ਵਾਤਾਵਰਨ ਤੇ ਵਿਕਾਸ ਦਾ ਸਰੂਪ

Environment

ਪੰਜ ਜੂਨ ਨੂੰ ਪੂਰੀ ਦੁਨੀਆ ’ਚ ਵਾਤਾਵਰਨ ਦਿਵਸ (Environment) ਮਨਾਇਆ ਗਿਆ। ਵੱਧ ਤੋਂ ਵੱਧ ਬੂਟੇ ਲਾਉਣ ਦਾ ਸੰਦੇਸ਼ ਦਿੱਤਾ ਗਿਆ ਤੇ ਨਾਲ ਹੀ ਧਰਤੀ, ਹਵਾ, ਪਾਣੀ ਨੂੰ ਸ਼ੁੱਧ ਰੱਖਣ ਦੀ ਗੱਲ ਆਖੀ ਗਈ। ਹਰ ਸਾਲ ਕਰੋੜਾਂ ਦੀ ਗਿਣਤੀ ’ਚ ਬੂਟੇ ਲਾਏ ਜਾ ਰਹੇ ਹਨ ਜੋ ਸ਼ਲਾਘਾਯੋਗ ਹੈ। ਵਾਤਾਵਰਨ ਲਈ ਵਿਕਾਸ ਦੇ ਸਰੂਪ, ਉਦੇੇਸ਼ ਤੇ ਮਨੁੱਖੀ ਜੀਵਨ ਜਾਚ ਦੇ ਮੋਰਚੇ ’ਤੇ ਵੀ ਗੰਭੀਰ ਹੋਣਾ ਪਵੇਗਾ। ਇਸੇ ਤਰ੍ਹਾਂ ਅਬਾਦੀ ’ਚ ਹੋ ਰਿਹਾ ਵਾਧਾ ਵੀ ਵੱਡੀ ਸਮੱਸਿਆ ਹੈ ਜਦੋਂ ਪੰਜ ਜੂਨ ਨੂੰ ਦੇਸ਼ ਭਰ ’ਚ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਪਹਾੜੀ ਪ੍ਰਦੇਸ਼ਾਂ ’ਚ ਬਾਹਰੋਂ ਆਏ ਲੱਖਾਂ ਸੈਲਾਨੀਆਂ ਦੇ ਸਾਧਨਾਂ ਕਰਕੇ ਟੈ੍ਰਫਿਕ ਪ੍ਰਬੰਧ ਡੋਲੇ ਹੋਏ ਸਨ।

ਸ਼ਿਮਲਾ, ਦੇਹਰਾਦੂਨ, ਨੈਨੀਤਾਲ ਸਮੇਤ ਹੋਰਨਾਂ ਸੈਰ-ਸਪਾਟਾ ਕੇਂਦਰਾਂ ਦੀਆਂ ਸੜਕਾਂ ’ਤੇ ਸਾਧਨਾਂ ਦੀਆਂ ਕਤਾਰਾਂ ਤੇ ਲੱਗੇ ਜਾਮ ਹਵਾ ਪ੍ਰਦੂਸ਼ਣ ’ਚ ਹੋ ਰਹੇ ਵਾਧੇ ਦਾ ਸਬੂਤ ਪੇਸ਼ ਕਰ ਰਹੇ ਸਨ। ਟੈ੍ਰਫਿਕ ਪੁਲਿਸ ਦਾ ਹਾਲ ਤਾਂ ਇਹ ਹੈ ਕਿ ਧੂੰਏਂ ਕਾਰਨ ਉਨ੍ਹਾਂ ਦੇ ਕੱਪੜੇ ਕਾਲੇ ਹੋ ਜਾਂਦੇ ਹਨ। ਮੈਦਾਨੀ ਲੋਕ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਪਹਾੜਾਂ ਦਾ ਰੁਖ਼ ਕਰ ਰਹੇ ਹਨ। ਸ਼ੁੱਧ ਹਵਾ ਵਾਲੇ ਪਹਾੜੀ ਪ੍ਰਦੇਸ਼ ਵੀ ਪ੍ਰਦੂਸ਼ਿਤ ਹੋ ਰਹੇ ਹਨ। ਸੈਲਾਨੀਆਂ ਦੀ ਇੰਨੀ ਵੱਡੀ ਗਿਣਤੀ ਵੀ ਆਪਣੇ-ਆਪ ’ਚ ਬਹੁਤ ਵੱਡੀ ਸਮੱਸਿਆ ਹੈ। ਦੂਜੇ ਪਾਸੇ ਪਹਾੜੀ ਪ੍ਰਦੇਸ਼ਾਂ ਦੀ ਆਰਥਿਕਤਾ ਦੀ ਰੀੜ੍ਹ ਹੀ ਸੈਰ-ਸਪਾਟਾ ਹੈ। (Environment)

ਇਹ ਵੀ ਪੜ੍ਹੋ : ਮੋਹਾਲੀ ਪੁਲਿਸ ਵੱਲੋਂ 11 ਲੁਟੇਰਿਆਂ ਨੂੰ ਲਗਜ਼ਰੀ ਕਾਰਾਂ ਸਮੇਤ ਕੀਤਾ ਕਾਬੂ

ਸੈਰ-ਸਪਾਟਾ ਰੁਕਣ ਨਾਲ ਇਨ੍ਹਾਂ ਪ੍ਰਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਰੋਟੀ ਦਾ ਮਾਮਲਾ ਖੜ੍ਹਾ ਹੋ ਸਕਦਾ ਹੈ। ਸੈਰ-ਸਪਾਟਾ ਰੋਕਿਆ ਨਹੀਂ ਜਾ ਸਕਦਾ ਪਰ ਨਿਯਮਿਤ ਕੀਤਾ ਜਾ ਸਕਦਾ ਹੈ। ਟੈ੍ਰਫਿਕ ਪ੍ਰਬੰਧਾਂ ’ਚ ਸੁਧਾਰ ਕਰਕੇ ਜਾਮ ਘਟਾਏ ਜਾ ਸਕਦੇ ਹਨ ਜਿਸ ਨਾਲ ਤੇਲ ਦੀ ਫਾਲਤੂ ਖਪਤ ਵੀ ਘਟ ਸਕਦੀ ਹੈ। ਜਿੱਥੇ ਸੰਭਵ ਹੋ ਸਕੇ ਇਲੈਕਟਿ੍ਰਕ ਗੱਡੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਨਤਕ ਆਵਾਜਾਈ ’ਚ ਸੁਧਾਰ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ।

ਜੇਕਰ ਜਨਤਕ ਆਵਾਜਾਈ ਦਾ ਪ੍ਰਬੰਧ ਉੱਤਮ ਹੋਵੇ ਤਾਂ ਲੋਕ ਨਿੱਜੀ ਗੱਡੀਆਂ ਦੀ ਵਰਤੋਂ ਤੋਂ ਪਰਹੇਜ ਕਰਨਗੇ। ਕੂੜਾ-ਕਰਕਟ ਨੂੰ ਸੰਭਾਲਣ ਲਈ ਸੁਚੱਜੇ ਪ੍ਰਬੰਧ ਕਰਨੇ ਪੈਣਗੇ ਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਮੁਕੰਮਲ ਬੰਦ ਹੋਣੀ ਚਾਹੀਦੀ ਹੈ। ਵਾਤਾਵਰਨ ਪ੍ਰਤੀ ਜਾਗਰੂਕਤਾ ਵੀ ਵਧਾਉਣੀ ਪਵੇਗੀ। ਅਜੇ ਤੱਕ ਬਹੁਤੇ ਲੋਕ ਵਾਤਾਵਰਨ ਨੂੰ ਵਾਧੂ ਜਿਹਾ ਮੰਨਦੇ ਹਨ ਜਿਵੇਂ ਉਹਨਾਂ ਲਈ ਕੋਈ ਓਪਰੀ ਚੀਜ਼ ਹੋਵੇ। ਅਸਲ ’ਚ ਵਾਤਾਵਰਨ ਨਾਲ ਹੀ ਮਨੁੱਖੀ ਜ਼ਿੰਦਗੀ ਦੀ ਹੋਂਦ ਹੈ।

ਡੇਰਾ ਸੱਚਾ ਸੌਦਾ ਵੱਲੋਂ ਇਸ ਖੇਤਰ ’ਚ ਬੇਮਿਸਾਲ ਕੰਮ ਕੀਤਾ ਜਾ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਜਿੱਥੇ ਹਰ ਸਾਲ ਲੱਖਾਂ ਬੂਟੇ ਲਾਏ ਜਾ ਰਹੇ ਹਨ, ਉੱਥੇ ਸਾਫ਼-ਸਫਾਈ ਰੱਖਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਵੇਂ ਸਰਕਾਰਾਂ ਵੀ ਵਾਤਾਵਰਨ ਦੀ ਸ਼ੁੱਧਤਾ ਲਈ ਕਦਮ ਚੁੱਕ ਰਹੀਆਂ ਹਨ ਪਰ ਇਸ ਸਬੰਧੀ ਆਮ ਆਦਮੀ ਨੂੰ ਵਿਅਕਤੀਗਤ ਤੌਰ ’ਤੇ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਮਨੁੱਖ ਨੂੰ ਆਪਣੀ ਜੀਵਨ ਜਾਂਚ ’ਚ ਤਬਦੀਲੀ ਕਰਨੀ ਪਵੇਗੀ ਤਾਂ ਕਿ ਮਨੁੱਖੀ ਸਰਗਰਮੀਆਂ ਪ੍ਰਦੂਸ਼ਣ ਦੇ ਵਾਧੇ ਦਾ ਕਾਰਨ ਨਾ ਬਣਨ।