ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੀ ਉਹ ਨਿਵੇਕਲੀ ਸ਼ਖ਼ਸੀਅਤ ਹਨ ਜਿਨ੍ਹਾਂ ਦੀ ਸ਼ਖਸੀਅਤ ਨੂੰ ਕਲਮੀ ਸ਼ਬਦਾਂ ‘ਚ ਕੈਦ ਕਰਨਾ ਵੱਸ ਦੀ ਗੱਲ ਨਹੀਂ ਸੱਯਦ ਮੁਹੰਮਦ ਲਤੀਫ਼ ਉਨ੍ਹਾਂ ਦੀ ਸਰਵਪੱਖੀ ਸ਼ਖ਼ਸੀਅਤ ਬਾਰੇ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ‘ਚ ਜੇਤੂ ਯੋਧਾ, ਮਸਨਦ ਉੱਤੇ ਸ਼ਹਿਨਸ਼ਾਹ, ਗਿਆਨ ਦਾ ਦਾਤਾ, ਸੰਗਤ ਵਿੱਚ ਫ਼ਕੀਰ ਸਨ ਭਾਵ ਉਹ ਇੱਕੋ ਸਮੇਂ ਅਧਿਆਤਮਕ ਨੇਤਾ, ਉੱਚ ਕੋਟੀ ਦੇ ਕਵੀ, ਉੱਚ ਕੋਟੀ ਦੇ ਸੰਗਠਨਕਰਤਾ, ਸੈਨਾਨਾਇਕ ਪ੍ਰਤਿਭਾਸ਼ਾਲੀ ਵਿਦਵਾਨ ਅਤੇ ਸਮਾਜ ਸੁਧਾਰਕ ਸਨ ਸੱਯਦ ਮੁਹੰਮਦ ਲਤੀਫ਼ ਸ਼ਬਦਾਂ ਤੋਂ ਬੇਵੱਸ ਹੋਕੇ ਲਿਖਦਾ ਹੈ ਕਿ,
‘ਹੇ ਗੁਰੂ ਗੋਬਿੰਦ ਤੂੰ ਮੁਕੰਮਲ ਹੈ ਤੇ ਤੇਰੀ ਗਾਥਾ ਤੂੰ ਆਪ ਹੀ ਲਿਖ ਸਕਦਾ ਹੈਂ ਤੁਹਾਡੇ ਬਾਰੇ ਪੂਰਾ ਲਿਖਣਾ, ਇਹ ਮੇਰੇ ਜਿਹੇ ਅਧੂਰੇ ਵਿਅਕਤੀ ਦੇ ਵੱਸ ਦੀ ਖੇਡ ਨਹੀਂ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਉਨ੍ਹਾਂ ਦੇ ਲਿਖੇ ਬਚਿੱਤਰ ਨਾਟਕ ‘ਚੋਂ ਝਲਕਦੀ ਹੈ ਆਪਣੇ ਦੁਨੀਆਂ ਵਿੱਚ ਆਉਣ ਦੇ ਮਕਸਦ ਬਾਰੇ ਬਿਆਨ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ‘ਚ ਲਿਖਦੇ ਹਨ :
ਹਮ ਇਹ ਕਾਜ ਜਗਤ ਮੋ ਆਏ,
ਧਰਮ ਹੇਤ ਗੁਰਦੇਵ ਪਠਾਏ
ਜਹਾ ਤਹਾ ਤੁਮ ਧਰਮ ਬਿਥਾਰੋ
ਦੁਸਟ ਦੋਖੀਯਨ ਪਕਿਰ ਪਛਾਰੋ
ਯਾਹੀ ਕਾਜ ਧਰਾ ਹਮ ਜਨਮੰ
ਸਮਝ ਲੇਹੁ ਸਾਧੂ ਸਭ ਮਨਮੰ
ਧਰਮ ਚਲਾਵਨ ਸੰਤ ਉਬਾਰਨ
ਦੁਸਟ ਸਭਨ ਕੋ ਮੂਲ ਉਪਾਰਿਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸੱਚ, ਧਰਮ ਦੀ ਰਾਖੀ, ਮਜ਼ਲੂਮਾਂ ਤੇ ਨਿਤਾਣਿਆਂ ਦੇ ਹੱਕ ‘ਚ ਖੜ੍ਹਨਾ ਤੇ ਉਨ੍ਹਾਂ ਦੀ ਰੱਖਿਆ ਕਰਨੀ ਅਤੇ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਸੀ ਅਧਰਮ ਦੇ ਬੋਲਬਾਲੇ ਕਾਰਨ ਲੋਕ ਗੁਲਾਮ ਮਾਨਸਿਕਤਾ ਵਾਲੇ ਹੋ ਗਏ ਸਨ ਹੱਕ, ਸੱਚ ਦੇ ਪੱਖ ਤੇ ਧਰਮ ਕੱਟੜਤਾ ਵਿਰੁੱਧ ਲੜਨ ਦਾ ਲੋਕਾਂ ‘ਚ ਹੀਆ ਨਹੀਂ ਸੀ ਇੱਕ ਪਾਸੇ ਧਾਰਮਿਕ ਕੱਟੜਤਾ ਦੇ ਧਾਰਨੀ ਮੁਗਲ ਸ਼ਾਸਕ ਅਤੇ ਦੂਜੇ ਪਾਸੇ ਕਰਮ ਕਾਂਡ, ਜਾਤ-ਪਾਤ ‘ਚ ਵੰਡੀ ਜਨਤਾ ਅਤੇ ਪਹਾੜੀ ਰਾਜਿਆਂ ਦੀਆਂ ਕੋਝੀਆਂ ਚਾਲਾਂ ਦਾ ਆਮ ਜਨਤਾ ਸ਼ਿਕਾਰ ਹੋ ਕੇ ਬਲਹੀਣ ਹੁੰਦੀ ਜਾ ਰਹੀ ਹੈ ਹਰ ਪਾਸੇ ਸੁਧਾਰ ਕਰਨ ਦਾ ਬੀੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੁੱਕਿਆ
ਆਪ ਜੀ ਦੀ ਉਮਰ ਅਜੇ ਸਿਰਫ਼ ਨੌਂ ਸਾਲ ਦੀ ਹੀ ਸੀ ਜਦ ਆਪ ਜੀ ਨੇ ਧਰਮ ਦੀ ਰਾਖੀ ਲਈ ਆਪਣੇ ਪਿਤਾ ਨੂੰ ਬਲੀਦਾਨ ਲਈ ਤੋਰਿਆ ਸਿਰਫ਼ ਨੌ ਸਾਲ ਦੀ ਉਮਰ ‘ਚ ਕਿਸੇ ਬਾਲ ਦਾ ਅਜਿਹਾ ਕਰਨਾ ਉਨ੍ਹਾਂ ਦੀ ਦਲੇਰੀ ਤੇ ਜ਼ੁਲਮ ਦੀ ਈਨ ਨਾ ਮੰਨਣ ਨੂੰ ਦਰਸਾਉਂਦੀ ਹੈ ਜਦ ਆਪ ਜੀ ਨੂੰ ਭਾਂਪਿਆ ਕਿ ਧਾਰਮਿਕ ਕੱਟੜਤਾ ਹੱਦ-ਬੰਨੇ ਪਾਰ ਕਰ ਰਹੀ ਹੈ, ਧਰਮ ਦੇ ਨਾਂਅ ‘ਤੇ ਜਨਤਾ ਨੂੰ ਪੀੜਤ ਕੀਤਾ ਜਾ ਰਿਹਾ ਹੈ ਤਾਂ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾ ਦੀ ਰੱਖਿਆ ਕਰਨ ਲਈ ਆਪ ਜੀ ਨੇ ਫੌਜੀ ਤਿਆਰੀ ਆਰੰਭ ਕਰ ਦਿੱਤੀ
ਆਪ ਜੀ ਨੇ ਮੁਰਦਾ ਹੋ ਚੁੱਕੀ ਕੌਮ ‘ਚ ਨਵੀਂ ਰੂਹ ਫੂਕਣ ਲਈ, ਜਾਤ-ਪਾਤ ਦੇ ਖਾਤਮੇ ਅਖੌਤੀ ਨੀਵੀਆਂ ਜਾਤੀਆਂ ‘ਚੋਂ ਜੋਧੇ ਪੈਦਾ ਕਰਨ ਅਤੇ ਕੱਟੜ ਧਾਰਮਿਕ ਆਗੂ ਔਰੰਗਜੇਬ ਨਾਲ ਟੱਕਰ ਲੈਣ ਲਈ 1699 ਵਿੱਚ ਖਾਲਸਾ ਪੰਥ ਦੀ ਸਾਜਣਾ ਕਰਕੇ ਲੋਕਾਂ ਅੰਦਰ ਨਵੀਂ ਚੇਤਨਾ ਪੈਦਾ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਫੋਕੇ ਕਰਮ ਕਾਂਡਾਂ ‘ਚੋਂ ਬਾਹਰ ਕੱਢ ਕੇ ਉਨ੍ਹਾਂ ‘ਚ ਦਲੇਰੀ ,
ਜ਼ਬਰ ਵਿਰੁੱਧ ਟਾਕਰਾ ਕਰਨ ਦੀ ਭਾਵਨਾ ਪੈਦਾ ਕੀਤੀ ਵਰਣਿਤ ਹੈ ਕਿ ਖਾਲਸਾ ਪੰਥ ਦੀ ਸਾਜਣਾ ਕਿਸੇ ਜਾਤ ਧਰਮ ਵਿਰੁੱਧ ਨਹੀਂ, ਸਗੋਂ ਜਾਲਮ ਤਾਕਤਾਂ ਤੋਂ ਮਨੁੱਖਤਾ ਦੀ ਰਾਖੀ ਹਿੱਤ ਸੀ ਉਨ੍ਹਾਂ ਨੇ ‘ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ’ ਦੇ ਮਹਾਨ ਸਿਧਾਂਤ ਨੂੰ ਮੁੱਖ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨ ਸਮਾਜ ਸੁਧਾਰਕ ਸਨ ਪ੍ਰਭੂ- ਪਰਮਾਤਮਾ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਫੋਕਟ ਕਰਮ-ਕਾਂਡਾਂ ਨੂੰ ਤਿਆਗਣ, ਝੂਠ-ਪਖੰਡ ਤੋਂ ਦੂਰ ਰਹਿਣ ਤੇ ਪ੍ਰਭੂ-ਪਰਮਾਤਮਾ ਦੀ ਭਗਤੀ ਦਾ ਸੰਦੇਸ਼ ਦਿੱਤਾ ਕਿਉਂਕਿ ਉਹ ਸਭ ਜੰਤਰਾਂ-ਮੰਤਰਾਂ ਤੋਂ ਸ੍ਰੇਸ਼ਟ ਹੈ-
ਨਮੋ ਮੰਤ੍ਰ ਮੰਤ੍ਰ ਨਮੋ ਜੰਤ੍ਰ ਜੰਤ੍ਰ
ਨਮੋਂ ਇਸਟੇ ਇਸਟੇ ਨਮੋ ਤੰਤ੍ਰ ਤੰਤ੍ਰ
ਭਾਵ ਪਰਮਾਤਮਾ ਦਾ ਨਾਂਅ ਜੰਤਰਾਂ-ਮੰਤਰਾਂ, ਤੰਤਰਾਂ ਤੋਂ ਸਿਰਮੌਰ ਹੈ ਇਸ ਲਈ ਉਸ ਪ੍ਰਭੂ ਪਰਮਾਤਮਾ ਦਾ ਨਾਂਅ ਸਿਮਰੋ ਜੋ ਹਰ ਘਟ-ਘਟ ਵਿੱਚ ਮੌਜ਼ੂਦ ਹੈ
ਜਲੇ ਹਰੀ ਥਲੇ ਹਰੀ
ਉਰੇ ਹਰੀ ਬਨੇ ਹਰੀ
ਗਿਰੇ ਹਰੀ ਗੁਫ਼ੇ ਹਰੀ
ਛਿਤੇ ਹਰੀ ਨਭੇ ਹਰੀ
ਈਹਾ ਹਰੀ ਉਹਾ ਹਰੀ
ਜਿਮੀ ਹਰੀ ਜਮਾਂ ਹਰੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨ ਸਾਹਿਤਕਾਰ ਸਨ ਅਤੇ ਸਾਹਿਤਕ ਪ੍ਰੇਮੀ ਵੀ ਆਪ ਜੀ ਦੇ ਦਰਬਾਰ ਵਿੱਚ 52 ਕਵੀ ਸਨ ਆਪ ਜੀ ਨੇ ਆਪਣੀਆਂ ਰਚਨਾਵਾਂ ‘ਚ ਜ਼ਬਰ-ਜ਼ੁਲਮ ਵਿਰੁੱਧ ਨਿੱਡਰਤਾ ਨੂੰ ਝੁਕਣ ਨਹੀਂ ਦਿੱਤਾ ‘ਜ਼ਫ਼ਰਨਾਮਾ’ ਫਾਰਸੀ ਸ਼ਾਇਰੀ ਦਾ ਉੱਤਮ ਨਮੂਨਾ ਹੈ ਜ਼ਫ਼ਰਨਾਮਾ ਔਰੰਗਜੇਬ ਨੂੰ ਲਿਖਿਆ ਉਹ ਪੱਤਰ ਹੈ ਜੋ ਉਸ ਦੇ ਜ਼ੁਲਮਾਂ ਦੀ ਕਹਾਣੀ ਨੂੰ ਬਿਆਨਦਾ ਹੈ ਤੇ ਗੁਰੂ ਜੀ ਦੀ ਸ਼ਖ਼ਸੀਅਤ ਉਭਾਰਦਾ ਹੈ ਗੁਰੂ ਜੀ ਨੇ ਔਰੰਗਜੇਬ ਤੇ ਉਸ ਦੇ ਜ਼ੁਲਮਾਂ ਤੇ ਅਣਮਨੁੱਖੀ ਕਾਰਵਾਈਆਂ ਕਰਕੇ ਟਕੇ ਦਾ ਮੁਰੀਦ ਤੇ ਧਰਮ ਤੋਂ ਪਾਸੇ ਹਟਿਆ ਕਿਹਾ :
ਨਾ ਈਮਾ ਪ੍ਰਸਤ ਨ ਔਜਾਇ ਦੀ
ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀ (ਜ਼ਫ਼ਰਨਾਮਾ)
ਭਾਵ ਹੇ ਔਰੰਗਜੇਬ! ਨਾ ਤਾਂ ਤੂੰ ਦੀਨ ਇਮਾਨ ‘ਤੇ ਕਾਇਮ ਹੈਂ ਤੇ ਨਾ ਹੀ ਤੂੰ ਸ਼ਰ੍ਹਾ-ਸ਼ਰੀਅਤ ਦਾ ਪਾਬੰਦ ਹੈਂ, ਨਾ ਤੈਨੂੰ ਪਰਮਾਤਮਾ ਦੀ ਪਛਾਣ ਹੈ ਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ‘ਤੇ ਭਰੋਸਾ ਹੈ ਕਹਿੰਦੇ ਹਨ ਕਿ ਜ਼ਫ਼ਰਨਾਮਾ ਪੜ੍ਹ ਕੇ ਔਰੰਗਜੇਬ ਦੀ ਰੂਹ ਕੁਰਲਾ ਉੱਠੀ ਉਸ ਨੇ ਸਰਹਿੰਦ ਦੇ ਸੂਬੇਦਾਰ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਵੇਸ਼ ਹਨ ਉਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ ਪਰ ਕਿਸੇ ਵੀ ਲੜਾਈ ‘ਚ ਪਹਿਲ ਨਹੀਂ ਕੀਤੀ ਭਾਵੇਂ ਕੁਝ ਇਤਿਹਾਸਕਾਰ ਇਨ੍ਹਾਂ ਨੂੰ ਰਾਜਸੀ ਲੜਾਈਆਂ ਮੰਨਦੇ ਹਨ ਪਰ ਇਹ ਤੱਥਹੀਣ ਹੈ
ਇਨ੍ਹਾਂ ਲੜਾਈਆਂ ਦਾ ਮਕਸਦ ਗੁਰੂ ਜੀ ਵੱਲੋਂ ਕਿਸੇ ਸਥਾਨ ‘ਤੇ ਕਬਜ਼ਾ ਜਾਂ ਦੌਲਤ ਦੀ ਲੁੱਟ-ਖਸੁੱਟ ਨਹੀਂ ਸੀ, ਸਗੋਂ ਸਾਰੀਆਂ ਲੜਾਈਆਂ ਧਾਰਮਿਕ ਕੱਟੜਤਾ ਵਿਰੁੱਧ ਧਰਮ ਦੀ ਰਾਖੀ, ਮਜ਼ਲੂਮਾਂ ਦੀ ਰੱਖਿਆ ਤੇ ਮਾਨਵਤਾ ਹਿੱਤ ਲੜੀਆਂ ਗਈਆਂ ਜੇਕਰ ਇਹ ਲੜਾਈਆਂ ਕਿਸੇ ਜਾਤੀ ਫਿਰਕਾ ਜਾਂ ਧਰਮ ਵਿਰੁੱਧ ਹੁੰਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਘਨੱ੍ਹਈਆ ਜੀ ਨੂੰ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਪਿਆਉਣ ਤੇ ਉਨ੍ਹਾਂ ਦੇ ਮੱਲ੍ਹਮ- ਪੱਟੀ ਕਰਨ ਦਾ ਬਚਨ ਨਾ ਫ਼ਰਮਾਉਂਦੇ
ਗੁਰੂ ਗੋਬਿੰਦ ਸਿੰਘ ਜੀ ਤਿਆਗ ਦੀ ਮੂਰਤ ਸਨ ਯੁੱਧ ਦੌਰਾਨ ਆਪ ਜੀ ਦਾ ਰਚਿਆ ਬਹੁਤ ਸਾਰਾ ਸਾਹਿਤ ਸਰਸਾ ਨਦੀ ‘ਚ ਰੁੜ੍ਹ ਗਿਆ ਉਨ੍ਹਾਂ ਦਾ ਤਿਆਗ ਨਿੱਜ ਲਈ ਨਹੀਂ, ਸਗੋਂ ਮਜ਼ਲੂਮਾਂ ਦੀ ਰੱਖਿਆ ਲਈ ਸੀ ਆਪਣੇ ਪਿਤਾ ਦੀ ਕੁਰਬਾਨੀ, ਚਾਰੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਫੇਰ ਅਨੰਦਪੁਰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ‘ਚ ਜਾ ਕੇ ਪ੍ਰਮਾਤਮਾ ਦੇ ਪਿਆਰ ਵੈਰਾਗ ‘ਚ ਵਹਿਣਾ ਸਧਾਰਨ ਵਿਅਕਤੀ ਦੇ ਵੱਸ ਗੱਲ ਨਹੀਂ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ
ਤੁਧ ਬਿਨ ਰੋਗ ਰਜਾਈਆਂ ਦਾ ਓਢਣ
ਨਾਗ ਨਿਵਾਸਾ ਦੇ ਰਹਿਣਾ
ਗੱਲ ਕੀ ਗੁਰੂ ਗੋਬਿੰਦ ਸਿੰਘ ਜੀ ਸਰਵ ਕਲਾ ਸੰਪੂਰਨ ਸਨ ਜਿਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਅਸੰਭਵ ਹੈ ਉਨ੍ਹਾਂ ਦੀ ਸ਼ਖ਼ਸੀਅਤ ਅੱਗੇ ਸ਼ਬਦ ਬੌਣੇ ਪੈ ਜਾਂਦੇ ਹਨ ਮਹਾਨ ਸ਼ਾਇਰ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:-
ਕਰਤਾਰ ਕੀ ਸੌਗੰਧ, ਨਾਨਕ ਕੀ ਕਸਮ ਹੈ
ਜਿਤਨੀ ਵੀ ਹੋ ਗੋਬਿੰਦ ਕੀ ਤਰੀਫ਼ ਵੋਹ ਕਮ ਹੈ
ਰਜਿੰਦਰ ਕੁਮਾਰ, ਭਾਈਰੂਪਾ
ਮੋ: 94164-33171
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ