ਸਪੀਕਰ ਸਾਡਾ ਅਸਤੀਫ਼ਾ ਕਬੂਲ ਕਰੇ, ਚੰਨੀ ਕਿਵੇਂ ਸਮਾਂ ਮੰਗੀ ਜਾ ਰਿਹਾ ਐ: ਜਾਖੜ

Congress-2

ਸਪੀਕਰ ਸਾਡਾ ਅਸਤੀਫ਼ਾ ਕਬੂਲ ਕਰੇ, ਚੰਨੀ ਕਿਵੇਂ ਸਮਾਂ ਮੰਗੀ ਜਾ ਰਿਹਾ ਐ: ਜਾਖੜ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਚਰਨਜੀਤ ਸਿੰਘ ਚੰਨੀ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਾਰੇ ਵਿਧਾਇਕਾਂ ਵੱਲੋਂ ਸਮਾਂ ਮੰਗੇ, ਕਿਉਂਕਿ ਅਸੀਂ ਸਾਰਿਆਂ ਨੇ ਆਪਣੇ ਆਪਣੇ ਵੱਖਰੇ ਤੌਰ ‘ਤੇ ਅਸਤੀਫ਼ਾ ਦਿੱਤਾ ਹੈ, ਇਸ ਲਈ ਸਪੀਕਰ ਚਰਨਜੀਤ ਸਿੰਘ ਅਟਵਾਲ ਬਿਨਾਂ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਕਰਕੇ ਕਾਂਗਰਸ ਦੇ ਸਾਰੇ ਵਿਧਾਇਕਾਂ ਦੇ ਅਸਤੀਫ਼ੇ ਕਬੂਲ ਕਰ ਲੈਣ। ਇਹ ਸ਼ਬਦ ਕਾਂਗਰਸ ਦੇ ਸੀਨੀਅਰ ਵਿਧਾਇਕ ਅਤੇ ਬੁਲਾਰੇ ਸੁਨੀਲ ਜਾਖੜ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।

ਵਿਧਾਇਕ ਦਲ ਦੇ ਲੀਡਰ ਚਰਨਜੀਤ ਸਿੰਘ ਚੰਨੀ ਤੋਂ ਸੁਨੀਲ ਜਾਖੜ ਇਸ ਗੱਲ ਨੂੰ ਲੈ ਕੇ ਨਰਾਜ਼ ਹੋ ਗਏ ਹਨ, ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਬਿਨਾਂ ਕਿਸੇ ਵਿਧਾਇਕ ਨਾਲ ਗੱਲਬਾਤ ਕੀਤੇ ਹੀ ਉਨ੍ਹਾਂ ਵੱਲੋਂ ਸਪੀਕਰ ਤੋਂ ਸਮਾਂ ਮੰਗਿਆ ਜਾ ਰਿਹਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਕਿਸੇ ਵੀ ਵਿਧਾਇਕ ਨੇ ਨਹੀਂ ਕਿਹਾ ਹੈ ਕਿ ਸਪੀਕਰ ਕੋਲੋਂ ਸਮਾਂ ਮੰਗਣ, ਇਸ ਲਈ ਜੇਕਰ ਚਰਨਜੀਤ ਸਿੰਘ ਚੰਨੀ ਨੇ ਸਮਾਂ ਮੰਗਣਾ ਹੈ ਤਾਂ ਉਹ ਖੁਦ ਲਈ ਮੰਗ ਸਕਦੇ ਹਨ ਪਰ ਅਸੀਂ ਅਸਤੀਫ਼ੇ ਦੇ ਦਿੱਤੇ ਹਨ ਅਤੇ ਸਾਨੂੰ ਕਿਸੇ ਵੀ ਸਮੇਂ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਅਸੀਂ ਆਪਣਾ ਅਸਤੀਫ਼ਾ ਵਾਪਸ ਲੈਣਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਅਸਤੀਫ਼ੇ ਪ੍ਰਵਾਨ ਕਰ ਲੈਣੇ ਚਾਹੀਦੇ ਹਨ ਕਿਉਂਕਿ ਉਨਾਂ ਨੇ ਖ਼ੁਦ ਜਾ ਕੇ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਸਕੱਤਰ ਨੂੰ ਅਸਤੀਫ਼ੇ ਸੌਂਪੇ ਸਨ।

ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਚਰਨਜੀਤ ਸਿੰਘ ਅਟਵਾਲ ਰਮਨਜੀਤ ਸਿੰਘ ਸਿੱਕੀ ਅਤੇ ਅਰਵਿੰਦ ਖੰਨਾ ਦਾ ਅਸਤੀਫ਼ਾ ਪ੍ਰਵਾਨ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਸਾਡੇ ਅਸਤੀਫ਼ੇ ਪ੍ਰਵਾਨ ਕਰਨ ਵਿੱਚ ਕੀ ਦਿੱਕਤ ਹੈ। ਉਨ੍ਹਾਂ ਕਿਹਾ ਇਹ ਦੋਵੇਂ ਵਿਧਾਇਕ ਵੀ ਵਿਧਾਨ ਸਭਾ ਵਿੱਚ ਜਾ ਕੇ ਪੇਸ਼ ਨਹੀਂ ਹੋਏ ਸਨ, ਜਿਸ ਤਰ੍ਹਾਂ ਇਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ ਗਏ ਸਨ, ਉਸੇ ਤਰ੍ਹਾਂ ਸਾਡੇ ਹੀ ਅਸਤੀਫ਼ੇ ਪ੍ਰਵਾਨ ਕੀਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ