ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਸੂਚਨਾ ’ਤੇ ਬੋਰਡ ਨੇ ਕੀਤੀ ਕਾਰਵਾਈ
ਲੁਧਿਆਣਾ (ਸੱਚ ਕਹੂੰ ਨਿਊਜ਼)। ਗਿਆਸਪੁਰਾ ਗੈਸ ਲੀਕ ਹਾਦਸੇ (Giaspura Gas Leak Accident) ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਰਕਤ ’ਚ ਆ ਗਿਆ ਹੈ। ਜਿਸ ਨੇ ਵਿਧਾਇਕ ਦੀ ਸੂਚਨਾ ’ਤੇ ਇੱਥੇ ਇੱਕ ਖਾਲੀ ਪਲਾਟ ’ਚ ਰੇਡ ਕਰਕੇ ਉਥੋਂ ਹਜ਼ਾਰਾਂ ਲਿਟਰ ਤੇਜ਼ਾਬ ਬਰਾਮਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ ਦੇ ਗਿਆਸਪੁਰਾ ਵਿਖੇ ਗੈਸ ਲੀਕ ਘਟਨਾਂ ਪਿੱਛੋਂ ਸਰਕਾਰ ਦੀ ਘੁਰਕੀ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਪ੍ਰਸ਼ਾਸਨ ਦੁਆਰਾ ਸ਼ਹਿਰ ਅੰਦਰ ਉਦਯੋਗਿਕ ਇਕਾਈਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਇਸੇ ਤਹਿਤ ਹੀ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਇਤਲਾਹ ’ਤੇ ਇੱਥੇ ਇੱਕ ਖਾਲੀ ਪਲਾਟ ’ਚ ਰੇਡ ਕੀਤੀ। ਜਿੱਥੇ ਬੋਰਡ ਦੀ ਟੀਮ ਨੂੰ ਹਜ਼ਾਰਾਂ ਲਿਟਰ ਤੇਜ਼ਾਬ ਮਿਲਿਆ ਹੈ। ਗੋਦਾਮ ਦੇ ਮਾਲਕ ਅਨੁਸਾਰ ਉਸਦੇ ਕੋਲ ਜੀਐਸਟੀ ਨੰਬਰ ਤੇ ਸਬੰਧਿਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਲਾਇਸੰਸ ਹੈ। ਮੌਕੇ ਤੇ ਮੋਜੂਦ ਏਸੀਪੀ ਸੰਦੀਪ ਵਡੇਰਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਗੋਦਾਮ ਮਾਲਕ ਕੋਲ ਮੌਜੂਦ ਕਾਗਜਾ ਆਪਣੇ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਜਿਕਰਯੋਗ ਹੈ ਜ਼ਿਲੇ ’ਚ ਸਥਿੱਤ ਗਿਆਸਪੁਰਾ ਇਲਾਕੇ ਦੇ ਸੂਆ ਰੋਡ ’ਤੇ 30 ਅਪਰੈਲ ਨੂੰ ਗੈਸ ਲੀਕ ਹੋਣ ਕਾਰਨ ਵਾਪਰੇ ਹਾਦਸੇ ’ਚ 11 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਪਿੱਛੋਂ ਜਾਗਿਆ ਪ੍ਰਸ਼ਾਸਨ ਕਿਸੇ ਵੀ ਤਰਾਂ ਦਾ ਜੋਖ਼ਮ ਨਹੀਂ ਉਠਾਉਣਾ ਚਾਹੰੁਦਾ। ਮਿਲੀ ਜਾਣਕਾਰੀ ਮੁਤਾਬਕ ਤੇਜ਼ਾਬ ਮਿਲਣ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਸਬੰਧਿਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ | Giaspura Gas Leak Accident
ਏਸੀਪੀ ਸੰਦੀਪ ਵਡੇਰਾ ਮੁਤਾਬਕ ਉਨਾਂ ਵੱਲੋਂ ਗੋਦਾਮ ਮਾਲਕ ਤੋਂ ਸਮੁੱਚੇ ਕਾਗਜਾਤ ਲੈ ਲਏ ਹਨ। ਇਸ ਦੇ ਨਾਲ ਹੀ ਸਬੰਧਿਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਕਾਗਜਾਂ ਨੂੰ ਚੈੱਕ ਕੀਤਾ ਜਾਵੇਗਾ ਅਤੇ ਖਾਮੀਆਂ ਪਾਏ ਜਾਣ ’ਤੇ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਦੂਜੇ ਪਾਸੇ ਗੋਦਾਮ ਮਾਲਕ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਕੋਲ ਜੀਐਸਟੀ ਨੰਬਰ ਸਮੇਤ ਫੂਡ ਸਪਲਾਈ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਲਾਇਸੰਸ ਵੀ ਹੈ, ਜਿਸ ਦੀ ਮੁਨਿਆਦ 2024 ਤੱਕ ਹੈ।
ਇਹ ਵੀ ਪੜ੍ਹੋ : IPL ’ਚ ਅੱਜ ਇੱਕ-ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਨਗੇ ਪੰਜਾਬ ਤੇ ਰਾਜਸਥਾਨ
ਉਨਾਂ ਅੱਗੇ ਦੱਸਿਆ ਕਿ ਉਹ ਆਪਣੇ ਕੋਲ ਮੌਜੂਦ ਕੈਮੀਕਲ ਨੂੰ ਜੀਐਸਟੀ ਨੰਬਰ ਧਾਰਕਾਂ ਨੂੰ ਹੀ ਵੇਚਦੇ ਹਨ। ਉਨਾਂ ਇਹ ਵੀ ਦੱਸਿਆ ਕਿ ਜਿਸ ਸਮੇਂ ਉਨਾਂ ਨੇ ਇੱਥੇ ਗੁਦਾਮ ਬਣਾਇਆ ਸੀ ਉਸ ਵੇਲੇ ਇਸ ਜਗਾ ਦੇ ਆਲੇ ਦੁਆਲੇ ਕਿਧਰੇ ਵੀ ਰਿਹਾਇਸ ਨਹੀ ਸੀ। ਉਨਾਂ ਇਹ ਵੀ ਕਿਹਾ ਕਿ ਜੇਕਰ ਇਸ ਗੋਦਾਮ ਕਾਰਨ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਗੋਦਾਮ ਦੀ ਜਗਾ ਬਦਲ ਦੇਣਗੇ।