ਪਿੰਡ ਕਟਾਰ ਸਿੰਘ ਵਾਲਾ ਤੇ ਮਾਈਸਰ ਖਾਨਾ ਵਿਖੇ ਨਸ਼ੇ ਨਾਲ ਹੋਈਆਂ ਮੌਤਾਂ | Bathinda News
ਬਠਿੰਡਾ (ਸੁਖਜੀਤ ਮਾਨ)। ਚਿੱਟੇ ਦਾ ਕਹਿਰ ਲਗਾਤਾਰ ਮਨੁੱਖੀ ਜ਼ਿੰਦਾਂ ਨੂੰ ਨਿਗਲ ਰਿਹਾ। ਜ਼ਿਲ੍ਹਾ ਬਠਿੰਡਾ ’ਚ ਦੋ ਦਿਨਾਂ ’ਚ ਦੋ ਮੌਤਾਂ ਚਿੱਟੇ ਨਾਲ ਹੋ ਗਈਆਂ । ਇਹ ਮੌਤਾਂ ਪਿੰਡ ਕਟਾਰ ਸਿੰਘ ਵਾਲਾ ਤੇ ਪਿੰਡ ਮਾਈਸਰਖਾਨਾ ਵਿਖੇ ਹੋਈਆਂ ਹਨ। ਮ੍ਰਿਤਕਾਂ ’ਚ ਇੱਕ 40 ਸਾਲ ਦਾ ਵਿਅਕਤੀ ਤੇ ਇੱਕ 24 ਸਾਲ ਦਾ ਨੌਜਵਾਨ ਹੈ। (Bathinda News)
ਵੇਰਵਿਆਂ ਮੁਤਾਬਿਕ ਪਿੰਡ ਕਟਾਰ ਸਿੰਘ ਵਾਲਾ ਵਾਸੀ ਬਹਾਦਰ ਸਿੰਘ (40) ਪੁੱਤਰ ਬਲਦੇਵ ਸਿੰਘ ਦੀ ਲਾਸ਼ ਪਿੰਡ ਨੇੜਿਓਂ ਲੰਘਦੇ ਸੂਏ ਦੀ ਪਟੜੀ ਤੋਂ ਮਿਲੀ ਹੈ। ਮ੍ਰਿਤਕ ਦੀ ਲਾਸ਼ ’ਚ ਬਾਂਹ ’ਚ ਟੀਕਾ ਲਾਉਣ ਵਾਲੀ ਸੂਈ ਲੱਗੀ ਹੋਈ ਮਿਲੀ ਹੈ। ਮ੍ਰਿਤਕ ਦੋ ਬੱਚਿਆਂ 10-12 ਸਾਲ ਦੇ ਮੁੰਡਾ ਤੇ ਕੁੜੀ ਦਾ ਪਿਤਾ ਸੀ ਤੇ ਪਤਨੀ ਕਾਫੀ ਸਮੇਂ ਤੋਂ ਪੇਕੇ ਪਿੰਡ ਰਹਿ ਰਹੀ ਹੈ। ਪਿੰਡ ਕਟਾਰ ਸਿੰਘ ਵਾਲਾ ਦੇ ਸਰਪੰਚ ਹੇਮਰਾਜ ਨੇ ਦੱਸਿਆ ਕਿ ਬਹਾਦਰ ਸਿੰਘ ਡਰਾਈਵਰ ਸੀ ਤੇ ਪਿੱਕਅਪ ਗੱਡੀ ਚਲਾ ਕੇ ਘਰ ਦੀ ਕਬੀਲਦਾਰੀ ਰੋੜਦਾ ਸੀ। ਕੋਟਸ਼ਮੀਰ ਚੌਂਕੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਸਰਪੰਚ ਹੇਮਰਾਜ ਸਮੇਤ ਹੋਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਵਿਅਕਤੀ ਦੇ ਬੱਚਿਆਂ ਦੀ ਪੜ੍ਹਾਈ ਮੁਫ਼ਤ ਕਰਵਾਉਣ ਸਮੇਤ ਹੋਰ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਸਮਾਂ ਲੰਘਾ ਸਕਣ।
ਇਹ ਵੀ ਪੜ੍ਹੋ : ਪੁਲਿਸ ਵੱਲੋਂ ਦੋਹਰੇ ਕਤਲ ਦਾ ਮਾਮਲਾ ਹੱਲ, ਪੰਜ ਮੁਲਜ਼ਮ ਗ੍ਰਿਫਤਾਰ
ਇਸ ਤੋਂ ਇਲਾਵਾ ਬੀਤੇ ਦਿਨੀਂ ਮੌੜ ਮੰਡੀ ਨੇੜਲੇ ਪਿੰਡ ਮਾਈਸਰਖਾਨਾ ਵਿਖੇ ਵੀ ਇੱਕ ਨੌਜਵਾਨ ਦੀ ਚਿੱਟੇ ਦੇ ਨਸ਼ੇ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜਸਵੰਤ ਸਿੰਘ (24) ਪੁੱਤਰ ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਤਾ ਲੱਗਿਆ ਹੈ ਕਿ ਨੌਜਵਾਨ ਚਿੱਟੇ ਦਾ ਟੀਕਾ ਲਗਾ ਕੇ ਬੇਹੋਸ਼ ਹੋ ਗਿਆ ਜਿਸ ਨੂੰ ਪਰਿਵਾਰਕ ਮੈਂਬਰ ਬਠਿੰਡਾ ਦੇ ਇੱਕ ਹਸਪਤਾਲ ’ਚ ਇਲਾਜ ਲਈ ਲਿਆਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅੱਗੇ ਏਮਜ਼ ’ਚ ਰੈਫਰ ਕਰ ਦਿੱਤਾ।
ਏਮਜ਼ ’ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕੋਟਫੱਤਾ ਪੁਲਿਸ ਕੋਲ ਮ੍ਰਿਤਕ ਜਸਵੰਤ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਬਿਆਨ ਦਰਜ਼ ਕਰਵਾਇਆ ਕਿ ਉਨ੍ਹਾਂ ਦੇ ਪਿੰਡ ਮਾਈਸਰਖਾਨਾ ਦੇ ਹੀ ਰਾਜਵੀਰ ਸਿੰਘ ਨੇ ਨਸ਼ੇ ਦੀ ਓਵਰ ਡੋਜ਼ ਦਾ ਟੀਕਾ ਲਗਾ ਦਿੱਤਾ ਜਿਸ ਕਾਰਨ ਉਸਦੀ ਏਮਜ਼ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਕੋਟਫੱਤਾ ਪੁਲਿਸ ਨੇ ਰਾਜਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਖਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ