ਸਰਪੰਚ ਦੇ ਘਰ ਮੱਝ ਖਰੀਦਣ ਨੂੰ ਲੈ ਕੇ ਹੋ ਰਹੀ ਸੀ ਪੰਚਾਇਤ
ਅਬੋਹਰ (ਸੁਧੀਰ ਅਰੋੜਾ)। ਮੱਝ ਦੀ ਖਰੀਦ ਸਬੰਧੀ ਢਾਣੀ ਕਰਨੈਲ ਸਿੰਘ ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਕੁਝ ਲੋਕਾਂ ਨੇ ਇੱਕ ਨੌਜਵਾਨ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੰਤਾ। ਜਿਸ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੂੰੂ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ। (Abohar News)
ਇਲਾਜ਼ ਅਧੀਨ ਜਖ਼ਮੀ ਮਨਦੀਪ ਸਿੰਘ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਮੱਝ ਕਟਹਿੜਾ ਪਿੰਡ ਤੋਂ ਖਰੀਦੀ ਸੀ। ਦੂਜੇ ਪੱਖ ਦੇ ਲੋਕ ਉਸੇ ਮੱਝ ਨੂੰ ਮਹਿੰਗੇ ਭਾਅ ’ਤੇ ਖਰੀਦਣਾ ਚਾਹੁੰਦੇ ਸਨ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ’ਚ ਲੜਾਈ ਹੋ ਗਈ। ਇਸ ਲੜਾਈ ਨੂੰ ਖ਼ਤਮ ਕਰਨ ਲਈ ਪੰਚਾਇਤ ਬੁਲਾਈ ਗਈ ਸੀ। ਜਿਸ ’ਚ ਕਰੀਬ 50 ਵਿਅਕਤੀਆਂ ਨੇ ਆ ਕੇ ਉਸ ਦੇ ਪੁੱਤਰ ਮਨਦੀਪ ਸਿੰਘ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਪੁੱਤਰ ਨੇ ਕੰਧ ਲੰਘ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਲਜ਼ਮ ਉੱਥੋਂ ਭੱਜ ਗਏ। ਉਨ੍ਹਾਂ ਮਨਦੀਪ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਹੈ, ਜਿੱਥੇ ਡਾਕਟਰਾਂ ਅਨੁਸਾਰ ਉਸ ਨੂੰ 20 ਤੋਂ ਜਿਆਦਾ ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ PSPCL ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਉੱਥੇ ਹੀ ਢਾਣੀ ਕਰਨੈਲ ਦੇ ਸਰਪੰਚ ਪਰਮਿਲ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਪਸ਼ੂਆਂ ਦਾ ਵਪਾਰ ਕਰਦੀਆਂ ਹਨ। ਉਨ੍ਹਾਂ ਕੋਲ ਜਦੋਂ ਇਹ ਮੁੱਦਾ ਆਇਆ ਤਾਂ ਉਨ੍ਹਾਂ ਪੰਚਾਇਤ ਬੁਲਾ ਲਈ। ਅੱਜ ਜਦੋਂ ਪੰਚਾਇਤ ਬੁਲਾਈ ਗਈ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਮਨਦੀਪ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ।