ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਸੰਸਦ ਭਵਨ ’ਚ ਦਾਖਲ ਹੁੰਦਿਆਂ ਹੀ ਮੈਂਬਰਾਂ ਤੇ ਪਤਵੰਤਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ ਤੇ ਇਸ ਦੌਰਾਨ ਮੋਦੀ-ਮੋਦੀ ਦੇ ਨਾਅਰੇ ਲੱਗੇ। ਲੋਕ ਸਭਾ ਸਪੀਕਰ ਓਮ ਬਿਰਲਾ ਤੇ ਰਾਜ ਸਭਾ ਦੇ ਉੱਪ ਸਭਾਪਤੀ ਡਾ. ਹਰੀਵੰਸ਼ ਨੇ ਨਵੇਂ ਸੰਸਦ ਭਵਨ ’ਚ ਮੋਦੀ ਦੀ ਅਗਵਾਈ ਕੀਤੀ। ਲੋਕ ਸਭਾ ਪਹੰੁਚਦੇ ਹੀ ਜ਼ੋਰਦਾਰ ਤਾੜੀਆਂ ਤੇ ਨਾਅਰਿਆਂ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਦੇ ਨਾਲ-ਨਾਲ ਮੋਦੀ-ਮੋਦੀ ਦੇ ਜੰਮ ਕੇ ਨਾਅਰੇ ਲੱਗੇ। ਨਵੇਂ ਸੰਸਦ ਭਵਨ ’ਚ ਊਰਜਾ ਦੀ ਬੱਚਤ ਤੇ ਪਾਣੀ ਬਚਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। (New Parliament)
ਨਵੇਂ ਸੰਸਦ ਭਵਨ ਦੀਆਂ ਖਾਸੀਅਤਾਂ | New Parliament
- ਸੰਸਦ ਭਵਨ ਦੇ ਕੰਪਲੈਕਸ ’ਚ ਸਥਾਪਿਤ ਨਵੇਂ ਸੰਸਦ ਭਵਨ ਦੇ ਲੋਕ ਸਭਾ ਰੂਮ ’ਚ ਐਤਵਾਰ ਨੂੰ ਪਹਿਲੀ ਵਾਰ ਇਤਿਹਾਸਕ ਸੇਂਗੋਲ (ਪਵਿੱਤਰ ਰਾਜਦੰਡ) ਸਥਾਪਿਤ ਕੀਤਾ ਗਿਆ ਜੋ ਵਿਰਾਸਤ ਦੇ ਆਧੁਨਿਕਤਾ ਨਾਲ ਜੁੜਨ ਦਾ ਪ੍ਰਤੀਕ ਹੈ।
- ਨਵੇਂ ਸੰਸਦ ਭਵਨ ਦਾ ਨਿਰਮਾਣ ਸਿਰਫ਼ ਢਾਈ ਸਾਲ ’ਚ ਪੂਰਾ ਕੀਤਾ ਗਿਆ ਹੈ। ਇਸ ਦਾ ਨੀਂਹ-ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ 2020 ਨੂੰ ਰੱਖਿਆ ਸੀ।
- ਨਵਾਂ ਸੰਸਦ ਭਵਨ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਸੈਂਟਰਲ ਵਿਸਟਾ ਪ੍ਰੋਜੈਕਟ ਦਾ ਹਿੱਸਾ ਹੈ। ਇਸ ਦੇ ਲੋਕ ਸਭਾ ਰੂਮ ’ਚ ਲੋੜ ਪੈਣ ’ਤੇ 1280 ਵਿਅਕਤੀਆਂ ਲਈ ਬੈਠਣ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
- ਨਵੇਂ ਸੰਸਦ ਭਵਨ ਦੇ ਲੋਕ ਸਭਾ ਰੂਮ ’ਚ 888 ਤੇ ਰਾਜ ਸਭਾ ਰੂਮ ’ਚ 300 ਮੈਂਬਰ ਆਰਾਮ ਨਾਲ ਬੈਠ ਸਕਦੇ ਹਨ। ਹਰ ਸੀਟ ’ਤੇ ਦੋ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ ਤੇ ਡੈਸਕ ’ਤੇ ਉਨ੍ਹਾਂ ਲਈ ਟੱਚ ਸਕ੍ਰੀਨ ਗੈਜੇਟ ਹੋਣਗੇ।
- ਹੀਰੇ (ਤਿੰਨਕੋਣੀ) ਆਕਾਰ ਦੇ ਨਵੇਂ ਭਵਨ ਦੇ ਨਾਲ ਸੰਸਦ ਭਵਨ ’ਚ ਲਾਇਬ੍ਰੇਰੀ ਭਵਨ ਸਮੇਤ ਤਿੰਨ ਭਵਨ ਹੋ ਗਏ ਹਨ।
- ਕੁੱਲ 64,500 ਵਰਗ ਮੀਟਰ ’ਚ ਬਣੇ ਨਵੇਂ ਸੰਸਦ ਭਵਨ ’ਚ ਤਿੰਨ ਮੁੱਖ ਗੇਟ ਗਿਆਨ ਗੇਟ, ਸ਼ਕਤੀ ਗੇਟ ਤੇ ਕਰਮ ਗੇਟ ਹਨ। ਬਹੁਤ ਹੀ ਖਾਸ ਵਿਅਕਤੀਆਂ, ਸਾਂਸਦਾਂ ਤੇ ਦਰਸ਼ਕਾਂ ਨੂੰ ਅਲੱਗ-ਅਲੱਗ ਗੇਟਾਂ ਰਾਹੀਂ ਦਾਖਲ ਕਰਵਾਇਆ ਜਾਵੇਗਾ।
ਨਵੇਂ ਸੰਸਦ ਭਵਨ ਦੀਆਂ ਖਾਸੀਅਤਾਂ | New Parliament
- ਇਸ ਦਾ ਨਿਰਮਾਣ ਟਾਟਾ ਉਦਯੋਗ ਸਮੂਹ ਦੀ ਕੰਪਨੀ ਟਾਟਾ ਪ੍ਰੋਜੈਕਟਸ ਲਿਮ. ਨੇ ਕੀਤਾ ਹੈ। ਇਸ ’ਚ ਇੱਕ ਵੱਡਾ ਹਾਲ ਹੈ, ਜਿਸ ’ਚ ਭਾਰਤ ਦੀ ਲੋਕਤੰਤਰਿਕ ਵਿਰਾਸਤ ਦੀ ਝਾਂਕੀ ਪੇਸ਼ ਕੀਤੀ ਗਈ ਹੈ। ਇਸ ’ਚ ਸਾਂਸਦਾਂ ਲਈ ਲਾਊਂਜ, ਲਾਇਬ੍ਰੇਰੀ, ਕਈ ਕਮੇਟੀ ਰੂਮ, ਭੋਜਨ-ਪਾਣੀ ਦੀ ਜਗ੍ਹਾ ਤੇ ਪਾਰਕਿੰਗ ਵਾਲੀ ਜਗ੍ਹਾ ਹੈ।
- ਨਵੇਂ ਸੰਸਦ ਭਵਨ ਦੇ ਨਿਰਮਾਣ ’ਚ 60 ਹਜ਼ਾਰ ਮਜ਼ਦੂਰਾਂ ਦੇ ਹੱਥ ਲੱਗੇ ਹਨ। ਇਹ ਆਧੁਨਿਕ ਇਲੈਕਟ੍ਰਾਨਿਕ ਯੰਤਰਾਂ ਨਾਲ ਲੈਸ ਹੈ ਜੋ ਸਾਂਸਦਾਂ ਦੀ ਕਾਰਜਸਮਰੱਥਾ ਦਾ ਵਿਸਥਾਰ ਕਰੇਗਾ ਤੇ ਇਨ੍ਹਾਂ ’ਚ ਸੰਸਦੀ ਕਾਰਜ ’ਚ ਅਸਾਨੀ ਹੋਵੇਗੀ।
- ਸੰਸਦ ਭਵਨ ’ਚ ਲੱਗੀ ਸਮੱਗਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਂਦੀ ਗਈ ਹੈ। ਇਸ ’ਚ ਇਮਾਰਤੀ ਲੱਕੜ ਮਹਾਂਰਾਸ਼ਟਰ ਦੇ ਨਾਗਪੁਰ ਤੋਂ, ਲਾਲ ਤੇ ਸਫੈਦ ਸੰਗਮਰਮਰ ਰਾਜਸਥਾਨ ਤੋਂ ਆਏ ਹਨ। ਇਸ ’ਚ ਉਦੈਪੁਰ ਤੋਂ ਲਿਆਂਦੇ ਗਏ ਹਰੇ ਪੱਥਰ ਲੱਗੇ ਹਨ। ਲਾਲ ਗ੍ਰੇਨਾਈਟ ਅਜਮੇਰ ਦੇ ਲਾਖਾ ਦੇ ਹਨ। ਕੁਝ ਸਫੈਦ ਸੰਗਮਰਮਰ ਰਾਜਸਥਾਨ ’ਚ ਹੀ ਅੰਬਾ ਜੀ ਤੋਂ ਲਿਆਂਦੇ ਗਏ ਹਨ।
- ਨਵੇਂ ਭਵਨ ਦੇ ਰਾਜ ਸਭਾ ਤੇ ਲੋਕ ਸਭਾ ਦੀ ਫਾਲਸ ਸੀਲਿੰਗ ਲਈ ਸਟੀਲ ਦੇ ਢਾਂਚੇ ਨੂੰ ਦਮਨ-ਦੀਪ ਤੋਂ ਮੰਗਵਾਇਆ ਗਿਆ ਹੈ।