ਗੁਰਬਾਣੀ ਦੇ ਪ੍ਰਸਾਰਨ ਅਤੇ ਡੀਜੀਪੀ ਲਾਉਣ ਸਬੰਧੀ ਸਰਕਾਰ ਲਿਆਵੇਗੀ ਬਿੱਲ | Punjab Government
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦਾ ਅਹਿਮ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋ ਜਾ ਰਿਹਾ ਹੈ ਹਾਲਾਂਕਿ ਇਸ 2 ਦਿਨਾਂ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਿਰਫ਼ ਸ਼ਰਧਾਂਜਲੀ ਹੀ ਦਿੱਤੀ ਜਾਏਗੀ ਪਰ ਦੂਜਾ ਦਿਨ ਕਾਫ਼ੀ ਜਿਆਦਾ ਹੰਗਾਮੇਦਾਰ ਰਹਿਣ ਦੇ ਆਸਾਰ ਹਨ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਵੱਲੋਂ ਤਿਆਰੀ ਵੀ ਕਰ ਲਈ ਗਈ ਹੈ। ਪੰਜਾਬ ਸਰਕਾਰ ਅੱਧੀ ਦਰਜਨ ਬਿੱਲ ਪੇਸ਼ ਕਰਨ ਦੇ ਨਾਲ ਹੀ ਕੁਝ ਮਤੇ ਵੀ ਪੇਸ਼ ਕਰੇਗੀ, ਜੋ ਕੇਂਦਰ ਸਰਕਾਰ ਦੇ ਖ਼ਿਲਾਫ਼ ਪਾਸ ਕੀਤੇ ਜਾਣਗੇ। (Punjab Government)
ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪੇਸ਼ ਕੀਤੇ ਜਾਣਗੇ ਕਈ ਮਤੇ
ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧ ਐਕਟ 1925 ਵਿੱਚ ਵੀ ਪੰਜਾਬ ਸਰਕਾਰ ਸੋਧ ਕਰਨ ਜਾ ਰਹੀ ਹੈ, ਜਿਸ ਨੂੰ ਲੈ ਕੇ ਸਭ ਤੋਂ ਜਿਆਦਾ ਹੰਗਾਮਾ ਹੋਣ ਦੇ ਆਸਾਰ ਹਨ। ਪੰਜਾਬ ਸਰਕਾਰ ਇਸ ਐਕਟ ਵਿੱਚ ਸੋਧ ਕਰਦੇ ਹੋਏ ਗੁਰਬਾਣੀ ਦੇ ਪ੍ਰਸਾਰਨ ਨੂੰ ਟੈਂਡਰ ਮੁਕਤ ਕਰਨਾ ਚਾਹੁੰਦੀ ਹੈ ਤਾਂ ਕਿ ਕੋਈ ਵੀ ਚੈਨਲ ਪਵਿੱਤਰ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰ ਸਕੇ। ਇਥੇ ਹੀ ਪੰਜਾਬ ਵਿੱਚ ਪੱਕੇ ਤੌਰ ’ਤੇ ਡੀਜੀਪੀ ਲਾਉਣ ਸਬੰਧੀ ਵੀ ਪੰਜਾਬ ਸਰਕਾਰ ਪੁਲਿਸ ਐਕਟ ਵਿੱਚ ਸੋਧ ਕਰਨੀ ਦੀ ਤਿਆਰੀ ਵਿੱਚ ਹੈ। ਪੰਜਾਬ ਸਰਕਾਰ ਵੱਲੋਂ ਡੀਜੀਪੀ ਨੂੰ ਲਾਉਣ ਲਈ ਇੱਕ ਕਮੇਟੀ ਬਣਾਉਣ ਸਬੰਧੀ ਤਜਵੀਜ਼ ਰੱਖੀ ਜਾਏਗੀ। ਇਸ ਕਮੇਟੀ ਦਾ ਮੁਖੀ ਹਾਈ ਕੋਰਟ ਦੇ ਜਸਟਿਸ ਨੂੰ ਬਣਾਇਆ ਜਾਏਗਾ ਅਤੇ ਇਸ ਕਮੇਟੀ ਦੀ ਸਿਫ਼ਾਰਸ਼ ਨਾਲ ਤਿਆਰ ਹੋਣ ਵਾਲੇ ਪੈੱਨਲ ਵਿੱਚੋਂ ਹੀ ਇੱਕ ਸੀਨੀਅਰ ਆਈ.ਪੀ.ਐਸ. ਅਧਿਕਾਰੀ ਨੂੰ ਡੀਜੀਪੀ ਲਾਇਆ ਜਾਏਗਾ।
ਇਹ ਵੀ ਪੜ੍ਹੋ : PM Kisan Yojana : ਕਿਸਾਨਾਂ ਦੀ ਬੱਲੇ ! ਬੱਲੇ!, ਹੁਣ 6000 ਦੀ ਜਗ੍ਹਾ ਮਿਲਣਗੇ ਸਾਲਾਨਾ ਐਨੇ ਰੁਪਏ?
ਇਨਾਂ ਬਿੱਲ ਤੋਂ ਇਲਾਵਾ ਆਰ.ਡੀ.ਐੱਫ. ਅਤੇ ਐੱਨਐੱਚਐੱਮ ਦੇ ਬਕਾਏ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਮਤਾ ਪੇਸ਼ ਕੀਤਾ ਜਾਏਗਾ, ਜਿਸ ਵਿੱਚ ਕੇਂਦਰ ਸਰਕਾਰ ਵਲੋਂ ਰੋਕੇ ਗਏ ਫੰਡ ਦੀ ਡਿਟੇਲ ਜਾਣਕਾਰੀ ਦੇਣ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਜਾਏਗੀ ਕਿ ਇਨਾਂ ਫੰਡ ਨੂੰ ਤੁਰੰਤ ਜਾਰੀ ਕੀਤਾ ਜਾਵੇ। ਇਨਾਂ ਸਾਰੇ ਮਸਲਿਆਂ ਵਿਚਕਾਰ ਵਿਰੋਧੀ ਧਿਰਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਇਸ ਲਈ ਬਕਾਇਦਾ ਤਿਆਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਵਿਰੋਧੀ ਧਿਰ ਕਾਂਗਰਸ ਪਾਰਟੀ ਵਲੋਂ ਇਸ ਸਬੰਧੀ ਸੋਮਵਾਰ ਨੂੰ ਸਵੇਰੇ ਵਿਧਾਇਕਾਂ ਦੀ ਮੀਟਿੰਗ ਵੀ ਸੱਦ ਲਈ ਗਈ ਹੈ, ਜਿਸ ਵਿੱਚ ਉਨਾਂ ਵਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ।