ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਮਗਰੋਂ ਰੋਸ ਮਾਰਚ ਮੁਲਤਵੀ | Cabinet Meeting
ਮਾਨਸਾ (ਸੁਖਜੀਤ ਮਾਨ)। ਸੰਘਰਸ਼ੀ ਧਿਰਾਂ ਵਾਲੇ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਮਾਨਸਾ ’ਚ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ (Cabinet Meeting) ਲਈ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ। ਕਿਸਾਨ, ਮੁਲਾਜ਼ਮ ਅਤੇ ਹੋਰ ਸਮਾਜਿਕ ਧਿਰਾਂ ਮਾਨਸਾ ’ਚ ਕਾਫੀ ਸਰਗਰਮ ਰਹਿੰਦੀਆਂ ਹਨ ਜਿਸ ਕਰਕੇ ਕਿਧਰੇ ਕੋਈ ਵੀ ਯੂਨੀਅਨ ਆਦਿ ਵਿਰੋਧ ਪ੍ਰਦਰਸ਼ਨ ਨਾ ਕਰ ਸਕੇ ਇਸ ਲਈ ਪੁਲਿਸ ਬੀਤੇ ਦੋ ਦਿਨਾਂ ਤੋਂ ਹੀ ਪੱਬਾਂ ਭਾਰ ਹੈ।
ਵੇਰਵਿਆਂ ਮੁਤਾਬਿਕ ਜਿੰਨ੍ਹਾਂ ਯੂਨੀਅਨਾਂ ਆਦਿ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਸਮੇਂ ਦੀ ਮੰਗ ਰੱਖੀ ਸੀ ਜਾਂ ਆਪਣੇ ਪੱਧਰ ’ਤੇ ਮੁੱਖ ਮੰਤਰੀ ਨੂੰ ਮਿਲਣ ਦਾ ਐਲਾਨ ਕੀਤਾ ਸੀ ਸਥਾਨਕ ਪ੍ਰਸ਼ਾਸ਼ਨ ਉਨ੍ਹਾਂ ਧਿਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀ ਮੰਗ ਮੁੱਖ ਮੰਤਰੀ ਤੱਕ ਪਹੁੰਚਾਉਣ ਦੇ ਵਾਅਦੇ ਕਰ ਰਿਹਾ ਹੈ। ਬੇਮੌਸਮੇ ਮੀਂਹ ਅਤੇ ਗੜੇਮਾਰੀ ਨਾਲ ਨੁਕਸਾਨੀ ਕਣਕ ਅਤੇ ਹੋਰ ਫਸਲਾਂ ਦਾ ਪੰਜਾਬ ਸਰਕਾਰ ਵੱਲੋਂ ਐਲਾਨਿਆ ਮੁਆਵਜਾ ਨਾ ਦੇਣ ਸਮੇਤ ਹੋਰ ਮੰਗਾਂ ਪੂਰੀਆਂ ਨਾ ਹੋਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੋ ਅੱਜ ਦੀ ਕੈਬਨਿਟ ਮੀਟਿੰਗ ਮੌਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਣਾ ਸੀ ਪਰ ਪ੍ਰਸ਼ਾਸ਼ਨ ਵੱਲੋਂ ਬੀਤੇ ਦਿਨੀਂ ਕਿਸਾਨ ਆਗੂਆਂ ਨਾਲ ਕੀਤੀ ਮੀਟਿੰਗ ਉਪਰੰਤ ਰੋਸ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਅਤੇ ਮਾਨਸਾ ਦੇ ਸਿਵਲ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਦੀ ਸਾਂਝੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਟੀ.ਬੈਨਿਥ, ਐਸ.ਐਸ.ਪੀ. ਡਾ. ਨਾਨਕ ਸਿੰਘ ਵੱਲੋਂ ਕਿਸਾਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਅਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਈਡਨ ਗਾਰਡਨ ਪੈਲੇਸ ਵਿੱਚ 2 ਵਜੇ ਕਿਸਾਨਾਂ ਦੀ ਮੀਟਿੰਗ ਕਰਵਾਈ ਜਾਵੇਗੀ। ਕਿਸਾਨ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਆਗੂ ਸ਼ਾਮਿਲ ਹੋਣਗੇ ।