ਵਿਸ਼ਵ ਮਲੇਰੀਆ ਦਿਵਸ ਮੌਕੇ ਵਿਸ਼ੇਸ਼ | Malaria Day
ਹਰ ਸਾਲ 25 ਅਪਰੈਲ ਦਾ ਦਿਨ ਮਲੇਰੀਆ ਬਾਰੇ ਜਨ-ਜਾਗਰੂਕਤਾ ਲਈ ਵਿਸ਼ਵ ਪੱਧਰ ’ਤੇ (Malaria Day) ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਮਲੇਰੀਆ ਦਿਵਸ 2023 ਨੂੰ ਜ਼ੀਰੋ ਮਲੇਰੀਆ ਪ੍ਰਦਾਨ ਕਰਨ ਦਾ ਸਮਾਂ ‘‘ਨਿਵੇਸ਼ ਕਰੋ, ਨਵੀਨਤਾ ਕਰੋ, ਲਾਗੂ ਕਰੋ’’ ਥੀਮ ਦੇ ਤਹਿਤ ਮਨਾਇਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਵੱਲੋਂ 2021 ਵਿੱਚ ਚੀਨ ਦੇਸ਼ ਨੂੰ ਮਲੇਰੀਆ ਮੁਕਤ ਪ੍ਰਮਾਣਿਤ ਕੀਤਾ ਗਿਆ ਸੀ ਅਤੇ ਮਲੇਸ਼ੀਆ ਨੇ ਲਗਾਤਾਰ ਚੌਥੇ ਸਾਲ ਮਨੁੱਖੀ ਮਲੇਰੀਆ ਦਾ ਜ਼ੀਰੋ ਕੇਸ ਰਿਪੋਰਟ ਕੀਤਾ ਸੀ। ਮਲੇਰੀਆ ਦੀ ਰੋਕਥਾਮ, ਨਿਯੰਤਰਣ ਅਤੇ ਇਲਾਜ ’ਤੇ ਜ਼ੀਰੋ ਮਲੇਰੀਆ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਾਨੂੰ ਇੱਕ ਵਿਸ਼ੇਸ਼ ਰਣਨੀਤੀ ਦੀ ਲੋੜ ਹੈ, ਜਿਵੇਂ ਕਿ ਦਵਾਈ ਪ੍ਰਬੰਧਨ, ਬੁਖਾਰ ਵਾਲੇ ਸ਼ੱਕੀ ਮਰੀਜ਼ਾਂ ਦੀ ਜਾਂਚ ਤੇ ਤੁਰੰਤ ਇਲਾਜ।
ਜ਼ੀਰੋ ਮਲੇਰੀਆ ਲਈ ਅਜੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ
ਮਲੇਰੀਆ ਨੂੰ ਹਰਾਉਣ ਦੇ ਯਤਨਾਂ ਵਿੱਚ ਨਿਵੇਸ਼-ਫੰਡਿੰਗ ਦਾ ਅਹਿਮ ਮਹੱਤਵ ਹੈ ਤਾਂ ਜੋ ਅੱਜ ਦੀ ਟੈਕਨਾਲੋਜੀ ਮੁਤਾਬਿਕ ਨਵੇਂ ਉਪਕਰਨ, ਡਾਇਗਨੋਸਟਿਕਸ ਕਿੱਟਾਂ ਅਤੇ ਐਂਟੀਮਲੇਰੀਅਲ ਦਵਾਈਆਂ ਦਾ ਪ੍ਰਬੰਧ ਕਰਕੇ ਸਾਡੇ ਕੋਲ ਉਪਲੱਬਧ ਮੈਨਪਾਵਰ, ਸਾਧਨਾਂ ਅਤੇ ਰਣਨੀਤੀ ਦੀ ਵਧੇਰੇ ਪ੍ਰਭਾਵੀ ਵਰਤੋਂ ਕਰਦਿਆਂ ਮਾਈਗ੍ਰੈਂਟ ਅਬਾਦੀ ਵਾਲੇ ਖੇਤਰ ਜਿਵੇਂ ਕਿ ਭੱਠੇ-ਪਥੇਰਾਂ, ਫੈਕਟਰੀਆਂ, ਝੁੱਗੀਆਂ, ਢਾਣੀਆਂ ਅਤੇ ਉਸਾਰੀ ਅਧੀਨ ਇਮਾਰਤਾਂ ਆਦਿ, ਜੋ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਦੇ ਘੱਟ ਸਮਰੱਥ ਹਨ ਤੇ ਜਦੋਂ ਉਹ ਬਿਮਾਰ ਹੋ ਜਾਂਦੇ ਹਨ ਤਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਦੌਰਾ ਕਰਕੇ ਫੀਵਰ ਸਰਵੇ, ਆਈ.ਪੀ.ਸੀ. ਵਰਕਸ਼ਾਪ, ਗਰੁੱਪ ਮੀਟਿੰਗਾਂ ਤੇ ਹੋਰ ਜਾਗਰੂਕਤਾ ਸਰਗਰਮੀਆਂ ਅਮਲ ’ਚ ਲਿਆਣੀਆਂ ਚਾਹੀਦੀਆਂ ਹਨ।
ਅਜੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ | Malaria Day
ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਭਰਮਾਰ ਵਧਣ ਨਾਲ ਬੁਖਾਰ ਦੇ ਮਰੀਜਾਂ ਦੀ ਗਿਣਤੀ ਵੀ ਖੁੰਬਾਂ ਵਾਂਗ ਵਧਣੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਸੂਬੇ ਨੂੰ 2024 ਤੱਕ ਮਲੇਰੀਆ ਮੁਕਤ ਸੂਬਾ ਘੋਸ਼ਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਲਈ ਅਜੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ। ਪਰ ਮਲੇਰੀਆ ’ਤੇ ਕਾਬੂ ਪਾਉਣਾ ਇਕੱਲੀ ਸਿਹਤ ਵਿਭਾਗ ਦੀ ਜਿੰਮੇਵਾਰੀ ਨਹੀਂ ਸਗੋਂ ਮਲੇਰੀਆ ਤੋਂ ਬਚਾਅ, ਰੋਕਥਾਮ ਅਤੇ ਸਾਵਧਾਨੀਆਂ ਦਾ ਪਾਠ ਘਰ-ਘਰ ਪੜ੍ਹਾਉਣ ਲਈ ਮਿਹਨਤ ਕਰ ਰਹੇ ਸਿਹਤ ਫੀਲਡ ਸਟਾਫ ਦੀ ਗੱਲ ਸੁਣ ਕੇ ਜਲਦ ਅਮਲ ਕਰੀਏ ਅਤੇ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਨਭਾਈਏ।
ਮਾਰੂ ਕਰੀਮਾਂ, ਸਪਰੇਅ ਅਤੇ ਹੋਰ ਉਤਪਾਦਾਂ ਦਾ ਅਸਰ ਵੀ ਮੱਠਾ ਹੀ ਦਿਖਾਈ ਦੇ ਰਿਹੈ
ਹੁਣ ਮੱਛਰਾਂ ਦੇ ਪਨਪਣ ਦਾ ਸਮਾਂ ਵੀ ਸ਼ੁਰੂ ਹੋ ਗਿਆ ਹੈ, ਇਸ ਵਾਰ ਤਾਂ ਮੱਛਰ ਦੀ ਪੈਦਾਇਸ਼ ਤਾਂ ਪਹਿਲਾਂ ਨਾਲੋਂ ਜਿਆਦਾ ਪ੍ਰਤੀਤ ਹੋ ਰਹੀ ਹੈ, ਪਰ ਇਸ ਵਾਰ ਮੱਛਰ ਡਾਢਾ ਢੀਠ ਵੀ ਲੱਗ ਰਿਹਾ ਹੈ ਇਸ ਵਾਰ ਮੱਛਰ ’ਤੇ ਮਾਰੂ ਕਰੀਮਾਂ, ਸਪਰੇਅ ਅਤੇ ਹੋਰ ਉਤਪਾਦਾਂ ਦਾ ਅਸਰ ਵੀ ਮੱਠਾ ਹੀ ਦਿਖਾਈ ਦੇ ਰਿਹਾ ਹੈ, ਜਿਸ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆਂ, ਜੀਕਾ ਵਾਇਰਸ ਆਦਿ ਬੁਖਾਰਾਂ ਦੇ ਫੈਲਣ ਦਾ ਖਦਸ਼ਾ ਹੋਰ ਵੀ ਵਧ ਜਾਂਦਾ ਹੈ, ਸੋ ਆਪਾਂ ਆਪਣੇ ਘਰਾਂ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ, ਹਰ ਹਫਤੇ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ,
ਘਰਾਂ ਦੀਆਂ ਛੱਤਾਂ ੳੱੁਪਰ ਪਏ ਪੁਰਾਣੇ ਟਾਇਰ-ਟੱਪੇ, ਕਬਾੜ ਆਦਿ ਨੂੰ ਕਵਰ ਹੇਠਾਂ ਰੱਖੀਏ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੌਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸਾਫ ਕਰੀਏੇ, ਕੂਲਰਾਂ ਨੂੰ ਵੀ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ, ਇਸੇ ਤਰ੍ਹਾਂ ਫਰਿੱਜ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਨੂੰ ਖਾਲੀ ਕਰਕੇ ਸੁਕਾਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫਾਈ ਕਰਨੀ ਬਹੁਤ ਜਰੂਰੀ ਹੈ, ਬਚਾਅ ਲਈ ਖੜ੍ਹੇ ਪਾਣੀ ਦੇ ਸੋਮਿਆਂ ’ਤੇ ਕਾਲਾ-ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ ਇਨ੍ਹਾਂ ਸਾਰੀਆਂ ਸਰਗਰਮੀਆਂ ਨੂੰ ਅਮਲ ’ਚ ਲਿਆਉਣ ਬਣਾਈ ਰਣਨੀਤੀ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੈ ਹਰ ਸ਼ੁੱਕਰਵਾਰ ਡਰਾਈ ਡੇਅ।
ਮਲੇਰੀਆ ਸਬੰਧੀ ਖੂਨ ਦਾ ਸਲਾਈਡ ਟੈਸਟ | Malaria Day
ਇਸ ਮੌਸਮ ਵਿੱਚ ਪੂਰੇ ਕੱਪੜੇ ਪਹਿਨੋ, ਸਰੀਰ ਨੂੰ ਢੱਕ ਕੇ ਰੱਖੋ, ਰਾਤ ਸਮੇਂ ਸੌਣ ਲੱਗਿਆਂ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਗਾਓ, ਸਰੀਰ ਉੱਪਰ ਮੱਛਰ ਮਾਰੂ ਕਰੀਮਾਂ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਹਰ ਇੱਕ ਬੁਖਾਰ ਵਾਲੇ ਕੇਸ ਦਾ ਮਲੇਰੀਆ ਸਬੰਧੀ ਖੂਨ ਦਾ ਸਲਾਈਡ ਟੈਸਟ ਕਰਨ ਅਤੇ ਪ੍ਰਭਾਵਿਤ ਖੇਤਰਾਂ ਅੰਦਰ ਸਪਰੇਅ ਤੇ ਫੌਗਿੰਗ ਆਦਿ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੌਰਾ ਕਰ ਰਹੀਆਂ ਹਨ।
ਮਲੇਰੀਆ ਮਾਦਾ ਐਨੋਫਲੀਜ਼ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਸਾਫ-ਠਹਿਰੇ ਪਾਣੀ ਵਿੱਚ ਪੈਦਾ ਹੁੰਦਾ ਹੈ, ਮਲੇਰੀਆ ਦੇ ਲੱਛਣ ਹਨ ਕਿ ਮਰੀਜ਼ ਨੂੰ ਠੰਢ ਅਤੇ ਕਾਂਬੇ ਨਾਲ ਬੁਖਾਰ, ਉਲਟੀਆਂ, ਸਿਰ ਦਰਦ, ਬੁਖਾਰ ਉੱਤਰਨ ਤੋਂ ਬਾਅਦ ਸਿਰ ਦਰਦ ਅਤੇ ਸਰੀਰ ਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਇਨ੍ਹਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਾਫ-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ ’ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਅਜਿਹੇ ਲੱਛਣ ਹੋਣ ’ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸਪੰਰਕ ਕਰੋ।
ਮਲੇਰੀਆ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ, ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੇ ਸੁਝਾਵਾਂ ਲਈ 24 ਘੰਟੇ ਉਪਲੱਬਧ ਟੋਲ ਫਰੀ ਹੈਲਪ ਲਾਈਨ ਨੰਬਰ 104 ’ਤੇ ਸਪੰਰਕ ਵੀ ਕੀਤਾ ਜਾ ਸਕਦਾ ਹੈ।
ਡਾ. ਪ੍ਰਭਦੀਪ ਸਿੰਘ ਚਾਵਲਾ
ਬੀ.ਈ.ਈ.
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ. 98146-56257