ਜਿਹੜੇ ਵਿਭਾਗ ਤੇ ਅਧਿਕਾਰੀ ਦਾ ਕੰਮ ਆਵੇਗਾ ਜ਼ਿਆਦਾ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ ਸਰਕਾਰ | Government
- ਪੁਲਿਸ ਵਿਭਾਗ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ, ਐੱਸਐੱਚਓ ਪੱਧਰ ਦੇ ਕੰਮ ਆ ਰਹੇ ਹਨ ਮੰਤਰੀਆਂ ਕੋਲ
- ਤਹਿਸੀਲਦਾਰ ਅਤੇ ਪਟਵਾਰੀਆਂ ਦੇ ਕੰਮਾਂ ਵਿੱਚ ਵੀ ਉਲਝੀ ਸਰਕਾਰ, ਲੱਗ ਰਹੇ ਹਨ ਸ਼ਿਕਾਇਤਾਂ ਦੇ ਢੇਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ’ (Government) ਵਿੱਚ ਆਉਣ ਵਾਲੀ ਸ਼ਿਕਾਇਤਾਂ ਨੂੰ ਅਧਾਰ ਬਣਾ ਕੇ ਹੁਣ ਉਨਾਂ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ, ਜਿਨ੍ਹਾਂ ਅਧਿਕਾਰੀਆਂ ਨੇ ਸਮੇਂ ਸਿਰ ਆਮ ਲੋਕਾਂ ਦੇ ਕੰਮਾਂ ਨੂੰ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ‘ਸਰਕਾਰ ਤੁਹਾਡੇ ਦੁਆਰ’ ਵਿੱਚ ਕੈਬਨਿਟ ਮੰਤਰੀਆਂ ਕੋਲ ਆਪਣੀ ਪਰੇਸ਼ਾਨੀ ਤੱਕ ਰੱਖਣੀ ਪਈ ਹੈ।ਪੰਜਾਬ ਸਰਕਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਸਖ਼ਤ ਨਰਾਜ਼ ਹੈ ਕਿ ਹੇਠਲੇ ਪੱਧਰ ਦੇ ਕੰਮਾਂ ਹੇਠਲੇ ਪੱਧਰ ’ਤੇ ਹੀ ਨਿਪਟਾਏ ਕਿਉਂ ਨਹੀਂ ਜਾ ਰਹੇ ਹਨ?
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੀਟਿੰਗ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਰੱਖਣ ਦੇ ਨਾਲ ਹੀ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਨੂੰ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੇ ਤਹਿਤ ਹਰ ਕੈਬਨਿਟ ਮੰਤਰੀ ਮੌਕੇ ’ਤੇ ਬੈਠਦੇ ਹੋਏ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਸ ਦਾ ਹੱਲ਼ ਕੱਢੇਗਾ।
ਭਗਵੰਤ ਮਾਨ ਵੱਲੋਂ ਤੈਅ ਕੀਤੇ ਗਏ ਇਸ ਪ੍ਰੋਗਰਾਮ ਨੂੰ ਹੁਣ ਤੱਕ ਦੋ ਜ਼ਿਲ੍ਹਿਆਂ ਵਿੱਚ ਕੀਤਾ ਜਾ ਚੁੱਕਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਇਸ ਗੱਲ ਨੂੰ ਦੇਖ ਕੇ ਹੈਰਾਨ ਹਨ ਕਿ ਉਨ੍ਹਾਂ ਕੋਲ ਆਮ ਲੋਕ ਪਟਵਾਰੀ ਜਾਂ ਫਿਰ ਤਹਿਲੀਦਾਰ ਦੇ ਪੱਧਰ ਤੋਂ ਲੈ ਕੇ ਐੱਸਐੱਚਓ ਤੇ ਬਲਾਕ ਪੱਧਰ ’ਤੇ ਬੈਠੇ ਅਧਿਕਾਰੀ ਦੇ ਕੰਮ ਲੈ ਕੇ ਆ ਰਹੇ ਹਨ, ਕਿਸੇ ਦਾ ਜ਼ਮੀਨੀ ਝਗੜਾ ਹੈ ਅਤੇ ਕਿਸੇ ਦੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਹੈ। ਕਿਸੇ ਦੇ ਮੁਹੱਲੇ ਵਿੱਚ ਗਲੀ ਠੀਕ ਨਹੀਂ ਹੈ ਅਤੇ ਕਿਸੇ ਦੀ ਬੁਢਾਪਾ ਪੈਨਸ਼ਨ ਨਹੀਂ ਲੱਗ ਰਹੀ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆ ਵਿੱਚ 95 ਫੀਸਦੀ ਸ਼ਿਕਾਇਤਾਂ ਕੈਬਨਿਟ ਮੰਤਰੀ ਤਾਂ ਦੂਰ ਜ਼ਿਲੇ੍ਹ ਦੇ ਅਧਿਕਾਰੀਆਂ ਨਾਲ ਵੀ ਸਬੰਧਿਤ ਨਹੀਂ ਸਨ। ਇਹ ਸਾਰੀਆਂ ਸ਼ਿਕਾਇਤਾਂ ਬਲਾਕ ਪੱਧਰ ’ਤੇ ਹੱਲ ਹੋਣ ਵਾਲੀਆਂ ਹੀ ਸਨ, ਜਿਸ ਨੂੰ ਦੇਖ ਕੇ ਸਰਕਾਰ ਨਰਾਜ਼ ਹੋ ਗਈ ਹੈ
ਸਭ ਤੋਂ ਜ਼ਿਆਦਾ ਪੁਲਿਸ ਨਾਲ ਸਬੰਧਿਤ ਸ਼ਿਕਾਇਤਾਂ | Government
‘ਸਰਕਾਰ ਤੁਹਾਡੇ ਦੁਆਰ’ ਵਿੱਚ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪੁਲਿਸ ਵਿਭਾਗ ਵਿੱਚ ਸ਼ਿਕਾਇਤ ਦਾ ਹੱਲ਼ ਨਾ ਹੋਣ ਕਰਕੇ ਹੀ ਪੁੱਜ ਰਹੀਆਂ ਸਨ। ਹੁਣ ਇਨ੍ਹਾਂ ਸ਼ਿਕਾਇਤਾਂ ਦੀ ਗਿਣਤੀ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ ਤਾਂ ਬਾਕੀ ਵਿਭਾਗਾਂ ਨਾਲੋਂ ਪੁਲਿਸ ਵਿਭਾਗ ਦੀ ਜ਼ਿਆਦਾ ਸ਼ਿਕਾਇਤਾਂ ਨਿਕਲ ਰਹੀਆਂ ਹਨ। ਇਸ ਤੋਂ ਇਲਾਵਾ ਮਾਲ ਵਿਭਾਗ ਨਾਲ ਜੁੜੀਆਂ ਸ਼ਿਕਾਇਤਾਂ ਵੀ ਵੱਡੇ ਪੱਧਰ ’ਤੇ ਮਿਲੀਆਂ ਹਨ।
ਅਧਿਕਾਰੀਆਂ ਦੀ ਪਹਿਲਾਂ ਜੁਆਬ ਤਲਬੀ ਫਿਰ ਹੋਵੇਗੀ ਸਖ਼ਤ ਕਾਰਵਾਈ
ਇਹ ਵੀ ਪੜ੍ਹੋ : ਅਜਿਹਾ ਮਹਾਂ ਤੂਫ਼ਾਨ ਜਿਸ ਬਾਰੇ ਸੋਚ ਕੇ ਕੰਬ ਉੱਠਦੀ ਐ ਰੂਹ, ਸਾਵਧਾਨੀ ਲਈ ਅਗਾਊ ਤਿਆਰੀਆਂ
ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਾਂ ਨੂੰ ਦੇਖਿਆ ਜਾ ਰਿਹਾ ਹੈ ਕਿ ਕਿਹੜੇ ਵਿਭਾਗ ਦੇ ਕਿਹੜੇ ਮੁਲਾਜ਼ਮ ਜਾਂ ਅਧਿਕਾਰੀ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ। ਜੇਕਰ ਅਧਿਕਾਰੀ ਤੇ ਮੁਲਾਜ਼ਮ ਦੀ ਗਲਤੀ ਨਿਕਲਦੀ ਹੈ ਤਾਂ ਉਨ੍ਹਾਂ ਦੀ ਜੁਆਬ ਤਲਬੀ ਵੀ ਕੀਤੀ ਜਾਵੇਗੀ।ਜਿਹੜੇ ਵੀ ਜ਼ਿਲੇ੍ਹ ਵਿੱਚ ਇਹੋ ਜਿਹੀਆਂ ਸ਼ਿਕਾਇਤਾਂ ਆਉਣਗੀਆਂ, ਉਨ੍ਹਾਂ ਜਿਲ੍ਹਿਆਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।