ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਖ਼ਤ ਹਦਾਇਤਾਂ ਨਾਲ ਸਰਗਰਮ ਹੋਇਆ ਚੋਣ ਕਮਿਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਚੋਣ ਜ਼ਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ‘ਤੇ ਸਖ਼ਤੀ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਰਡਾਰ ‘ਤੇ ਰੱਖ ਲਿਆ ਹੈ। ਅੱਜ ਤੋਂ ਬਾਅਦ ਨਾ ਹੀ ਕੋਈ ਮੰਤਰੀ ਜਾਂ ਫਿਰ ਵਿਧਾਇਕ ਸਣੇ ਕੋਈ ਵੀ ਲੀਡਰ ਅਤੇ ਸਿਆਸੀ ਤੌਰ ‘ਤੇ ਅਹੁਦਾ ਲੈਣ ਵਾਲਾ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਵਹੀਕਲ ਸਣੇ ਸਰਕਾਰੀ ਥਾਂਵਾਂ ਦੀ ਵਰਤੋਂ ਨਹੀਂ ਕਰ ਸਕੇਗਾ। ਚੰਡੀਗੜ੍ਹ ਵਿਖੇ ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰ ਵੀ.ਕੇ. ਸਿੰਘ ਨੇ ਦਿੱਤੀ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਤੋਂ ਬਾਅਦ ਕੋਈ ਵੀ ਉਮੀਦਵਾਰ ਬਿਨਾਂ ਇਜਾਜ਼ਤ ਲਏ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰੇਗਾ, ਜਿਸ ਨਾਲ ਚੋਣ ਪ੍ਰੋਗਰਾਮ ਵਿੱਚ ਕਿਸੇ ਵੀ ਤਰ੍ਹਾਂ ਦੀ ਖ਼ਲਲ ਪੈਣ ਦੇ ਨਾਲ ਹੀ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਦਾ ਡਰ ਪੈਦਾ ਹੋਵੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ‘ਚੋਂ ਸੱਤਾਧਾਰੀ ਪਾਰਟੀ ਦੇ ਇਸ਼ਤਿਹਾਰ ਉਤਾਰਨ ਦੇ ਆਦੇਸ਼ ਜਾਰੀ ਹੋ ਚੁੱਕੇ ਹਨ। ਇਸ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 35 ਹਲ਼ਕਿਆਂ ਵਿੱਚ ਖ਼ਾਸ ਕਿਸਮ ਦਾ ਪ੍ਰਿੰਟਰ ਲਗਾਉਣ ਜਾ ਰਹੇ ਹਨ, ਜਿਸ ਰਾਹੀਂ ਏ.ਟੀ.ਐਮ. ਮਸ਼ੀਨ ਵਾਂਗ ਇੱਕ ਪਰਚੀ ਬਾਹਰ ਨਿਕਲੇਗੀ, ਜਿਸ ਰਾਹੀਂ ਵੋਟਰ ਨੂੰ ਪਤਾ ਲੱਗ ਜਾਵੇਗਾ ਕਿ ਉਸ ਦੀ ਵੋਟ ਗਲਤ ਉਮੀਦਵਾਰ ਨੂੰ ਤਾਂ ਨਹੀਂ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਿੰਟਰ ਦੇ ਬਾਹਰ ਸ਼ੀਸ਼ੇ ਲੱਗੇ ਹੋਣਗੇ, ਜਿਸ ਕਾਰਨ ਕਿਸੇ ਵੀ ਵੋਟਰ ਨੂੰ ਉਹ ਸਲਿਪ ਸਿਰਫ਼ ਦੇਖਣ ਯੋਗ ਹੀ ਹੋਵੇਗੀ ਪਰ ਉਹ ਉਸ ਨੂੰ ਲੈ ਕੇ ਨਹੀਂ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹਰ ਮੰਤਰੀ ਅਤੇ ਵਿਧਾਇਕ ਅੱਜ ਤੋਂ ਬਾਅਦ ਆਪਣੇ ਚੋਣ ਪ੍ਰਚਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰੀ ਵਹੀਕਲ ਵਰਤੋਂ ਵਿੱਚ ਨਹੀਂ ਲਿਆਏਗਾ ਪਰ 26 ਜਨਵਰੀ ਵਰਗੇ ਖ਼ਾਸ ਮੌਕੇ ‘ਤੇ ਸਿਰਫ਼ ਸਰਕਾਰੀ ਪ੍ਰੋਗਰਾਮ ਦਰਮਿਆਨ ਹੀ ਉਨ੍ਹਾਂ ਨੂੰ ਸਰਕਾਰੀ ਵਹੀਕਲ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਸਮਾਂ ਆਉਣ ‘ਤੇ ਇਸ ਸਬੰਧੀ ਫੈਸਲਾ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ