ਹਿੰਦੁਸਤਾਨ ਦੀ ਰਾਜਨੀਤੀ ਨੇ ਹੁਣ ਇੱਕ ਨਵਾਂ ਰਾਹ ਫੜ ਲਿਆ ਹੈ। ਅਸਹਿਣਸ਼ੀਲਤਾ ਦਾ ਰਾਹ, ਨਫ਼ਰਤ ਅਤੇ ਬਦਲਾਖੋਰੀ ਦਾ ਰਾਹ। ਰਾਜਨੀਤੀ ’ਚ ਸਿਧਾਂਤ, ਅਸੂਲ, ਮੁੱਲ ਸਮਾਪਤ ਹੰੁਦੇ ਜਾ ਰਹੇ ਹਨ। ਸਿਧਾਂਤ ਸਿਰਫ਼ ਇੱਕ ਬਚਿਆ ਹੈ ਉਹ ਹੈ ਕਿਸੇ ਵੀ ਤਰੀਕੇ ਸੱਤਾ ਪ੍ਰਾਪਤ ਕਰਨਾ। ਅੱਜ ਵਿਰੋਧੀ ਧਿਰ ਦਾ ਕੰਮ ਸਿਰਫ਼ ਵਿਰੋਧ ਕਰਨਾ ਅਤੇ ਸੱਤਾਧਿਰ ਦਾ ਕੰਮ ਜਿਵੇਂ-ਕਿਵੇਂ ਕਰਕੇ ਵਿਰੋਧ ਨੂੰ ਦਬਾਉਣਾ। ਇਸੇ ਖਿੱਚੋਤਾਣ ’ਚ ਸਮਾਂ ਬੀਤ ਜਾਂਦਾ ਹੈ। ਸੰਸਦ ’ਚ ਉਸਾਰੂ ਬਹਿਸ ਹੁਣ ਬੀਤੇ ਜ਼ਮਾਨੇ ਦੀ ਗੱਲ ਹੋ ਗਈ ਹੈ। ਕਿਸੇ ਬਿੱਲ ਨੂੰ ਪਾਸ ਕਰਦੇ ਸਮੇਂ ਉਸ ਦੇ ਨਫ਼ੇ-ਨੁਕਸਾਨ ’ਤੇ ਜੋ ਚਰਚਾ ਹੋਣੀ ਚਾਹੀਦੀ ਹੈ ਉਹ ਚਰਚਾ ਨਾ ਹੋ ਕੇ ਨਿੱਜੀ ਵਿਅੰਗ ਹੀ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਇਸੇ ਰੌਲੇ-ਰੱਪੇ ’ਚ ਬਿਨਾਂ ਕਿਸੇ ਚਰਚਾ ਦੇ ਬਿੱਲ ਪਾਸ ਹੋ ਜਾਂਦੇ ਹਨ ਅਤੇ ਕਾਨੂੰਨ ਦਾ ਰੂਪ ਲੈ ਲੈਂਦੇ ਹਨ। ਇਹ ਰੀਤ ਦੇਸ਼ ਦੇ ਲੋਕਤੰਤਰ ਲਈ ਖਤਰਨਾਕ ਹੈ। (Parliament Controversy)
28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਸੰਸਦ ਦਾ ਉਦਘਾਟਨ ਕਰਨਗੇ | Parliament Controversy
ਦੇਸ਼ ਦੀ ਨਵੀਂ ਬਣੀ ਸੰਸਦ ’ਤੇ ਹੁਣ ਕੋਹਰਾਮ ਮੱਚਿਆ ਹੋਇਆ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸੰਸਦ ਦੀ ਨਵੀਂ ਇਮਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਡਿਆਈ ਕਰਨ ਲਈ ਬਣਾਈ ਗਈ, ਜਿਸ ਦੀ ਕੋਈ ਲੋੜ ਨਹੀਂ ਸੀ। ਇੱਕ ਪਾਸੇ ਦੇਸ਼ ਕੋਰੋਨਾ ਕਾਲ ਦੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਸੀ, ੳੱੁਥੇ ਦੂਜੇ ਪਾਸੇ ਸੰਸਦ ਦੀ ਨਵੀਂ ਇਮਾਰਤ ਦੀ ਉਸਾਰੀ ਦੀ ਨੀਂਹ ਰੱਖੀ ਜਾ ਰਹੀ ਸੀ। ਹੁਣ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਦੀ ਵਾਰੀ ਹੈ। 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਸੰਸਦ ਦਾ ਉਦਘਾਟਨ ਕਰਨਗੇ। ਇਸ ਦੇ ਵਿਰੋਧ ’ਚ ਕਾਂਗਰਸ ਸਮੇਤ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। 19 ਰਾਜਨੀਤਿਕ ਪਾਰਟੀਆਂ ਨੇ ਪ੍ਰਧਾਨ ਮੰਤਰੀ ਵੱਲੋਂ ਨਵੀਂ ਸੰਸਦ ਦੇ ਉਦਘਾਟਨ ਪ੍ਰੋਗਰਾਮ ਦਾ ਸਾਂਝੇ ਤੌਰ ’ਤੇ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਸਿਆਸੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਵੱਲੋਂ ਨਵੀਂ ਸੰਸਦ ਦੇ ਉਦਘਾਟਨ ’ਤੇ ਇਤਰਾਜ਼ ਪ੍ਰਗਟਾਇਆ ਹੈ।
ਮਾਣਯੋਗ ਰਾਸ਼ਟਰਪਤੀ ਨੂੰ ਦੂਰ ਰੱਖਣਾ ਬਿਲਕੁਲ ਹੀ ਨਿਆਂਸੰਗਤ ਨਹੀਂ
ਉਨ੍ਹਾਂ ਦਾ ਕਹਿਣਾ ਹੈ ਕਿ ਸੰਸਦ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ, ਇਸ ਲਈ ਸੰਸਦ ਦਾ ਉਦਘਾਟਨ ਰਾਸ਼ਟਰਪਤੀ ਦੇ ਹੱਥੋਂ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਾਰਜਪਾਲਿਕਾ ਦਾ ਮੁਖੀ ਹੁੰਦਾ ਹੈ, ਵਿਧਾਨਪਾਲਿਕਾ ਦਾ ਨਹੀਂ। ਮਾਕਪਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਸੰਸਦ ਦੇ ਨੀਂਹ ਪੱਥਰ ਅਤੇ ਉਦਘਾਟਨ ਦੋਵਾਂ ਮੌਕਿਆਂ ’ਤੇ ਮਾਣਯੋਗ ਰਾਸ਼ਟਰਪਤੀ ਨੂੰ ਦੂਰ ਰੱਖਣਾ ਬਿਲਕੁਲ ਹੀ ਨਿਆਂਸੰਗਤ ਨਹੀਂ ਹੈ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਸੰਸਦ ਦੇਸ਼ ਦੇ ਮਾਣ ਦੀ ਪ੍ਰਤੀਕ ਹੈ, ਜਿਸ ’ਚ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ। ਇਸ ਮਾਣਮੱਤੇ ਪਲ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਤੀਹਰੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ’ਚ ਲੁਧਿਆਣਾ ਪੁਲਿਸ 5ਵੇਂ ਦਿਨ ਵੀ ਨਾਕਾਮ
ਵਿਰੋਧੀ ਪਾਰਟੀਆਂ ਵੱਲੋਂ ਵਿਵਾਦ ਖੜ੍ਹਾ ਕਰਨ ਦੀ ਆਦਤ ਬਣ ਗਈ ਹੈ। ਰਾਸ਼ਟਰਪਤੀ ਦੇਸ਼ ਦੇ ਮੁਖੀ ਹੁੰਦੇ ਹਨ, ਤਾਂ ਪ੍ਰਧਾਨ ਮੰਤਰੀ ਸਰਕਾਰ ਦੇ ਮੁਖੀ ਹੰੁਦੇ ਹਨ। ਭਾਜਪਾ ਆਗੂ ਹਰਦੀਪ ਪੁਰੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹੁੰਦੇ, ਅਜਿਹੇ ’ਚ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕਰਨਾ ਬਿਲਕੁਲ ਨਿਆਂਸੰਗਤ ਹੈ। ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਇੱਕ ਸੀਮਾ ਤੱਕ ਤਾਂ ਸਹੀ ਹੁੰਦੀ ਹੈ ਪਰ ਜਿੱਥੇ ਦੇਸ਼ ਦੀ ਮਾਣ-ਮਰਿਆਦਾ ਦਾ ਸਵਾਲ ਹੋਵੇ ਤਾਂ ਤਮਾਮ ਸਿਆਸੀ ਪਾਰਟੀਆਂ ਨੂੰ ਆਪਣੇ ਮੱਤਭੇਦ ਭੁਲਾ ਕੇ ਇੱਕਜੁਟਤਾ ਦਿਖਾਉਣੀ ਚਾਹੀਦੀ ਹੈ। ਸੱਤਾਧਾਰੀ ਪਾਰਟੀ ਨੂੰ ਵੀ ਵਿਰੋਧੀ ਪਾਰਟੀਆਂ ਦੇ ਤਰਕਸੰਗਤ ਸੁਝਾਅ ਨੂੰ ਮੰਨਣਾ ਚਾਹੀਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਸਿਰਫ਼ ਵਿਰੋਧ ਦੇ ਨਾਂਅ ’ਤੇ ਵਿਰੋਧ ਨਹੀਂ ਕਰਨਾ ਚਾਹੀਦਾ।