ਜੰਤਰ-ਮੰਤਰ ’ਚ ਪਹਿਲਵਾਨਾਂ ਦੇ ਟੈਂਟ ਪੁੱਟੇ | Sakshi Malik
ਦਿੱਲੀ/ਪਾਨੀਪਤ (ਸੱਚ ਕਹੂੰ ਨਿਊਜ਼)। ਨਵੀਂ ਸੰਸਦ ਭਵਨ ਦੇ ਸਾਹਮਣੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪਹਿਲਵਾਨ ਬੈਰੀਕੇਡ ਪਾਰ ਕਰਕੇ ਨਵੀਂ ਪਾਰਲੀਮੈਂਟ ਵੱਲ ਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ, ਸਾਕਸ਼ੀ ਮਲਿਕ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਗਰੋਂ ਪੁਲਿਸ ਨੇ ਧਰਨੇ ਵਾਲੀ ਥਾਂ ਜੰਤਰ-ਮੰਤਰ ’ਤੇ ਲੱਗੇ ਟੈਂਟ ਅਤੇ ਕੁਰਸੀਆਂ ਹਟਾ ਦਿੱਤੀਆਂ। ਦਰਅਸਲ ਜੰਤਰ-ਮੰਤਰ ’ਤੇ 34 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਐਤਵਾਰ ਨੂੰ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ’ਚ ਸ਼ਾਮਲ ਹੋਣ ਜਾ ਰਹੇ ਸਨ। ਪਰ, ਦਿੱਲੀ ਪੁਲਿਸ ਨੇ ਇਸ ਮਹਾਂਪੰਚਾਇਤ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਦੇ ਬਾਵਜੂਦ ਪਹਿਲਵਾਨਾਂ ਨੇ ਮਹਾਪੰਚਾਇਤ ਕਰਵਾਈ ਅਤੇ ਸੰਸਦ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ।
ਪੂਨੀਆ ਬੋਲੇ : ਸਾਨੂੰ ਗੋਲੀ ਮਾਰ ਦਿਓ | Sakshi Malik
ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ : ਕੀ ਇਹ ਲੋਕਤੰਤਰ ਹੈ, ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਾਡੇ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਸਾਨੂੰ ਗੋਲੀ ਮਾਰੋ ਪੂਨੀਆ ਨੇ ਕਿਹਾ ਕਿ ਸਾਕਸ਼ੀ ਮਲਿਕ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।
ਵੱਡੇ ਅੱਪਡੇਟ… | Sakshi Malik, Bajrang Punia, Vinesh-Sangita Phogat
- ਮਹਾਪੰਚਾਇਤ ’ਚ ਹਰਿਆਣਾ, ਯੂਪੀ ਅਤੇ ਪੰਜਾਬ ਸਮੇਤ ਕਈ ਸੂਬਿਆਂ ਦੇ ਕਿਸਾਨ ਹਿੱਸਾ ਲੈਣਗੇ। ਇਸ ਕਾਰਨ ਦਿੱਲੀ ਪੁਲਿਸ ਨੇ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਬੈਰੀਕੇਡ ਲਗਾ ਦਿੱਤੇ ਹਨ।
- ਦਿੱਲੀ ਦੇ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ। ਸਿੰਘੂ ਬਾਰਡਰ ’ਤੇ ਇੱਕ ਸਕੂਲ ’ਚ ਆਰਜ਼ੀ ਜ਼ੇਲ੍ਹ ਬਣਾ ਦਿੱਤੀ ਗਈ ਹੈ।
- ਹਰਿਆਣਾ ਪੁਲਿਸ ਨੇ ਐਤਵਾਰ ਸਵੇਰੇ ਹਿਸਾਰ, ਸੋਨੀਪਤ, ਪਾਣੀਪਤ, ਰੋਹਤਕ, ਜੀਂਦ ਅਤੇ ਅੰਬਾਲਾ ਵਿੱਚ ਖਾਪ ਨੁਮਾਇੰਦਿਆਂ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲਿਆ।
- ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਮਹਾਪੰਚਾਇਤ ਵੱਲ ਜਾਣ ਵਾਲਿਆਂ ਨੂੰ ਹਿਰਾਸਤ ’ਚ ਲਿਆ ਜਾ ਰਿਹਾ ਹੈ।