92 ਵਿਧਾਇਕ ਹੋਣ ਦੇ ਬਾਵਜੂਦ ਬਜਟ ਸੈਸ਼ਨ ਸੱਦਣ ਲਈ ਜਾਣਾ ਪਿਐ ਸੁਪਰੀਮ ਕੋਰਟ, ਕਿਥੇ ਐ ਲੋਕਤੰਤਰ (CM Bhagwant Maan)
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 92 ਵਿਧਾਇਕ ਹੋਣ ਦੇ ਬਾਵਜੂਦ ਬਜਟ ਸੈਸ਼ਨ ਸੱਦਣ ਲਈ ਪੰਜਾਬ ਦੀ ਸਰਕਾਰ (CM Bhagwant Maan) ਨੂੰ Supreme Court ਤੱਕ ਜਾਣਾ ਪੈ ਰਿਹਾ ਹੈ। ਸੁਪਰੀਮ ਕੋਰਟ ਤੋਂ ਆਦੇਸ਼ ਆਏ ਕਿ ਬਜਟ ਸੈਸ਼ਨ ਨੂੰ ਚਲਾਉਣ ਦਾ ਸੂਬਾ ਸਰਕਾਰ ਦਾ ਅਧਿਕਾਰ ਹੈ ਅਤੇ ਇਸ ਨੂੰ ਰਾਜਪਾਲ ਵਲੋਂ ਰੋਕਿਆ ਨਹੀਂ ਜਾ ਸਕਦਾ ਹੈ। ਇਸ ਪੱਧਰ ਤੱਕ ਰਾਜਪਾਲ ਵੱਲੋਂ ਸਾਨੂੰ ਤੰਗ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀਆਂ 98 ਨਵੀਆਂ ਤੇ ਹਾਈਟੈਕ ਗੱਡੀਆਂ
ਰਾਜਪਾਲ ਵੱਲੋਂ ਪੰਜਾਬ ਵਿੱਚ ਹੀ ਤੰਗ ਨਹੀਂ ਕੀਤਾ ਜਾ ਰਿਹਾ ਹੈ, ਸਗੋਂ ਦੇਸ਼ ਦੇ ਕਈ ਸੂਬਿਆਂ ਵਿੱਚ ਤਾਇਨਾਤ ਰਾਜਪਾਲ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੂਬਾ ਸਰਕਾਰਾਂ ਤੰਗ ਕੀਤਾ ਜਾ ਰਿਹਾ ਹੈ। ਜੇਕਰ 30-32 ਰਾਜਪਾਲ ਤੇ ਇੱਕ ਪ੍ਰਧਾਨ ਮੰਤਰੀ ਵੱਲੋਂ ਹੀ ਦੇਸ਼ ਨੂੰ ਚਲਾਉਣਾ ਹੈ ਤਾਂ ਕਰੋੜਾਂ ਰੁਪਏ ਚੋਣਾਂ ’ਤੇ ਕਿਉਂ ਖ਼ਰਚ ਕੀਤਾ ਜਾ ਰਿਹਾ ਹੈ ? ਇਹ ਸੁਆਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Maan) ਨੇ ਕੋਲਕਤਾ ਵਿਖੇ ਖੜਾ ਕੀਤਾ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਰਾਜਪਾਲ ਵੱਲੋਂ ਉਸ ਪੰਜਾਬ ਸਰਕਾਰ ਨੂੰ ਤੰਗ ਕੀਤਾ ਜਾ ਰਿਹਾ ਹੈ, ਜਿਨਾਂ ਕੋਲ 117 ਵਿੱਚੋਂ 92 ਵਿਧਾਇਕ ਹਨ।
ਭਗਵੰਤ ਮਾਨ ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ਦੇ ਦੌਰੇ ’ਤੇ, 28 ਨੂੰ ਆਉਣਗੇ ਵਾਪਸ
ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ਦੇ ਟੂਰ ’ਤੇ ਹਨ। ਇਸ ਟੂਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ 2 ਰਾਜ ਸਭਾ ਮੈਂਬਰ ਸਣੇ ਦਿੱਲੀ ਦੇ ਸਿੱਖਿਆ ਮੰਤਰੀ ਵੀ ਗਏ ਹੋਏ ਹਨ। ਭਗਵੰਤ ਮਾਨ ਨੇ ਕੋਲਕਤਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਕਰਦੇ ਹਨ ਕਿ ਦੇਸ਼ ਵਿੱਚ ਸਭ ਤੋਂ ਵੱਡਾ ਲੋਕਤੰਤਰ ਕੰਮ ਰਿਹਾ ਹੈ ਪਰ ਦੇਸ਼ ਵਿੱਚ ਕਿਸੇ ਵੀ ਗੈਰ ਭਾਜਪਾ ਸੂਬਾ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ।
ਮਮਤਾ ਦੀਦੀ ਨੇ ਵੀ ਕਾਫ਼ੀ ਲੜਾਈ ਲੜੀ (CM Bhagwant Maan)
ਮਮਤਾ ਦੀਦੀ ਨੇ ਵੀ ਕਾਫ਼ੀ ਲੜਾਈ ਲੜੀ ਹੈ, ਇਨਾਂ ਵੱਲੋਂ ਸੀਬੀਆਈ ਅਤੇ ਈਡੀ ਦੇ ਰੇਡ ਦੇਖੀ ਹੈ ਤਾਂ ਉਨਾਂ ਦਾ ਡਟਵਾਂ ਮੁਕਾਬਲਾ ਵੀ ਕੀਤਾ ਹੈ। ਅਸੀਂ ਕੇਂਦਰ ਸਰਕਾਰ ਦੇ ਖ਼ਿਲਾਫ਼ ਲੜਾਈ ਵਿੱਚ ਇਕੱਠੇ ਹੋ ਕੇ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਸ਼ ਕੀਤੀ ਜਾਏਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਪਾਰਟੀਆਂ ਦੇ ਆਪਸ ਵਿੱਚ ਭਾਵੇਂ ਮਤਭੇਦ ਹੋਣਗੇ ਪਰ ਦੇਸ਼ ਰਹੇਗਾ ਤਾਂ ਹੀ ਸੂਬਾ ਪਾਰਟੀਆਂ ਰਹਿਣਗੀਆਂ। ਉਨਾਂ ਕਿਹਾ ਕਿ ਇਹ ਲੋਕ ਸੰਵਿਧਾਨ ਬਦਲਣ ਦੀ ਹਰ ਦਿਨ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਨਾਂ ਲੋਕਾਂ ਨੇ ਤਾਂ ਦੇਸ਼ ਦੇ ਸੰਵਿਧਾਨ ਨੂੰ ਹੀ ਖ਼ਤਰਾ ਪੈਦਾ ਕਰਕੇ ਰੱਖ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਵਿੱਚ ਕਹਾਵਤ ਹੈ ਕਿ ਹੰਕਾਰ ਦਾ ਸਿਰ ਨੀਵਾਂ ਹੁੰਦਾ ਹੈ। ਹੰਕਾਰ ਹਮੇਸ਼ਾ ਹੀ ਹਾਰਦਾ ਹੈ। ਭਗਵਾਨ ਵੀ ਹੰਕਾਰੀ ਵਿਅਕਤੀ ਦੀ ਮੱਦਦ ਨਹੀਂ ਕਰਦਾ ਹੈ। ਅਸੀਂ ਸਾਰੇ ਸੱਚੇ ਅਤੇ ਦੇਸ਼ ਭਗਤ ਲੋਕ ਹਾਂ, ਆਪਣੇ ਆਪਣੇ ਫੀਲਡ ਨੂੰ ਛੱਡ ਕੇ ਰਾਜਨੀਤੀ ਵਿੱਚ ਆਏ ਹੋਏ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਦੁਨੀਆ ਭਰ ਵਿੱਚ ਨੰਬਰ ਇੱਕ ਬਨਣਾ ਚਾਹੀਦਾ ਹੈ ਪਰ ਇਹ ਤਾਂ ਹੀ ਬਣੇਗਾ, ਜੇਕਰ ਚੰਗੀ ਤੇ ਸੱਚੀ ਨਿਯਤ ਵਾਲੇ ਲੋਕ ਅੱਗੇ ਆਉਣਗੇ।
ਰਾਜ ਸਭਾ ਤੇ ਲੋਕ ਸਭਾ ਵਿੱਚ ਬਿੱਲ ਦਾ ਕੀਤਾ ਜਾਏਗਾ ਵਿਰੋਧ : ਮਮਤਾ ਬੈਨਰਜ਼ੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਨੇ ਕਿਹਾ ਕਿ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਾਲ ਕਾਫ਼ੀ ਜਿਆਦਾ ਮਾੜਾ ਵਿਵਹਾਰ ਹੋ ਰਿਹਾ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਸਾਰੀਆਂ ਨੂੰ ਕਰਨੀ ਚਾਹੀਦੀ ਹੈ ਪਰ ਕੇਂਦਰ ਸਰਕਾਰ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਹੀ ਖ਼ਤਮ ਕਰਨ ਵਿੱਚ ਲਗੀ ਹੋਈ ਹੈ। ਇਸ ਲਈ ਦਿੱਲੀ ਸਰਕਾਰ ਦੇ ਹੱਕ ਵਿੱਚ ਉਨਾਂ ਦੀ ਪਾਰਟੀ ਅਤੇ ਸੰਸਦ ਮੈਂਬਰ ਡੱਟ ਕੇ ਖੜੇ ਹਨ। ਉਹ ਲੋਕ ਸਭਾ ਅਤੇ ਰਾਜ ਸਭਾ ਵਿੱਚ ਕੇਂਦਰ ਸਰਕਾਰ ਦੇ ਇਸ ਬਿੱਲ ਦਾ ਜੰਮ ਕੇ ਵਿਰੋਧ ਕਰਨਗੇ ਅਤੇ ਪਾਸ ਨਹੀਂ ਹੋਣ ਦਿੱਤਾ ਜਾਏਗਾ।