ਪੁਲਿਸ ਨੇ ਪਾਵਰਕੌਮ ਅੱਗੇ ਧਰਨੇ ਵਾਲੀ ਥਾਂ ਕਰਵਾਈ ਖਾਲੀ | Powercom
- ਪਿਛਲੇ ਕਈ ਦਿਨਾਂ ਤੋਂ ਪਾਵਰਕੌਮ ਦਾ ਦਫ਼ਤਰ ਧਰਨੇ ਕਾਰਨ ਸੀ ਬੰਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom) ਦੇ ਮੁੱਖ ਦਫ਼ਤਰ ਅੱਗੇ ਧਰਨੇ ਸਮੇਤ ਮਰਨ ਵਰਤ ਤੇ ਬੈਠੇ ਕਿਸਾਨ ਆਗੂਆਂ ਨੂੰ ਅੱਜ ਤੜਕਸਾਰ ਪੁਲਿਸ ਨੇ ਜਬਰੀ ਚੁੱਕ ਲਿਆ ਅਤੇ ਧਰਨੇ ਵਾਲੀ ਥਾਂ ਖਾਲੀ ਕਰਵਾ ਦਿੱਤੀ। ਇਸ ਦੌਰਾਨ ਭਾਵੇਂ ਕਿਸਾਨ ਆਗੂਆਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਪੁਲੀਸ ਵੱਲੋਂ ਜਬਰੀ ਕਿਸਾਨ ਆਗੂਆਂ ਨੂੰ ਬੱਸਾਂ ਵਿਚ ਡੱਕ ਕੇ ਵੱਖ ਵੱਖ ਥਾਣਿਆਂ ਵਿੱਚ ਲੈ ਗਈ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਤੋਂ ਹੀ ਇਹ ਸ਼ੰਕਾ ਜਤਾਈ ਜਾ ਰਹੀ ਸੀ ਕਿ ਪੁਲੀਸ ਕਿਸਾਨਾਂ ਤੇ ਕਿਸੇ ਵੇਲੇ ਵੀ ਐਕਸ਼ਨ ਕਰ ਸਕਦੀ ਹੈ।
ਪੁਲੀਸ ਵੱਲੋਂ ਅੱਜ ਤੜਕਸਾਰ ਸਾਢੇ 4 ਵਜੇ ਦੇ ਕਰੀਬ ਧਰਨੇ ਵਾਲੇ ਸਥਾਨ ਨੂੰ ਘੇਰਾ ਪਾ ਲਿਆ ਅਤੇ ਕਿਸਾਨਾਂ ਤੋਂ ਧਰਨੇ ਵਾਲੀ ਥਾਂ ਖਾਲੀ ਕਰਵਾ ਦਿੱਤੀ ਅਤੇ ਟੈਂਟ ਪੁੱਟ ਦਿੱਤੇ ।ਧਰਨੇ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਪੁਲੀਸ ਵੱਲੋਂ ਕਿਸਾਨਾਂ ਤੇ ਜ਼ੋ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਸਿੱਧ ਹੈ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਕਿਸਾਨ ਭਗਵੰਤ ਮਾਨ ਤੋਂ ਜਵਾਬ ਜ਼ਰੂਰ ਲੈਣਗੇ।
ਉਨ੍ਹਾਂ ਕਿਹਾ ਕਿ ਮੁੜ ਤੋਂ ਤਕੜੇ ਹੋ ਕੇ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਵਿੱਢਣਗੇ ਅਤੇ ਸਰਕਾਰ ਦੇ ਨੱਕ ਵਿਚ ਦਮ ਕਰਨਗੇ ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਪੰਜਾਬ ਵਿੱਚ ਥਾਂ ਥਾਂ ਤੇ ਵਿਰੋਧ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਪਾਵਰਕੌਮ ਦੇ ਮੁੱਖ ਗੇਟ ਅੱਗੇ ਧਰਨੇ ਕਾਰਨ ਪਿਛਲੇ ਕਈ ਦਿਨਾਂ ਤੋਂ ਪਾਵਰਕੌਮ ਦਫ਼ਤਰ ਬੰਦ ਰਿਹਾ ਅਤੇ ਕੋਈ ਵੀ ਮੁਲਾਜਮ ਦਫਤਰ ਵਿੱਚ ਦਾਖਲ ਨਹੀਂ ਹੋ ਸਕਿਆ ਜਿਸ ਕਾਰਨ ਪਾਵਰਕੌਮ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ।