ਜਲੰਧਰ (ਸੱਚ ਕਹੂੰ ਨਿਊਜ਼)। ਲੰਘੀ 18 ਮਾਰਚ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ (Amritpal) ਨੂੰ ਪੁਲਿਸ ਵੱਲੋਂ ਗਿ੍ਰਫ਼ਤਾਰ ਕਰਨ ਲਈ ਭਾਲ ਜਾਰੀ ਹੈ। ਉਸੇ ਦਿਨ ਤੋਂ ਲੈ ਕੇ ਵੱਖ-ਵੱਖ ਥਾਵਾਂ ਤੋਂ ਅੰਮ੍ਰਿਤਪਾਲ ਸਿੰਘ ਨਾਲ ਸਬੰਧ ਵੀਡੀਓ ਤੇ ਫੋਟੋ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਨੂੰ ਫੇਕ ਵੀ ਕਰਾਰ ਦਿੱਤਾ ਗਿਆ ਹੈ। ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਲੱਭਣ ਲਈ ਲਗਤਾਰ ਅਭਿਆਨ ਚਲਾ ਰਹੀ ਹੈ।
ਇਸ ਦਰਮਿਆਨ ਹੀ ਅੰਮ੍ਰਿਤਪਾਲ ਦੇ ਪਰਿਵਾਰ ਵੱਲੋਂ ਵੀ ਵਾਰ-ਵਾਰ ਮੀਡੀਆ ਦੇ ਸਾਹਮਣੇ ਆ ਕੇ ਅੰਮ੍ਰਿਤਪਾਲ (Amritpal) ਦੇ ਪੁਲਿਸ ਦੀ ਹਿਰਾਸਤ ਵਿੱਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਹੁਣ ਮੰਗਲਵਾਰ ਦੇਰ ਰਾਤ ਅੰਮ੍ਰਿਤਪਾਲ ਸਿੰਘ ਨੂੰ ਫਗਵਾੜਾ-ਹੁਸ਼ਿਆਰਪੁਰ ਹਾਈਵੇ ’ਤੇ ਸਥਿੱਤ ਪਿੰਡ ਮਰਣੀਆਂ ਕਲਾਂ ’ਚ ਵੇਖਣ ਦੀ ਸੂਚਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਜਿਵੇਂ ਹੀ ਪੁਲਿਸ ਕੋਲ ਇਹ ਸੂਚਨਾ ਪਹੁੰਚੀ ਤਾਂ ਪੰਜਾਬ ਪੁਲਿਸ ਦੀ ਫੋਰਸ ਅਤੇ ਸੀਆਰਪੀਐੱਫ਼ ਦੇ ਜਵਾਨਾਂ ਨੇ ਪਿੰਡ ਨੂੰ ਘੇਰਾ ਪਾ ਲਿਆ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਇਨੋਵਾ ਕਾਰ ’ਚ ਸਵਾਰ ਸੀ।
ਹਾਲਾਂਕਿ ਇਸ ਸੂਚਨਾ ਕਿਸ ਨੇ ਦਿੱਤੀ ਇਸ ਬਾਰੇ ਕੋਈ ਠੋਸ ਜਵਾਬ ਨਹੀਂ ਮਿਲ ਰਿਹਾ ਪਰ ਪੁਲਿਸ ਨੇ ਕਾਫ਼ੀ ਦੇਰ ਤੱਕ ਪਿੰਡ ’ਚ ਤਲਾਸ਼ੀ ਮੁਹਿੰਮ ਚਲਾਈ ਪਰ ਅੰਮ੍ਰਿਤਪਾਲ ਦਾ ਕੋਈ ਸੁਰਾਗ ਨਹੀਂ ਮਿਲਿਆ। ਲੰਮੀ ਤਲਾਸ਼ੀ ਮੁਹਿੰਮ ਤੋਂ ਬਾਅਦ ਪੁਲਿਸ ਅਤੇ ਸੀਆਰਪੀਐੱਫ਼ ਦੇ ਕਾਫ਼ਲੇ ਨੂੰ ਵਾਪਸ ਭੇਜਿਆ ਗਿਆ। ਦੱਸ ਦਈਏ ਕਿ ਪਿੰਡ ਮਰਨੀਆਂ ਕਲਾਂ ਜਲੰਧਰ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਹੈ।