ਸੂਬਾ ਸਰਕਾਰ ਨੇ ਆਊਟਸੋਰਸ ਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਦਿੱਤਾ ਸੀ ਭਰੋਸਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ (ਅਕਬਰਪੁਰ) ਨੇ ਸੂਬਾ ਸਰਕਾਰ ਵੱਲੋਂ ਸੇਵਾ ਕੇਂਦਰਾਂ ਦਾ ਠੇਕਾ ਮੁੜ ਤੋਂ ਨਿੱਜੀ ਕੰਪਨੀਆਂ ਨੂੰ ਦੇਣ ਉੱਤੇ ਇਤਰਾਜ਼ ਜਤਾਉਂਦਿਆਂ ਇਸ ਠੇਕੇ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਲਈ ਮੁੱਖ ਮੰਤਰੀਂ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ।
ਇਸ ਸਬੰਧੀਂ ਗੱਲਬਾਤ ਕਰਦਿਆਂ ਜਥੇਬੰਦੀਂ ਦੇ ਸੂਬਾਈ ਸਰਪ੍ਰਸਤ ਅਵਤਾਰ ਅਕਬਰਪੁਰ (ਸੰਗਰੂਰ) ਨੇ ਕਿਹਾ ਕਿ ਆਊਟਸੋਰਸ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਭਰੋਸਾ ਦੇਣ ਵਾਲੀ ਸੂਬੇ ਦੀ ਭਗਵੰਤ ਮਾਨ ਦੀ ਆਪ ਸਰਕਾਰ ਹੁਣ ਖੁਦ ਵੀ ਸੇਵਾ ਕੇਂਦਰਾ ਦਾ ਠੇਕਾ ਮੁੜ ਤੋਂ ਨਿੱਜੀ ਕੰਪਨੀਆਂ ਨੂੰ ਦੇਕੇ ਕਾਂਗਰਸੀ ਅਤੇ ਅਕਾਲੀ ਸਰਕਾਰਾਂ ਦੇ ਰਾਹ ਤੁਰ ਪਈ ਹੈ।
ਸੇਵਾ ਕੇਂਦਰਾ ਦਾ ਠੇਕਾ ਮੁੜ ਤੋਂ ਨਿੱਜੀ ਕੰਪਨੀਆਂ ਨੂੰ ਦੇਕੇ ਕਾਂਗਰਸੀ ਅਤੇ ਅਕਾਲੀ ਸਰਕਾਰਾਂ ਦੇ ਰਾਹ ਤੁਰੀ ਆਪ ਸਰਕਾਰ : ਅਕਬਰਪੁਰ
ਉਨ੍ਹਾਂ ਕਿਹਾ ਕਿ ਇੱਕ ਪਾਸੇ ਭਗਵੰਤ ਸਿੰਘ ਮਾਨ ਸੂਬੇ ਦੇ ਕੱਚੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਉਂਦੇ ਰਹੇ ਹਨ ਕਿ ਕਿਸੇ ਵੀ ਕੱਚੇ ਜਾਂ ਆਊਟਸੋਰਸ ਮੁਲਾਜ਼ਮ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ, ਸਗੋਂ ਆਪ ਸਰਕਾਰ ਉਨ੍ਹਾਂ ਦੀ ਖੁਦ ਸਾਰ ਲਵੇਗੀ ਪਰ ਦੂਜੇ ਪਾਸੇ ਠੇਕੇ ਮੁੜ ਤੋਂ ਨਿੱਜੀ ਕੰਪਨੀਆਂ ਨੂੰ ਦੇਕੇ ਮੁਲਾਜ਼ਮਾਂ ਦੇ ਹੱਥ ਬੰਨ੍ਹੇ ਜਾ ਰਹੇ ਹਨ। ਅਵਤਾਰ ਅਕਬਰਪੁਰ ਨੇ ਕਿਹਾ ਕਿ ਸੇਵਾ ਕੇਂਦਰ ਮੁਲਾਜ਼ਮ ਪਿਛਲੇ 7 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਨ ਲਈ ਮਜ਼ਬੂਰ ਹਨ ਜਿੰਨ੍ਹਾਂ ਦੀਆਂ ਤਨਖਾਹਾਂ ਵਿੱਚ ਫੌਰੀ ਤੌਰ ਤੇ ਵਾਧਾ ਹੋਣਾ ਚਾਹੀਦਾ ਹੈ, ਮੁਲਾਜ਼ਮਾਂ ਦੀਆਂ ਸੇਵਾਵਾਂ ਬਿਨ੍ਹਾਂ ਦੇਰੀ ਰੈਗੂਲਰ ਹੋਣੀਆਂ ਚਾਹੀਦੀਆਂ ਹਨ ਅਤੇ ਪੰਜਾਬ ਸਰਕਾਰ ਸੇਵਾ ਕੇਂਦਰ ਵਿਭਾਗ ਨੂੰ ਆਪਣੇ ਅਧੀਨ ਲਵੇ।
ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸੇਵਾ ਕੇਂਦਰਾ ਦਾ ਠੇਕਾ ਨਿੱਜੀ ਕੰਪਨੀਆਂ ਦੇ ਹਿੱਸੇ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀਂ ਭਗਵੰਤ ਸਿੰਘ ਮਾਨ ਨੂੰ ਪੁਰਾਣੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਸਰਕਾਰ ਖਿਲਾਫ ਬੋਲਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ, ਕਿਉਂਕਿ ਉਹ ਵੀ ਉਨ੍ਹਾਂ ਸਰਕਾਰਾਂ ਵਾਂਗ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ ਵੱਲ ਪੰਜਾਬ ਸਰਕਾਰ ਨੇ ਧਿਆਨ ਦੇਣ ਦੀ ਕੋਸਿਸ਼ ਨਾ ਕੀਤੀ ਤਾਂ ਉਹ ਸੰਘਰਸ਼ਾਂ ਦੇ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਣਗੇ।