ਮੀਂਹ ਤੇ ਝੱਖੜ ਨਾਲ ਉਸਾਰੀ ਅਧੀਨ ਮਕਾਨ ਡਿੱਗਿਆ, ਇੱਕ ਦੀ ਮੌਤ

Rain and Storm
ਭਵਾਨੀਗੜ੍ਹ। ਤੇਜ਼ ਮੀਂਹ ਤੇ ਝੱਖੜ ਨਾਲ ਡਿੱਗਿਆ ਉਸਾਰੀ ਅਧੀਨ ਮਕਾਨ।

ਭਵਾਨੀਗੜ੍ਹ (ਵਿਜੈ ਸਿੰਗਲਾ)। ਬੀਤੀ ਰਾਤ ਆਏ ਤੇਜ਼ ਝੱਖੜ ਤੇ ਮੀਂਹ ਦੌਰਾਨ ਪਿੰਡ ਭੱਟੀਵਾਲ ਖੁਰਦ ਵਿਖੇ ਇਕ ਨਵੇਂ ਉਸਾਰੇ ਜਾ ਰਹੇ ਮਕਾਨ ਦੇ ਢਹਿ-ਢੇਰੀ ਹੋ ਜਾਣ ਕਾਰਨ ਕੰਧਾਂ ਹੇਠ ਦਬ ਜਾਣ ਕਾਰਨ ਦਲਿਤ ਵਰਗ ਨਾਲ ਸਬੰਧਤ 40 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੀ.ਕੇ.ਯੂ ਡਕੌਂਦਾ ਦੇ ਪਿੰਡ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ, ਬੀ.ਕੇ.ਯੂ. ਏਕਤਾ ਉਗਰਾਹਾ ਦੇ ਆਗੂ ਗੁਰਚੇਤ ਸਿੰਘ, ਸਰਪੰਚ ਸ਼੍ਰੀਮਤੀ ਗੁਰਮੀਤ ਕੌਰ, ਪਰਮਜੀਤ ਸਿੰਘ, ਚਮਕੌਰ ਸਿੰਘ (ਡਕੌਦਾ) ਜਗਵੀਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਵਾਲ ਖੁਰਦ ਵਿਖੇ ਦਲਿਤ ਤੇ ਗਰੀਬ ਵਰਗ ਨਾਲ ਸਬੰਧਤ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵੱਲੋਂ ਪਿੰਡ ਤੋਂ ਨਰਾਇਣਗੜ੍ਹ ਜਾਣ ਵਾਲੀ ਸੜਕ ਉਪਰ ਆਪਣੇ ਨਵੇ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਥੇ ਮਕਾਨ ਦੀ ਅਜੇ ਛੱਤ ਨਹੀਂ ਸੀ ਪਈ ਸਿਰਫ ਚਾਰਦੀਵਾਰੀਆਂ ਹੀ ਖੜੀਆਂ ਕੀਤੀਆਂ ਹੋਈਆਂ ਸਨ ਤੇ ਕੁਲਦੀਪ ਸਿੰਘ ਰਾਖੀ ਦੇ ਤੌਰ ’ਤੇ ਰਾਤ ਨੂੰ ਆਪਣੇ ਨਵੇ ਉਸਾਰੇ ਜਾ ਰਹੇ ਇਸ ਮਕਾਨ ਅੰਦਰ ਹੀ ਸੁੱਤਾ ਪਿਆ ਸੀ ਤੇ ਦੇਰ ਰਾਤ ਨੂੰ ਆਏ ਤੇਜ਼ ਝੱਖੜ ਕਾਰਨ ਉਸ ਦਾ ਇਹ ਮਕਾਨ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਤੇ ਮਕਾਨ ਦੀਆਂ ਕੰਧਾਂ ਸੁੱਤੇ ਪਏ ਕੁਲਦੀਪ ਸਿੰਘ ਉਪਰ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ।

Rain-and-Storm-2

ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦੇ ਨੇੜੇ ਹੀ ਮਕਾਨ ਬਣਾ ਰਿਹਾ ਇਕ ਹੋਰ ਵਿਅਕਤੀ ਅੱਜ ਸਵੇਰੇ ਜਦੋਂ ਇਥੋਂ ਲੰਘਿਆ ਤਾਂ ਉਸ ਨੇ ਕੁਲਦੀਪ ਸਿੰਘ ਦਾ ਢਹਿ ਢੇਰੀ ਹੋਇਆ ਮਕਾਨ ਦੇਖਣ ਤੋਂ ਬਾਅਦ ਜਦੋਂ ਨੇੜੇ ਜਾ ਕੇ ਦੇਖਿਆਂ ਤਾਂ ਕੁਲਦੀਪ ਸਿੰਘ ਇੱਥੇ ਮ੍ਰਿਤਕ ਹਾਲਤ ’ਚ ਪਿਆ ਸੀ। ਜਿਸ ਦੀ ਸੂਚਨਾ ਉਸ ਨੇ ਪਿੰਡ ਵਾਸੀਆਂ ਨੂੰ ਦਿੱਤੀ। ਕਿਸਾਨਾਂ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਸੀ ਤੇ ਮ੍ਰਿਤਕ ਆਪਣੇ ਪਿਛੇ ਵਿਧਵਾ ਪਤਨੀ ਤੇ 3 ਬੇਟੇ ਛੱਡ ਗਿਆ ਹੈ। ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ।

ਆਉਂਦੀ 28 ਮਈ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ

ਪੰਜਾਬ ਤੇ ਹਰਿਆਣਾ ’ਚ ਮੰਗਲਵਾਰ ਨੂੰ ਗਰਮੀ ਅਤੇ ਹੁੰਮਸ ਨਾਲ ਲੋਕ ਪ੍ਰੇਸ਼ਾਨ ਹੋਏ। ਪੰਜਾਬ ਦਾ ਫਰੀਦਕੋਟ 44.1 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਹਰਿਆਣਾ ਦੇ ਹਿਸਾਰ, ਝੱਜਰ ਅਤੇ ਜੀਂਦ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਝੱਜਰ ਵਿੱਚ ਸਭ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਵਿੱਚ ਦਿਨ ਭਰ ਧੁੱਪ ਛਾਈ ਰਹੀ। ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਕਾਰਨ ਦੇਰ ਸਾਮ ਨੂੰ ਅਚਾਨਕ ਬੱਦਲ ਛਾਏ ਰਹੇ।

ਬੀਤੀ ਰਾਤ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ ਜਿਸ ਨਾਲ ਤਾਪਮਾਨ ਕਾਫ਼ੀ ਹੇਠਾਂ ਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੂਰੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੀਂਹ ਦੇ ਨਾਲ 50 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਮੌਸਮ ਵਿਗਿਆਨੀਆਂ ਅਨੁਸਾਰ ਮੌਸਮ ਵਿੱਚ ਇਹ ਤਬਦੀਲੀ ਪੱਛਮੀ ਤਬਦੀਲੀ ਕਾਰਨ ਵੀ ਹੈ। ਉੱਤਰੀ ਭਾਰਤ ’ਚ ਗਰਮੀ ਵਧਣ ਤੋਂ ਬਾਅਦ ਹਵਾ ਦਾ ਦਬਾਅ ਵਧ ਰਿਹਾ ਹੈ। ਜਿਸ ਕਾਰਨ ਪੱਛਮੀ ਤਬਦੀਲੀ ਕਾਰਨ ਅੱਜ ਪੂਰੇ ਪੰਜਾਬ ਵਿੱਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਮੀਂਹ ਪੈਣ ਨਾਲ ਮੌਸਮ ਵੀ ਸੁਹਾਵਣਾ ਹੋ ਜਾਵੇਗਾ।

ਕੁੱਲੂ ਦੀਆਂ ਪਹਾੜੀਆਂ ’ਤੇ ਹਲਕੀ ਬਰਫਬਾਰੀ

ਤੇਜ ਹਵਾਵਾਂ ਚੱਲਣ ਲੱਗ ਪਈਆਂ। ਹਿਮਾਚਲ ਵਿੱਚ, ਲਾਹੌਲ ਸਪਿਤੀ ਅਤੇ ਕੁੱਲੂ ਦੀਆਂ ਪਹਾੜੀਆਂ ਵਿੱਚ ਹਲਕੀ ਬਰਫਬਾਰੀ ਹੋਈ, ਜਦੋਂ ਕਿ ਹੇਠਲੇ ਇਲਾਕਿਆਂ ਵਿੱਚ ਤੇਜ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਹੋਈ, ਜਿਸ ਨਾਲ ਪਾਰਾ 4 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ।

ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ 28 ਮਈ ਤੱਕ ਰਹੇਗਾ

ਵੈਸਟਰਨ ਡਿਸਟਰਬੈਂਸ ਦੇ ਅੰਸਕ ਪ੍ਰਭਾਵ ਕਾਰਨ 22 ਮਈ ਤੋਂ ਸੂਬੇ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਆਈ ਅਤੇ ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਵਧਣ ਕਾਰਨ 23 ਮਈ ਅਤੇ 24 ਮਈ ਦੀ ਰਾਤ ਨੂੰ ਹਲਕੀ ਬਾਰਿਸ ਹੋਈ। ਰਾਜ ਦੇ ਉੱਤਰ-ਪੱਛਮੀ ਅਤੇ ਦੱਖਣੀ ਖੇਤਰਾਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਪਰ 25 ਮਈ ਤੋਂ ਇੱਕ ਹੋਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ 26 ਮਈ ਤੋਂ 28 ਮਈ ਤੱਕ ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਰੁਕ-ਰੁਕ ਕੇ ਬੱਦਲ ਛਾਏ ਰਹਿਣ ਅਤੇ ਹਨੇ੍ਹਰੀ ਅਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਬਰਨਾਲਾ ਦੇ ਪਿੰਡ ’ਚ ‘ਅਣਖ ਦੀ ਖਾਤਰ’ ਲੜਕੇ-ਲੜਕੀ ਦਾ ਕਤਲ