ਕਰਨ ਅਤੇ ਨਗਦੀ ਖੋਹਣ ਦੇ ਦੋਸ਼ ‘ਚ ਆਮ ਆਦਮੀ ਪਾਰਟੀ ਦੇ 25 ਵਰਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਦਲਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਕੋਟਕਪੂਰਾ ਦੇ ਬਿਆਨ ‘ਤੇ ਦਰਜ ਹੋਇਆ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਗਤਾਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦਰਜ ਐੱਫ.ਆਈ.ਆਰ. ਮੁਤਾਬਕ 4 ਫਰਵਰੀ ਨੂੰ ਚੋਣਾਂ ਵਾਲੇ ਦਿਨ ਕਮਲਜੀਤ ਸਿੰਘ, ਲਵੀ ਦਿਓੜਾ, ਗਿਫਟੀ ਮਨਚੰਦਾ, ਪ੍ਰਦੀਪ ਸਿਵੀਆ, ਕਾਲਾ ਸਿੰਘ ਅਤੇ ਬੱਸੀ ਆਪਣੇ ਕਰੀਬ 20 ਹੋਰ ਅਣਪਛਾਤੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈੱਸ ਹੋ ਕੇ ਸ਼ਹੀਦ ਭਗਤ ਸਿੰਘ ਕਾਲਜ ਰੋਡ ‘ਤੇ ਘੁੰਮ ਰਹੇ ਸਨ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਉਸ ‘ਤੇ ਦੋਸ਼ ਲਾਇਆ ਕਿ ਉਹ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਹੱਕ ‘ਚ ਵੋਟਰਾਂ ਨੂੰ ਪੈਸੇ ਵੰਡ ਰਿਹਾ ਹੈ।
ਆਪ ਦੇ 25 ਵਰਕਰਾਂ ਵਿਰੁੱਧ ਕੇਸ ਦਰਜ
ਸ਼ਿਕਾਇਤਕਰਤਾ ਨੇ ਮੁਲਜ਼ਮਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪੈਸੇ ਨਹੀਂ ਵੰਡ ਰਿਹਾ ਪਰ ਇਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ ਤੇ ਉਸ ‘ਤੇ ਡਾਂਗਾਂ, ਸੋਟੀਆਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਪਿੱਛੋਂ ਮੁਲਜ਼ਮਾਂ ਨੇ ਸ਼ਿਕਾਇਤਰਤਾ ਦੇ ਤਾਏ ਦੇ ਲੜਕੇ ਗੁਰਵਿੰਦਰ ਸਿੰਘ ਉਰਫ ਗਿੰਦਾ ਦੇ ਇਸੇ ਰੋਡ ‘ਤੇ ਸਥਿਤ ਪਰਮਾਰ ਟਰਾਂਸਪੋਰਟ ਦੇ ਦਫ਼ਤਰ ‘ਚ ਹਮਲਾ ਕਰਕੇ ਸ਼ੀਸ਼ੇ ਭੰਨ ਦਿੱਤੇ। ਸ਼ਿਕਾਇਤਕਰਤਾ ਮੁਤਾਬਕ ਝਗੜੇ ਦੌਰਾਨ ਮੁਲਜ਼ਮ ਉਸ ਦੇ ਗਲੇ ‘ਚ ਪਈ ਸੋਨੇ ਦੀ ਚੇਨ ਅਤੇ ਜੇਬ ‘ਚੋਂ 19 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਵੋਟਾਂ ਦੀ ਖਰੀਦੋ-ਫਰੋਖਤ ਨੂੰ ਲੈ ਕੇ ਇੱਥੇ ਦੋਵਾਂ ਧਿਰਾਂ ਦਰਮਿਆਨ ਟਕਰਾ ਹੋਣ ਦੀ ਘਟਨਾ ਵਾਪਰੀ ਸੀ।
ਇਸ ਕੇਸ ਸਬੰਧੀ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦਰਜ ਹੋਇਆ ਇਹ ਕੇਸ ਬਿਲਕੁੱਲ ਝੂਠਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਭਾਵੇਂ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਪਰ ਪ੍ਰਸ਼ਾਸਨ ਸੱਤਾਧਾਰੀ ਧਿਰ ਦੀ ਕਥਿਤ ਮੱਦਦ ਕਰ ਰਿਹਾ ਹੈ। ਵਰਕਰਾਂ ਵਿਰੁੱਧ ਦਰਜ ਹੋਏ ਝੂਠੇ ਪਰਚਿਆਂ ਦੀ ਸਰਕਾਰ ਆਉਣ ‘ਤੇ ਨਿਰਪੱਖ ਜਾਂਚ ਹੋਵੇਗੀ ਅਤੇ ਇਨ੍ਹਾਂ ਨੂੰ ਰੱਦ ਕਰਵਾਇਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਦੀ ਜਾਂਚ ਹੋਵੇਗੀ ਜਿਨ੍ਹਾਂ ਨੇ ਸੱਤਾਧਾਰੀ ਧਿਰ ਨੂੰ ਖੁਸ਼ ਕਰਨ ਲਈ ਝੂਠੀਆਂ ਐਫ.ਆਈ. ਆਰਜ਼ ਦਰਜ ਕੀਤੀਆਂ ਹਨ। ਮੁਕੱਦਮਿਆਂ ‘ਚ ਫਸੇ ਵਰਕਰਾਂ ਨੂੰ ਪਾਰਟੀ ਕਾਨੂੰਨ ਸਹਾਇਤਾ ਵੀ ਦੇਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ