ਡਾ. ਭੀਮ ਰਾਓ ਅੰਬੇਦਕਰ ਨੂੰ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪਿੰਡ ਤੁੰਗਾਂ ਵਿਖੇ ਦੇਸ਼ ਦੇ ਸਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ (Dr Bhim Rao Ambedkar) ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਬੋਲਦਿਆਂ ਸੀ.ਪੀ.ਆਈ (ਐਮ) ਦੇ ਤਹਿਸੀਲ ਸਕੱਤਰ ਕਾਮਰੇਡ ਸਤਵੀਰ ਤੁੰਗਾਂ ਨੇ ਕਿਹਾ ਕਿ ਦੇਸ਼ ਦੇ ਪਛੜੇ ਤੇ ਕਮਜ਼ੋਰ ਵਰਗਾਂ ਨੂੰ ਉਚਾ ਚੁੱਕਣ ਲਈ ਬਾਬਾ ਸਾਹਿਬ ਵਲੋਂ ਲਿਖੇ ਗਏ ਸਵਿਧਾਨ ਵਿੱਚ ਅਨੇਕਾਂ ਯਤਨ ਕੀਤੇ ਗਏ ਹਨ ਪਰ ਦੇਸ਼ ਦੀ ਸੱਤਾ ਤੇ ਕਾਬਜ਼ ਧਿਰਾਂ ਨੇ ਸਵਿਧਾਨ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ, ਜਿਸ ਕਰਕੇ ਅਜਾਦੀ ਦੇ 75 ਸਾਲਾਂ ਬਾਅਦ ਵੀ ਗਰੀਬ ਤੇ ਪਛੜੇ ਵਰਗਾਂ ਦੇ ਲੋਕ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਸੱਤਾ ਤੇ ਫਿਰਕਾਪ੍ਰਸਤ ਤਾਕਤਾਂ ਆਰ ਐੱਸ ਐੱਸ ਤੇ ਭਾਜਪਾ ਦਾ ਕਬਜ਼ਾ ਹੋਇਆ ਹੈ ਉਦੋਂ ਤੋਂ ਸਵਿਧਾਨਕ ਸੋਧਾਂ ਦੇ ਨਾਂ ਹੇਠ ਸਵਿਧਾਨ ਨੂੰ ਤੋੜਨ ਦੇ ਹਮਲੇ ਤੇਜ਼ ਹੋਏ ਹਨ। ਉਨ੍ਹਾਂ ਕਿਹਾ ਕਿ 44 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡ ਰੱਖਣੇ ਦੇਸ਼ ਦੇ ਮਿਹਨਤਕਸ਼ ਮਜਦੂਰ ਪਰਿਵਾਰਾਂ ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਇਕ ਜੁੱਟ ਕੇ ਆਪਣੀਆਂ ਜਥੇਬੰਦੀਆਂ ਨੂੰ ਮਜਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾ ਸਾਹਿਬ ਵਲੋਂ ਰਚੇ ਗਏ ਸਵਿਧਾਨ ਨੂੰ ਅੱਜ ਫਿਰਕਾਪ੍ਰਸਤ ਤਾਕਤਾਂ ਤੋਂ ਵੱਡਾ ਖਤਰਾ ਹੈ। ਇਸ ਖਤਰੇ ਨੂੰ ਰੋਕਣ ਲਈ ਮਜਦੂਰ ਵਰਗ ਨੂੰ ਲਾਮਬੰਦ ਹੋ ਕੇ ਇਸ ਦਾ ਮੁਕਾਬਲਾ ਕਰਨਾ ਹੋਵੇਗਾ।
ਇਸ ਮੌਕੇ ਬਾਬਾ ਰਵਿਦਾਸ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ, ਕਾਮਰੇਡ ਬੇਅੰਤ ਸਿੰਘ, ਜਗਦੇਵ ਸਿੰਘ, ਹਮੀਰ ਸਿੰਘ, ਕੇਸਰ ਸਿੰਘ ਕੇਸੂ, ਹਰਦਿਆਲ ਸਿੰਘ ਮੈਂਬਰ, ਜਾਗਰ ਸਿੰਘ, ਅਮਰਜੀਤ ਸਿੰਘ, ਤਿਲਕੂ ਸਿੰਘ ਤੇ ਵੱਡੀ ਗਿਣਤੀ ਵਿੱਚ ਬੱਚੇ ਵੀ ਹਾਜਰ ਸਨ ।