ਪਟਿਆਲਾ ਨਾਲ ਵੱਡਾ ਲਗਾਵ ਸੀ ਅਦਾਕਾਰ ਓਮ ਪੁਰੀ ਦਾ
ਪਟਿਆਲਾ, ਖੁਸ਼ਵੀਰ ਸਿੰਘ ਤੂਰ. ਮਹਰੂਮ ਅਦਾਕਾਰ ਓਮ ਪੁਰੀ ਨੇ ਆਪਣੇ ਬਚਪਨ ਤੇ ਜਵਾਨੀ ‘ਚ ਵੱਡੀਆਂ ਮੁਸ਼ਕਲਾਂ ਤੇ ਸਖਤ ਘਾਲਣਾ ਘਾਲਣ ਤੋਂ ਬਾਅਦ ਹੀ ਫਿਲਮੀ ਜਗਤ ‘ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਸੀ। ਇੱਥੋਂ ਤੱਕ ਕਿ ਓਮ ਪੁਰੀ ਨੂੰ ਉਸ ਦੇ ਨਾਨਕਾ ਪਰਿਵਾਰ ਨੇ ਉਸ ਨੂੰ ਘਰ ‘ਚੋਂ ਬਾਹਰ ਕੱਢ ਦਿੱਤਾ ਸੀ ਤੇ ਉਸ ਵੱਲੋਂ ਟਿਊਸ਼ਨ ਪੜ੍ਹਾ ਕੇ ਤੇ ਲਾਇਬਰ੍ਰੇਰੀ ਆਦਿ ਵਿੱਚ ਨੌਕਰੀ ਕਰਕੇ ਆਪਣਾ ਜੀਵਨ ਨਿਰਵਾਹ ਚਲਾਇਆ ਗਿਆ।
ਓਮ ਪੁਰੀ ਨੂੰ ਅੱਜ ਵੀ ਪਟਿਆਲਾ ਵਿਖੇ ਉਸ ਦੇ ਬਚਪਨ ਦੇ ਯਾਰ ਯਾਦ ਕਰਦੇ ਨਹੀਂ ਥੱਕ ਰਹੇ ਅਤੇ ਓਮ ਪੁਰੀ ਦੀ ਮੌਤ ਦੀ ਖਬਰ ਉਨ੍ਹਾਂ ਦੀਆਂ ਅੱਖਾਂ ‘ਚ ਅੱਥਰੂ ਲਿਆ ਰਹੀ ਹੈ। ਜਾਣਕਾਰੀ ਅਨੁਸਾਰ ਪ੍ਰਸਿੱਧ ਅਭਿਨੇਤਾ ਓਮ ਪੁਰੀ ਦਾ ਪਟਿਆਲਾ ਨਾਲ ਡੂੰਘਾ ਤੇ ਨੇੜਲਾ ਸਬੰਧ ਰਿਹਾ ਹੈ। ਬਚਪਨ ‘ਚ ਓਮ ਪੁਰੀ ਪਟਿਆਲਾ ਨੇੜਲੇ ਕਸਬਾ ਸਨੌਰ ਵਿਖੇ ਆਪਣੇ ਨਾਨਕੇ ਘਰ ਰਿਹਾ ਹੈ। ਓਮਪੁਰੀ ਨੇ ਸਨੌਰ ਵਿਖੇ ਗੌਰਮਿੰਟ ਹਾਈ ਸਕੂਲ ਸਨੌਰ ਤੋਂ ਆਪਣੀ ਦਸਵੀਂ ਕਲਾਸ ਪਾਸ ਕੀਤੀ। ਸਨੌਰ ਵਿਖੇ ਓਮ ਪੁਰੀ ਦੇ ਬਚਪਨ ਦੇ ਦੋਸਤ ਰਹੇ ਮਹਿੰਦਰ ਸਿੰਘ ਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਓਮ ਪੁਰੀ ਨਾਲ ਉਨ੍ਹਾਂ ਦਾ ਬਚਪਨ ਇਕੱਠਿਆ ਬੀਤਿਆ ਤੇ ਉਹ ਉਸਦੇ ਜਮਾਤੀ ਰਹੇ ਹਨ।
ਓਮ ਪੁਰੀ ਨੇ ਖਾਲਸਾ ਕਾਲਜ ‘ਚ ਕੀਤਾ ਸੀ ਪਹਿਲਾ ਨਾਟਕ ‘ਅਣਹੋਣੀ’
ਉਨ੍ਹਾਂ ਦੱਸਿਆ ਕਿ ਭਾਵੇਂ ਓਮ ਪੁਰੀ ਦਾ ਜਨਮ ਅੰਬਾਲਾ ਵਿਖੇ ਹੋਇਆ ਸੀ ਪਰ ਉਹ ਕੁਝ ਸਮੇਂ ਬਾਅਦ ਆਪਣੇ ਨਾਨਕੇ ਘਰ ਸਨੌਰ ਵਿਖੇ ਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਵਾਰ ਉਸਦੇ ਨਾਨਕਿਆਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ, ਪਰ ਓਮ ਪੁਰੀ ਨਾ ਡੋਲਿਆ। ਓਮ ਪੁਰੀ ਨੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਕੇ ਆਪਣਾ ਗੁਜ਼ਾਰਾ ਕੀਤਾ। ਉਨ੍ਹਾਂ ਦੱਸਿਆ ਕਿ ਓਮ ਪੁਰੀ ਯਾਰਾਂ ਦਾ ਯਾਰ ਸੀ ਅਤੇ ਹਰ ਕੰਮ ਨੂੰ ਮਿਹਨਤ ਅਤੇ ਲਗਨ ਨਾਲ ਕਰਨ ਵਾਲਾ ਸੀ। ਉਸਦੇ ਕਦੇ ਵੀ ਮੱਥੇ ‘ਤੇ ਵੱਟ ਨਾ ਪਾਇਆ। ਓਮ ਪੁਰੀ ਨੇ 1965-66 ‘ਚ ਖਾਲਸਾ ਕਾਲਜ ਪਟਿਆਲਾ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਇੱਥੋਂ ਹੀ ਉਹ ਰੰਗਮੰਚ ਨਾਲ ਜੁੜ ਗਿਆ।
ਖਾਲਸਾ ਕਾਲਜ ਵਿਖੇ ਓਮ ਪੁਰੀ ਨੇ ਪਹਿਲੀ ਵਾਰ ‘ਅਣਹੋਨੀ’ ਨਾਟਕ ‘ਚ ਆਪਣਾ ਰੋਲ ਨਿਭਾਇਆ , ਜਿੱਥੋਂ ਉਸ ਨੂੰ ਰੰਗਮੰਚ ਦੀ ਚਿਣਗ ਜਾਗੀ। ਓਮ ਪੁਰੀ ਨੇ ਖਾਲਸਾ ਕਾਲਜ ਦੀ ਕੈਮਿਸਟਰੀ ਲੈਬ ‘ਚ ਪਾਰਟ ਟਾਇਮ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਸ੍ਰੀ ਓਮ ਪੁਰੀ ਪਟਿਆਲਾ ਵਿਖੇ ਹਰਪਾਲ ਟਿਵਾਣਾ ਗਰੁੱਪ ਨਾਲ ਜੁੜ ਗਏ ਤੇ ਇੱਥੇ ਕਈ ਨਾਟਕਾਂ ਆਦਿ ਵਿੱਚ ਆਪਣੀ ਅਦਾਕਾਰੀ ਦਾ ਜ਼ੌਹਰ ਦਿਖਾਇਆ। ਕਲਾਕ੍ਰਿਤੀ ਮੰਚ ਦੀ ਨਿਰਦੇਸ਼ਿਕਾ ਸ਼੍ਰੀਮਤੀ ਪਰਮਿੰਦਰਪਾਲ ਕੌਰ ਨੇ ਦੱਸਿਆ ਕਿ 1973 ‘ਚ ਪ੍ਰਸਿੱਧ ਅਦਾਕਾਰ ਨਸੀਰੂਦੀਨ ਸ਼ਾਹ ਨਾਲ ਨੈਸ਼ਨਲ ਸਕੂਲ ਆਫ ਡਰਾਮਾ ਨਵੀਂ ਦਿੱਲੀ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ,
ਜਿਸ ਤੋਂ ਬਾਅਦ ਉਹ ਬਾਲੀਵੁੱਡ ਵਿੱਚ ਆਪਣੇ ਰੋਲਾਂ ਤੇ ਖਣਕਵੀਂ ਅਵਾਜ਼ ਕਾਰਨ ਅਜਿਹਾ ਛਾਏ ਕਿ ਅੱਜ ਉਨ੍ਹਾਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਉਹ ਪਟਿਆਲਾ ਵਿਖੇ ਸਮੇਂ ਸਮੇਂ ਤੇ ਆਉਂਦੇ ਰਹਿੰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉਨ੍ਹਾਂ ਨੂੰ ਕਾਨਫਰੰਸਾਂ ਸਮੇਤ ਹੋਰ ਕਈ ਸੰਸਥਾਵਾਂ ਵੱਲੋਂ ਸਮੇਂ ਸਮੇਂ ‘ਤੇ ਵਿਸ਼ੇਸ਼ ਤੌਰ ‘ਤੇ ਨਿਵਾਜਿਆ ਗਿਆ ਹੈ।
ਰੋਲ ‘ਚ ਜਾਨ ਪਾ ਦਿੰਦੇ ਸਨ ਓਮ ਪੁਰੀ: ਸੁਨੀਤਾ ਧੀਰ
ਪੰਜਾਬੀ ਅਦਾਕਾਰਾ ਸੁਨੀਤਾ ਧੀਰ ਨੇ ਦੱਸਿਆ ਕਿ ਉਨ੍ਹਾਂ ਨੇ ਓਮ ਪੁਰੀ ਨਾਲ 1980 ਵਿੱਚ ਪੰਜਾਬੀ ਫਿਲਮ ‘ਚੰਨ ਪ੍ਰਦੇਸ਼ੀ’ ਵਿੱਚ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਓਮ ਪੁਰੀ ਇੱਕ ਸਫਲ ਕਲਾਕਾਰ ਸਨ ਤੇ ਉਹ ਜੋ ਵੀ ਰੋਲ ਕਰਦੇ ਸਨ, ਉਸ ਵਿੱਚ ਜਾਨ ਪਾ ਦਿੰਦੇ ਸਨ। ਸੁਨੀਤਾ ਧੀਰ ਨੇ ਕਿਹਾ ਕਿ ਓਮ ਪੁਰੀ ਦੇ ਵਿਛੋੜੇ ਨਾਲ ਫਿਲਮੀ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਓਮ ਪੁਰੀ ਦੀ ਮੌਤ ਨਾਲ ਵੱਡਾ ਘਾਟਾ ਪਿਆ: ਵਿਧਾਇਕ ਲਾਲ ਸਿੰਘ
ਓਮ ਪੁਰੀ ਨੇ ਸਾਲ 2007 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਕਾਂਗਰਸ ਦੇ ਵਿਧਾਇਕ ਲਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ। ਸੀਨੀਅਰ ਆਗੂ ਲਾਲ ਸਿੰਘ ਦਾ ਕਹਿਣਾ ਹੈ ਕਿ ਓਮ ਪੁਰੀ ਉਨ੍ਹਾਂ ਦੇ ਭਰਾਵਾਂ ਵਾਂਗ ਸੀ ਤੇ ਉਨ੍ਹਾਂ ਦੀ ਮੌਤ ਦੀ ਖਬਰ ਨਾਲ ਉੁਨ੍ਹਾਂ ਨੂੰ ਵੱਡਾ ਧੱਕਾ ਲੱਗਾ ਹੈ। ਲਾਲ ਸਿੰਘ ਨੇ ਕਿਹਾ ਕਿ ਓਮ ਪੁਰੀ ਨੇ ਆਪਣੀ ਮਿਹਨਤ ਤੇ ਜਜ਼ਬੇ ਸਦਕਾ ਹੀ ਫਿਲਮੀ ਦੁਨੀਆਂ ‘ਚ ਆਪਣਾ ਵੱਖਰਾ ਨਾਂਅ ਬਣਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ