ਕਿਤਾਬ ’ਚ ਦੇਸ਼ ਭਰ ਦੇ 5 ਜ਼ਿਲ੍ਹਿਆਂ ’ਚੋਂ ਬਠਿੰਡਾ ਪੰਜਾਬ ਦਾ ਇਕਲੌਤਾ ਜ਼ਿਲ੍ਹਾ
(ਸੁਖਜੀਤ ਮਾਨ) ਬਠਿੰਡਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਸ਼ਤ ਭਾਰਤ ਦੇ ਨਾਮ ’ਤੇ ਲਾਂਚ ਕੀਤੀ ਗਈ ਕੌਫੀ ਟੇਬਲ ਬੁੱਕ (Coffee Table Book) ’ਚ ਬਠਿੰਡਾ ਜ਼ਿਲ੍ਹੇ ਨੂੰ ਖਾਸ ਥਾਂ ਮਿਲੀ ਹੈ 148 ਪੰਨਿਆਂ ਦੀ ਇਸ ਬੁੱਕ ’ਚ ਬਠਿੰਡਾ ਜ਼ਿਲ੍ਹੇ ਨੂੰ 6 ਪੰਨੇ ਮਿਲੇ ਹਨ, ਜਿੰਨ੍ਹਾਂ ’ਤੇ ਜ਼ਿਲ੍ਹੇ ਦੇ ਦੋ ਪਿੰਡਾਂ ਮਹਿਮਾ ਭਗਵਾਨਾ ਤੇ ਮਹਿਮਾ ਸਵਾਈ ਦਾ ਖਾਸ ਜ਼ਿਕਰ ਕੀਤਾ ਗਿਆ ਹੈ ਇਨ੍ਹਾਂ ਦੋਵਾਂ ਪਿੰਡਾਂ ਨੇ ਕੇਂਦਰ ਸਰਕਾਰ ਦੀ ‘ਹਰ ਘਰ ਜਲ’ ਸਕੀਮ ਤਹਿਤ ਪਿੰਡਾਂ ਦੇ ਵਾਟਰ ਵਰਕਸਾਂ ਦੀ ਕਾਇਆ ਕਲਪ ਕਰਕੇ ਘਰਾਂ ’ਚ ਪੀਣ ਵਾਲਾ ਪਾਣੀ ਪਹੁੰਚਾਉਣ ’ਚ ਸਫਲਤਾ ਹਾਸਿਲ ਕੀਤੀ ਹੈ।
ਵੇਰਵਿਆਂ ਮੁਤਾਬਿਕ ਸਿਵਲ ਸਰਵਿਸ ਦਿਨ ਮੌਕੇ ਪ੍ਰਧਾਨ ਮੰਤਰੀ ਵੱਲੋਂ ਲਾਂਚ ਕੀਤੀ 148 ਪੰਨਿਆਂ ਦੀ ਇਸ ਕੌਫੀ ਟੇਬਲ ਬੁੱਕ ਵਿੱਚ ਬਠਿੰਡਾ ਦੇ 6 ਪੰਨੇ ਦਰਜ਼ ਕੀਤੇ ਗਏ ਹਨ। ਇਸ ਬੁੱਕ ਵਿਚ ਸ਼ਾਮਲ 12 ਤੋਂ 17 ਪੰਨਿਆਂ ਚ ਜ਼ਿਲ੍ਹੇ ਦੇ ਪਿੰਡਾਂ ਮਹਿਮਾ ਭਗਵਾਨਾ ਤੇ ਮਹਿਮਾ ਸਵਾਈ ਪਿੰਡਾਂ ਵਿੱਚ ‘ਹਰ ਘਰ ਜਲ’ ਤਹਿਤ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਦਰਸਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਕੌਫੀ ਟੇਬਲ ਬੁੱਕ ਵਿੱਚ ਪੂਰੇ ਮੁਲਕ ਦੇ 5 ਜ਼ਿਲ੍ਹਿਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ ਤੇ ਇਨ੍ਹਾਂ 5 ਜ਼ਿਲ੍ਹਿਆਂ ਵਿੱਚੋਂ ਬਠਿੰਡਾ ਸੂਬੇ ਦਾ ਇਕਲੌਤਾ ਜ਼ਿਲ੍ਹਾ ਹੈ ਜਿਸ ਵਿੱਚ ਇਸ ਦੀਆਂ ਪ੍ਰਾਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸ਼ਾਨਿਕਾ ਸਿੰਗਲਾ ਨੇ ਸਕੂਲ ਦਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ
ਪਿੰਡ ਮਹਿਮਾ ਭਗਵਾਨਾ ਦੀ ਸਰਪੰਚ ਕੁਲਵਿੰਦਰ ਕੌਰ ਬਰਾੜ ਨੇ ਆਪਣੇ ਯਤਨਾਂ ਸਦਕਾ ਪੂਰੇ ਪਿੰਡ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਹੈ। ਕਿਤਾਬ ’ਚ ਲਿਖਿਆ ਹੈ ਕਿ ਕੁਲਵਿੰਦਰ ਕੌਰ ਨੇ ਦਰਸਾ ਦਿੱਤਾ ਹੈ ਕਿ ਸਮੁੱਚੇ ਸਮਾਜ ਨੂੰ ਨਾਲ ਲੈ ਕੇ ਚੱਲਣ ਨਾਲ ਪਿੰਡਾਂ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਿੰਡ ਮਹਿਮਾ ਸਵਾਈ ਦੇ ਹਰ ਘਰ ’ਚ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਦੇਣ ਦਾ ਟੀਚਾ ਹਾਸਿਲ ਕੀਤਾ ਗਿਆ ਹੈ ਮਹਿਮਾ ਸਵਾਈ ’ਚ ਕੇਂਦਰ ਸਰਕਾਰ ਦੀ ‘ਜਲ ਯੋਜਨਾ’ ਸਕੀਮ ਦੇ ਨਾਲ ਇੱਕ ਵਾਟਰ ਵਰਕਸ ਯੋਜਨਾ ਸ਼ੁਰੂ ਕੀਤੀ ਗਈ ਸੀ ਵਿਸ਼ਵ ਬੈਂਕ ਦੀ ਸਹਾਇਤਾ ਨਾਲ 80.21 ਲੱਖ ਰੁਪਏ ਮਿਲੇ ਤੇ ਪਿੰਡ ’ਚੋਂ ਆਪਣੇ ਪੱਧਰ ’ਤੇ 3 ਲੱਖ ਰੁਪਏ ਮਹਿਮਾ ਸਵਾਈ ਵਾਸੀਆਂ ਨੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹ ਕੇ ਅੰਮਿ੍ਰਤ ਸਰੋਵਰ ਵੀ ਬਣਾਇਆ ਹੋਇਆ ਹੈ । (Coffee Table Book)
ਮਹਿਮਾ ਸਵਾਈ ਤੇ ਮਹਿਮਾ ਭਗਵਾਨਾਂ ਪਿੰਡ ’ਚ ‘ਹਰ ਘਰ ਜਲ’ ਸਕੀਮ ਹੋਈ ਲਾਗੂ
ਪਿੰਡ ਵਾਸੀਆਂ ਵੱਲੋਂ ਆਪਣੇ ਘਰਾਂ ’ਚ ਮੀਹਾਂ ਦੇ ਪਾਣੀ ਨੂੰ ਸੰਭਾਲਣ ਲਈ ਵੀ ਸੋਕ ਪਿਟ ਵਾਂਗ ਢਾਂਚੇ ਬਣਾਏ ਹੋਏ ਹਨ ਮਹਿਮਾ ਸਵਾਈ ਪਿੰਡ ਦੀ ਇਸ ਸਫਲਤਾ ਨੇ ਨਾ ਸਿਰਫ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ’ਚ ਸੁਧਾਰ ਕੀਤਾ ਹੈ ਸਗੋਂ ਇਸ ਪ੍ਰੋਜੈਕਟ ਨਾਲ ਹੋਰਨਾਂ ਪਿੰਡਾਂ ਨੂੰ ਵੀ ਸ਼ੀਸ਼ਾ ਦਿਖਾਇਆ ਹੈ ਕਿ ਆਪਸੀ ਭਾਈਚਾਰਕ ਸਾਂਝ ਤੇ ਯਤਨਾਂ ਸਦਕਾ ਉਨ੍ਹਾਂ ਨੇ ਪੀਣ ਵਾਲੇ ਪਾਣੀ ਲਈ ਬਿਹਤਰ ਪ੍ਰਬੰਧ ਕਰ ਲਿਆ ਹੈ।