ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ‘ਬੱਸੀਆਂ ਕੋਠੀ’ | Maharaja Dilip Singh
ਰਾਏਕੋਟ (ਆਰਜੀ ਰਾਏਕੋਟੀ)। 1800 ਦੇ ਨੇੜੇ-ਤੇੜੇ ਹੋਂਦ ’ਚ ਆਈ ‘ਬੱਸੀਆਂ ਕੋਠੀ’ ਆਪਣੇ ’ਚ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ। ਫੇਰੂ ਸ਼ਾਹ ਤੇ ਮੁੱਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡ ਕੁਆਟਰ ਸੀ। ਫਿਰੋਜ਼ਪੁਰ ਸਥਿਤ ਬਿ੍ਰਟਿਸ਼ ਮਿਲਟਰੀ ਡਿਵੀਜਨ ਦਾ ਇਹ ਅਸਲਾ ਸਪਲਾਈ ਡੀਪੂ ਵੀ ਰਿਹਾ। ਰਾਏਕੋਟ ਦੇ ਬੁੱਚੜਾਂ ਨੂੰ ਸੋਧਨ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜ਼ਾ ਇਸੇ ਕੋਠੀ ’ਚ ਸੈਸ਼ਨ ਕੋਰਟ ਲਗਾ ਕੇ ਦਿੱਤੀ ਗਈ ਸੀ। ਜਦੋਂ ਅੰਗਰੇਜ਼ਾਂ ਨੇ 11 ਸਾਲ ਦੇ ਮਹਾਰਾਜਾ (Maharaja Dilip Singh) ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਕੱਢਿਆ ਤਾਂ ਦੇਸ਼-ਬਦਰ ਹੋ ਕੇ ਜਾ ਰਹੇ ਪੰਜਾਬ ਦੇ ਆਖਰੀ ਮਹਾਰਾਜਾ ਨੇ 31 ਦਸੰਬਰ 1849 ਨੂੰ ਪੰਜਾਬ ’ਚ ਆਖਰੀ ਰਾਤ ਇਸੇ ਕੋਠੀ ’ਚ ਕੱਟੀ ਸੀ।
ਰਾਜ ’ਚ ਇੱਕ ਦਹਾਕੇ ਤੋਂ ਵੱਧ ਚੱਲੀ ਅਸ਼ਾਂਤੀ ਦੌਰਾਨ ਇਸ ਇਮਾਰਤ ਨੂੰ ਪੰਜਾਬ ਪੁਲਿਸ ਨੇ ਰੱਜ ਕੇ ‘ਤਸੀਹੇ ਕੇਂਦਰ ਵਜੋਂ ਵੀ ਵਰਤਿਆ। ਇਸੇ ਲਈ ਇਸ ਨੂੰ ਸਰਾਪੀ ਕੋਠੀ ਵੀ ਕਿਹਾ ਜਾਂਦਾ ਰਿਹਾ। ਬਾਅਦ ’ਚ ਨਹਿਰੀ ਰੈਸਟ ਹਾਊਸ ਬਣ ਕੇ ਨਹਿਰੀ ਵਿਭਾਗ ਦੀ ਮਲਕੀਅਤ ਹੋ ਗਈ। ਇਲਾਕਾ ਨਿਵਾਸੀਆਂ ਦੀ ਮੰਗ ’ਤੇ ਬੱਸੀਆਂ ਕੋਠੀ ਨੂੰ 2015 ’ਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ’ਚ ਤਬਦੀਲ ਕੀਤਾ ਗਿਆ ਸੀ। ਪਰ 2015 ਤੋਂ ਬਾਅਦ ਇਸ ਨੂੰ ਕਿਸੇ ਨੇ ਦੁਬਾਰਾ ਰੰਗ-ਰੋਗਨ ਤੱਕ ਨਹੀਂ ਕਰਵਾਇਆ। ਲੱਕੜੀ ਦੀ ਕਾਰਾਗਰੀ ਖਰਾਬ ਹੋ ਗਈ ਹੈ ਤੇ ਸਿਉਂਕ ਲੱਕੜ ਨੂੰ ਖਾ ਗਈ ਹੈ। ਤਿੰਨ ਹਾਲਾਂ ਦੀਆਂ ਕੰਧਾਂ ’ਚ ਤਰੇੜਾਂ ਆ ਗਈਆਂ ਹਨ। ਕਈ ਥਾਵਾਂ ’ਤੇ ਪੇਂਟ ਤੇ ਪਲਾਸਟਰ ਟੁੱਟ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲੇ ’ਚ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ, ਸਾਰੇ ਮੁਲਜ਼ਮ ਕੀਤੇ ਕਾਬੂ
ਸਿੱਖ ਰਾਜ ਦੀਆਂ ਵੱਖ-ਵੱਖ ਕਲਾਵਾਂ ਦੀਆਂ ਪ੍ਰਤੀਕਿ੍ਰਤੀਆਂ ਨੂੰ ਉਜਾਗਰ ਕਰਨ ਲਈ ਲਗਾਈਆਂ ਗਈਆਂ ਕੁਝ ਫੋਕਸ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ। ਮੁੜ ਖੰਡਰ ਹੋ ਰਹੀ ਸਿੱਖਾਂ ਦੇ ਆਖਰੀ ਬਾਦਸ਼ਾਹ ਦੀ ਯਾਦਗਾਰ ਪੰਜਾਬ ਸਰਕਾਰ ਦਾ ਧਿਆਨ ਮੰਗਦੀ ਹੈ। ਇਸ ਕੋਠੀ ਦੇ ਪੁਰਾਣੇ ਢਾਂਚੇ ਨੂੰ ਬਰਕਰਾਰ ਰੱਖਦੇ ਹੋਏ, ਇਸ ਦੀ ਨਵ ਉਸਾਰੀ ਕਰਕੇ ਇਸ ਨੂੰ ਸੁੰਦਰ ਦਿਖ ਪ੍ਰਦਾਨ ਕੀਤੀ ਗਈ ਸੀ। ਯਾਦਗਾਰ ਬਣੀ ਇਸ ਇਮਾਰਤ ’ਚ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ, ਇੱਕ ਵੱਡੀ ਤਲਵਾਰ, ਇੱਕ ਸਾਹੀ ਕੁਰਸੀ, ਇੱਕ ਪਹਿਰਾਵਾ ਤੇ ਉਸਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀਆਂ ਪ੍ਰਤੀਕਿ੍ਰਤੀਆਂ ਰੱਖੀਆਂ ਗਈਆਂ ਹਨ। ਪਰ ਸਰਕਾਰ ਦੀ ਅਣਗਹਿਲੀ ਇਹ ਪ੍ਰਤੀਤੀਆਂ ਖਰਾਬ ਹੋ ਰਹੀਆਂ ਹਨ, ਤਸਵੀਰਾਂ ਫਿੱਕੀਆਂ ਪੈ ਗਈਆਂ ਹਨ।
ਪਾਣੀ ਦੀ ਘਾਟ ਕਾਰਨ 1.5 ਏਕੜ ਦੇ ਬਾਗ, 2 ਏਕੜ ਦੇ ਲਾਅਨ, ਤੇ 1.5 ਏਕੜ ’ਚ ਲਾਏ ਜੰਗਲ ਦੀ ਹਰਿਆਲੀ ਗਾਇਬ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੋਠੀ ’ਚ ਹੋਏ ਇਕ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਇਸ ਦੀ ਦਿੱਖ ਸਵਾਰਨ ਲਈ 20 ਲੱਖ ਰੁਪਏ ਅਤੇ ਪੰਜਾਬ ਸਰਕਾਰ ਨੇ ਮੁੱਖ ਮਾਰਗ ’ਤੇ ਗੇਟ ਬਣਾਉਣ ਲਈ ਪੰਜ ਲੱਖ ਰੁਪਏ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਇਹ ਪੈਸੇ ਪ੍ਰਾਪਤ ਨਹੀਂ ਹੋਏ ਹਨ। ਇਸ ਸਬੰਧੀ ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਕੋਠੀ ਦੀ ਦਿੱਖ ਸੰਵਾਰਨ ਲਈ ਤਜਵੀਜ਼ ਤਿਆਰ ਕੀਤੀ ਗਈ ਹੈ ਤੇ ਫੰਡ ਮਿਲਦਿਆਂ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।