ਇੱਕ ਸੁੱਕੇ ਜਿਹੇ ਮੱਚੇ ਹੋਏ ਰੁੱਖ, ਜੋ ਸ਼ਾਇਦ ਹੁਣੇ-ਹੁਣੇ ਕਿਸੇ ਨੇ ਫ਼ਸਲ ਦੀ (Punjabi Short Stories) ਰਹਿੰਦ-ਖੂਹੰਦ ਸਾੜਦੇ ਸਮੇਂ ਨਾਲ ਹੀ ਸਾੜ ਦਿੱਤਾ ਸੀ, ਦੀ ਟਾਹਣੀ ’ਤੇ ਉਦਾਸ ਲਹਿਜੇ ਵਿੱਚ ਬੈਠੀ ਚਿੜੀ ਬੜੀ ਬੇਚੈਨ ਸੀ। ਨਾਲ ਹੀ ਕਿਤੋਂ ਉੱਡਦਾ ਹੋਇਆ ਕਾਂ ਆ ਬੈਠਾ। ਪਰ ਚਿੜੀ ਉਸੇ ਉਦਾਸੀ ਦੇ ਆਲਮ ਵਿੱਚ ਡੁੱਬੀ ਸੀ। ਕਾਂ ਆਪਣੀ ਹੋਂਦ ਨੂੰ ਦਰਸਾਉਂਦਾ ਬੋਲਿਆ, ‘‘ਲੈ ਲੋੜ੍ਹਾ! ਆ ਗਿਆ।
ਕਿਹੋ-ਜਿਹਾ ਸਮਾਂ ਆ ਗਿਆ ਆਹ! ਚਿੜੀਆਂ ਨੂੰ ਵੀ ਸਾਡਾ ਖੌਫ਼ ਨਹੀਂ ਰਿਹਾ। ਇੱਕ ਸਮਾਂ ਸੀ ਜਦੋਂ…’’ ਕਾਂ ਕੁੱਝ ਬੋਲਦਾ ਉਸ ਤੋਂ ਪਹਿਲਾਂ ਹੀ ਚਿੜੀ ਬੋਲੀ, ‘‘ਜਦੋਂ ਕੱਚਿਆਂ ਘਰਾਂ ਵਿੱਚ ਸਰਕੜੇ ਦੇ ਕਾਨਿਆਂ ਤੋਂ ਬਣੇ ਘਰਾਂ ਦੀਆਂ ਛੱਤਾਂ ਵਿੱਚ ਸਾਡੇ ਆਲ੍ਹਣੇ ਤੇ ਬੋਟ ਪਲਦੇ, ਚੀਂ-ਚੀਂ ਚੀਂ-ਚੀਂ ਕਰਦੇ ਉਡਾਰ ਹੁੰਦੇ ਸਨ। ਨਾ ਛੱਤ ’ਤੇ ਪੱਖੇ ਦਾ ਡਰ, ਨਾ ਸੰਗਮਰਮਰ ਦੇ ਫ਼ਰਸ਼ ’ਤੇ ਡਿੱਗ ਕੇ ਮਰਨ ਦਾ ਡਰ। ਬੱਸ ਸਭ ਆਪੋ-ਆਪਣੀ ਜ਼ਿੰਦਗੀ ਜੀਅ ਰਹੇ…!’’ ਬੋਲਦੇ-ਬੋਲਦੇ ਚਿੜੀ ਚੁੱਪ ਜਿਹੀ ਕਰ ਗਈ।
ਇਹ ਵੀ ਪੜ੍ਹੋ : ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ
‘‘ਹਾਂ! ਸਹੀ ਕਿਹਾ, ਭੈਣੇ ਹੁਣ ਤਾਂ ਸਾਡਾ ਵੀ ਤੇਰੇ ਵਾਲਾ ਹਾਲ ਹੀ ਹੈ। ਨਾ ਕੋਈ ਹੁਣ ਬਨੇਰੇ ’ਤੇ ਬੋਲਣ ਲਈ ਕਹਿੰਦਾ, ਨਾ ਕੋਈ ਚੂਰੀਆਂ ਖਵਾਉਣ ਦੀ ਗੱਲ ਕਰਦਾ। ਬੱਸ ਸਭ ਦੇ ਹੱਥ ਵਿੱਚ ਨਿੱਕਾ ਜਿਹਾ ਯੰਤਰ ਹੈ, ਉਸ ’ਤੇ ਹੀ ਗੱਲ ਮੁਕਾ ਬਹਿੰਦੇ ਹਨ। ਸਾਡੀ ਤਾਂ ਨਸਲ ਜਿਵੇਂ ਬੇਲੋੜੀ ਤੇ ਨਿਕੰਮੀ ਹੀ ਹੋ ਗਈ!’’ ਕਹਿੰਦੇ ਕਾਂ ਦਾ ਗੱਚ ਭਰ ਆਇਆ ਤੇ ਅੱਖਾਂ ’ਚੋਂ ਹੰਝੂ ਵਹਿ ਤੁਰੇ। ਪਰ ਹੁਣ ‘ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ’ ਵਾਲੀ ਗੱਲ ਸੀ। ਚਿੜੀ ਤਾਂ ਆਪਣਾ ਦੁੱਖ ਫਰੋਲਣਾ ਚਾਹੁੰਦੀ ਸੀ, ਇਹ ਵਿਚਾਰਾ ਆਪਣਾ ਰੋਣਾ ਲੈ ਬੈਠਾ।
ਰਣਬੀਰ ਸਿੰਘ ਪਿ੍ਰੰਸ,
ਅਫ਼ਸਰ ਕਾਲੋਨੀ, ਸੰਗਰੂਰ
ਮੋ. 98722-99613