ਫੁੱਲਾਂ ਨਾਲ ਸਜਾਏ ਟ੍ਰੈਕਟਰ-ਟ੍ਰਾਲੀ | Parkash Singh Badal
ਬਾਦਲ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਖੇਤੀ ਨਾਲ ਅੰਤਾਂ ਦਾ ਪਿਆਰ ਸੀ। ਉਨ੍ਹਾਂ ਦੇ ਮੁੱਖ ਮੰਤਰੀ ਦੇ ਕਾਰਜ਼ਕਾਲ ਦੌਰਾਨ ਖੇਤੀ ਖੇਤਰ ਨੂੰ ਦਿੱਤੀਆਂ ਸਹੂਲਤਾਂ ਨੂੰ ਲੋਕ ਗਿਣਦੇ ਨਹੀਂ ਥੱਕਦੇ। ਖੇਤੀ ਟਿਊਬਵੈੱਲ ਕੁਨੈਕਸ਼ਨ, ਫਿਰ ਖੇਤਾਂ ’ਚ ਮੁਫ਼ਤ ਬਿਜਲੀ ਸਭ ਬਾਦਲ ਸਰਕਾਰ ਦੇ ਵੇਲਿਆਂ ’ਚ ਹੋਇਆ।
ਪ੍ਰਕਾਸ਼ ਸਿੰਘ ਬਾਦਲ ਦਾ ਖੁਦ ਵੀ ਖੇਤੀ ਵੱਲ ਬਹੁਤ ਰੁਝਾਨ ਸੀ। ਆਪਣੇ ਖੇਤਾਂ ’ਚ ਕੰਮ ਕਰਦੇ ਕਾਮਿਆਂ ਨਾਲ ਉਹ ਖੇਤ ਜਾ ਕੇ ਕਾਫੀ-ਕਾਫੀ ਸਮਾਂ ਗੱਲਾਬਾਤਾਂ ਕਰਕੇ ਖੇਤੀ ਦੀ ਜਾਣਕਾਰੀ ਲੈਂਦੇ ਰਹਿੰਦੇ। ਇਸ ਵਿਛੜੀ ਰੂਹ ਦਾ ਅੱਜ ਜਦੋਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਸਸਕਾਰ ਹੋਣਾ ਹੈ ਤਾਂ ਉਹ ਵੀ ਉਨ੍ਹਾਂ ਦੇ ਖੇਤ ’ਚ ਹੀ ਹੋਵੇਗਾ। ਖੇਤ ’ਚ ਉਹ ਥਾਂ ਜਿੱਥੇ ਉਨ੍ਹਾਂ ਨੇ ਕਿੰਨੂਆਂ ਦਾ ਬਾਗ ਲਗਵਾਇਆ ਸੀ।
ਪਿੰਡ ਬਾਦਲ ਦੇ ਬਾਸ਼ਿੰਦੇ ਦੱਸਦੇ ਨੇ ਕਿ ਭਾਵੇਂ ਵੱਡੀ ਉਮਰ ਦੇ ਬਾਵਜ਼ੂਦ ਉਨ੍ਹਾਂ ਦੀ ਸਿਹਤ ਲੰਬੇ ਸਮੇਂ ਤੋਂ ਸਹੀ ਨਹੀਂ ਸੀ ਪਰ ਖੇਤਾਂ ਦਾ ਮੋਹ ਉਨ੍ਹਾਂ ਨੇ ਨਹੀਂ ਤਿਆਗਿਆ ਸੀ ਕਿਉਂਕਿ ਉਹ ਕਈ ਵਾਰ ਗੱਡੀ ’ਤੇ ਖੇਤ ਨੂੰ ਜਾਂਦੇ-ਆਉਂਦੇ ਦਿਖਾਈ ਦਿੱਤੇ। ਸ੍ਰ. ਬਾਦਲ (Parkash Singh Badal) ਦੇ ਘਰ ਤੋਂ ਸਸਕਾਰ ਵਾਲੀ ਥਾਂ ਸਥਿਤ ਖੇਤ ਦਾ ਰਸਤਾ ਕਰੀਬ ਇੱਕ ਕਿਲੋਮੀਟਰ ਹੈ, ਇਹ ਕਿਲੋਮੀਟਰ ਦੇ ਰਸਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਨਿੱਕਲੇਗੀ ਤਾਂ ਉਹ ਵੀ ਇੱਕ ਫੁੱਲਾਂ ਨਾਲ ਸਜਾਏ ਟ੍ਰੈਕਟਰ-ਟਰਾਲੀ ਰਾਹੀਂ ਹੋਵੇਗੀ।