ਮੁਹਾਲੀ (ਐੱਮ ਕੇ ਸ਼ਾਇਨਾ) ਮੁਹਾਲੀ ਪੁਲਿਸ ਨੇ ਅਦਾਲਤ ਵਿੱਚ ਮੁਲਜ਼ਮਾਂ ਦੇ ਜਾਅਲੀ ਜ਼ਮਾਨਤੀ ਬਾਂਡ ਭਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਇਸ ਗਰੋਹ ਦੇ ਕੁਝ ਹੋਰ ਲੋਕ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨ ਮੁਹਾਲੀ ਦੇ ਵਧੀਕ ਸੈਸ਼ਨ ਜੱਜ ਸੋਹਾਣਾ ਥਾਣੇ ਦੀ ਹਦਾਇਤ ’ਤੇ ਪੁਲਿਸ ਨੇ ਜਾਅਲੀ ਜ਼ਮਾਨਤ ਬਾਂਡ ਭਰਨ ਵਾਲੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420, 465, 467, 468 ਆਈ.ਪੀ.ਸੀ. 471 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। (Mohali Police)
ਇਹ ਵੀ ਪੜ੍ਹੋ :ਗੈਂਗਸ਼ਟਰ ਲਾਰੈਂਸ ਬਿਸ਼ਨੋਈ ਦੇ ਫਿਰੌਤੀ ਰੈਕੇਟ ਦਾ ਕੀਤਾ ਪਰਦਾਫਾਸ਼, ਤਿੰਨ ਕਾਬੂ
ਏਐਸਆਈ ਓਮ ਪ੍ਰਕਾਸ਼ ਦੀ ਟੀਮ ਨੇ ਦੋ ਵਿਅਕਤੀਆਂ ਅਮਰਜੀਤ ਸਿੰਘ ਵਾਸੀ ਮੁਹੱਲਾ ਜੱਟਾਂ ਵਾਲਾ ਪੁਰਾਣਾ ਰਾਜਪੁਰਾ ਅਤੇ ਸੁਨੀਲ ਗਿਰੀ ਵਾਸੀ ਸੁਲਤਾਨਪੁਰ ਬਰਮੋੜਾ ਬਰੇਲੀ ਯੂਪੀ ਨੂੰ ਕਾਬੂ ਕੀਤਾ ਸੀ। ਦੋਵਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰਾ ਗਿਰੋਹ ਵੱਖ-ਵੱਖ ਅਦਾਲਤਾਂ ‘ਚ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਮੁਲਜ਼ਮਾਂ ਦੀ ਜ਼ਮਾਨਤ ਭਰ ਕੇ ਰਿਹਾਅ ਕਰਵਾਉਂਦੇ ਸਨ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਸਿਮਰਨਜੀਤ ਸਿੰਘ ਉਰਫ਼ ਸਿੰਮੀ ਵਾਸੀ ਭਾਰਤ ਕਾਲੋਨੀ ਰਾਜਪੁਰਾ ਜ਼ਿਲ੍ਹਾ ਪਟਿਆਲਾ, ਜਸਵਿੰਦਰ ਸਿੰਘ ਉਰਫ਼ ਜੱਸੀ ਵਾਸੀ ਗੁਰੂ ਨਾਨਕ ਨਗਰ ਰਾਜਪੁਰਾ ਅਤੇ ਸੁਖਵੀਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਰਾਜਪੁਰਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮਾਸਟਰ ਮਾਈਂਡ ਵਿਅਕਤੀ ਲੱਕੀ ਵਾਸੀ ਸੰਗਰੂਰ, ਬਿੱਲਾ ਮੁਨਸ਼ੀ ਵਾਸੀ ਮੁਹਾਲੀ, ਸੋਨੂੰ ਵਾਸੀ ਅੰਬਾਲਾ ਅਤੇ ਭਾਗ ਸਿੰਘ ਵਾਸੀ ਡੇਰਾਬੱਸੀ ਦੀ ਗ੍ਰਿਫ਼ਤਾਰੀ ਬਾਕੀ ਹੈ। ਜਿਸ ਤੋਂ ਫਰਜ਼ੀ ਜ਼ਮਾਨਤ ਬਾਂਡ ਭਰਨ ਸਮੇਂ ਵਰਤੇ ਗਏ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਜਾ ਸਕਦੇ ਹਨ। Mohali Police