ਜੰਗ ਮਨੁੱਖ ਤੇ ਮਨੁੱਖ ਵੱਲੋਂ ਸਦੀਆਂ ਦੀ ਕੀਤੀ ਮਿਹਨਤ ਨੂੰ ਇੱਕ ਪਲ ’ਚ ਤਬਾਹ ਕਰ ਦਿੰਦਾ ਹੈ ਜੰਗ ਲਈ ਆਧੁਨਿਕ ਤੇ ਮਨੁੱਖਵਾਦੀ ਚਿੰਤਨ ’ਚ ਕੋਈ ਥਾਂ ਨਹੀਂ, ਫਿਰ ਵੀ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੇ ਜੋ ਵੇਰਵੇ ਸਾਹਮਣੇ ਆ ਰਹੇ ਹਨ ਉਹ ਬੇਹੱਦ ਡਰਾਉਣੇ ਹਨ ਵੱਖ-ਵੱਖ ਮੀਡੀਆ ਵੈੱਬਸਾਈਟਾਂ ਅਨੁਸਾਰ ਰੂਸ ਨੇ ਯੂਕਰੇਨ ਦੇ ਇੱਕ ਡੈਮ ’ਤੇ ਹਮਲਾ ਕਰ ਦਿੱਤਾ ਹੈ ਜਿਸ ਨਾਲ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ ਗੱਲ ਸਿਰਫ ਹੜ੍ਹਾਂ ਦੀ ਨਹੀਂ ਸਗੋਂ ਬਿਜਲੀ, ਖੇਤੀ ਤੇ ਪੀਣ ਵਾਲੇ ਪਾਣੀ ਸਬੰਧੀ ਕਈ ਸਮੱਸਿਆਵਾਂ ਦੇ ਪੈਦਾ ਹੋਣ ਦੀ ਹੈ।
ਯੂਕਰੇਨ ਨੇ ਰੂਸ ਦੇ ਇੱਕ ਪੁਲ ’ਤੇ ਹਮਲਾ ਕੀਤਾ ਸੀ ਜਿਸ ਦਾ ਬਦਲਾ ਰੂਸ ਨੇ ਲਿਆ ਹੈ
ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਰੂਸ ਦੇ ਇੱਕ ਪੁਲ ’ਤੇ ਹਮਲਾ ਕੀਤਾ ਸੀ ਜਿਸ ਦਾ ਬਦਲਾ ਰੂਸ ਨੇ ਲਿਆ ਹੈ ਦੋਵੇਂ ਦੇਸ਼ ਇੱਕ-ਦੂਜੇ ’ਤੇ ਹੋ ਰਹੇ ਹਮਲਿਆਂ ਨੂੰ ਅੱਤਵਾਦੀ ਹਮਲੇ ਕਰਾਰ ਦੇ ਰਹੇ ਹਨ ਇਹਨਾਂ ਦੋਸ਼ਾਂ ’ਚ ਸੱਚਾਈ ਕੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਇਸ ਨਾਲ ਮਨੁੱਖ ਦੀ ਕੀਤੀ ਮਿਹਨਤ ’ਤੇ ਪਾਣੀ ਫਿਰਦਾ ਜਾ ਰਿਹਾ ਹੈ ਰੂਸ ਤੇ ਯੂਕਰੇਨ ਕਿਸੇ ਵੀ ਧਿਰ ਵੱਲੋਂ ਵੀ ਜੰਗ ਰੋਕਣ ਲਈ ਕੋਈ ਕੋਸ਼ਿਸ਼ ਹੁੰਦੀ ਨਜ਼ਰ ਨਹੀਂ ਆ ਰਹੀ ਇਸ ਜੰਗ ’ਚ ਭਾਵੇਂ ਰੂਸ ਦਾ ਪੱਲੜਾ ਭਾਰੀ ਹੈ ਤੇ ਯੂਕਰੇਨ ਦਾ ਹੀ ਨੁਕਸਾਨ ਜ਼ਿਆਦਾ ਹੋ ਰਿਹਾ ਹੈ।
ਫ਼ਿਰ ਵੀ ਯੂਕਰੇਨ ਜੰਗ ’ਚ ਪਿਛਾਂਹ ਹਟਣ ਲਈ ਵੀ ਤਿਆਰ ਨਹੀਂ ਤੇ ਨਾ ਹੀ ਜੰਗ ਰੁਕਵਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਤਰ੍ਹਾਂ ਦੀ ਸਾਲਸੀ ਦੀ ਕਵਾਇਦ ਨਜ਼ਰ ਆ ਰਹੀ ਹੈ ਡੈਮ ’ਤੇ ਹੋਏ ਹਮਲੇ ਦੇ ਬਾਵਜ਼ੂਦ ਯੂਕਰੇਨ ਨੇ ਐਲਾਨ ਕੀਤਾ ਹੈ ਕਿ ਉਹ ਝੁਕੇਗਾ ਨਹੀਂ ਅਸਲ ’ਚ ਅਮਰੀਕਾ ਬ੍ਰਿਟੇਨ ਸਮੇਤ ਕਈ ਤਾਕਤਵਰ ਮੁਲਕ ਯੂਕਰੇਨ ਦੀ ਪਿੱਠ ਥਾਪੜ ਰਹੇ ਹਨ ਹੈ ਤੇ ਜੰਗੀ ਮੱਦਦ ਦਿੱਤੀ ਜਾ ਰਹੀ ਹੈ ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ ਦੋਗਲੀ ਨੀਤੀ ਵਰਤ ਰਹੇ ਹਨ।
ਇੱਕ ਪਾਸੇ ਅਮਰੀਕਾ ਦੁਨੀਆ ’ਚ ਅਮਨ-ਅਮਾਨ ਅਤੇ ਮਨੁੱਖੀ ਅਧਿਕਾਰਾਂ ਦਾ ਵੱਡਾ ਮੁੱਦਈ ਮੁਲਕ ਮੰਨਿਆ ਜਾਂਦਾ ਹੈ ਪਰ ਰੂਸ-ਯੂਕਰੇਨ ਜੰਗ ’ਚ ਅਮਰੀਕਾ ਅਮਨ ਦੀ ਕੋਈ ਠੋਸ ਕੋਸ਼ਿਸ਼ ਕਰਦਾ ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਚੀਨ ਦੀਆਂ ਕਾਰਵਾਈਆਂ ਵੀ ਕਿਸੇ ਮਸਲੇ ਦਾ ਹੱਲ ਨਜ਼ਰ ਨਹੀਂ ਆਉਂਦੀਆਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਅਮਨ-ਅਮਾਨ ਕਾਇਮ ਕਰਨ ਲਈ ਸੰਯੁਕਤ ਰਾਸ਼ਟਰ ਦੀ ਸਿਰਮੌਰ ਸੰਸਥਾ ਸੁਰੱਖਿਆ ਪਰਿਸ਼ਦ ਦੇ ਮੈਂਬਰ ਮੁਲਕ ਹੋਣ ਦੇ ਬਾਵਜੂਦ ਅਮਰੀਕਾ ਤੇ ਰੂਸ ਜੰਗ ਦਾ ਮੈਦਾਨ ਠੰਢਾ ਨਹੀਂ ਪੈਣ ਦੇ ਰਹੇ ਸ਼ਕਤੀ ਸੰਤੁਲਨ ਦੀ ਇਸ ਜੰਗ ’ਚ ਕਿਸ ਮੁਲਕ ਦੀ ਜਿੱਤ ਹੋਵੇਗੀ।
ਇਹ ਵੀ ਪੜ੍ਹੋ : ਮੁਖਤਾਰ ਗੈਂਗ ਦੇ ਸ਼ੂਟਰ ਦਾ ਕੋਰਟ ’ਚ ਗੋਲੀਆਂ ਮਾਰ ਕੇ ਕਤਲ
ਇਹ ਕਹਿਣਾ ਤਾਂ ਮੁਸ਼ਕਲ ਹੈ, ਪਰ ਕੌਮਾਂਤਰੀ ਪੱਧਰ ’ਤੇ ਅਮਨ ਕਾਇਮ ਕਰਨ ਲਈ ਬਣੀਆਂ ਸੰਸਥਾਵਾਂ ਤੇ ਸੰਗਠਨਾਂ ਦੀ ਹਾਰ ਜ਼ਰੂਰ ਹੋਵੇਗੀ ਤੇ ਇਹਨਾਂ ਸੰਗਠਨਾਂ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਤੇ ਨੀਤੀਆਂ ’ਤੇ ਸਵਾਲ ਜ਼ਰੂਰ ਉੱਠੇਗਾ ਜੇਕਰ ਅਮਨ-ਅਮਾਨ ਕਾਇਮ ਕਰਨ ਵਾਲੇ ਮੁਲਕ ਹੀ ਤਬਾਹੀ ਲਈ ਅੱਗੇ ਰਹਿਣਗੇ ਤਾਂ ਦੂਸਰੇ ਮੁਲਕਾਂ ਬਾਰੇ ਕੁਝ ਕਹਿਣਾ ਬੇਹੱਦ ਔਖਾ ਹੈ ਭਾਵੇਂ ਯੁੂਕਰੇਨ ਪੁਲ ਤੋੜੇ, ਭਾਵੇਂ ਰੂਸ ਡੈਮ ਭੰਨ੍ਹੇ, ਨੁਕਸਾਨ ਮਨੁੱਖ ਦੀ ਕਿਰਤ ਦਾ ਹੀ ਹੋਵੇਗਾ।