ਮਲੇਰਕੋਟਲਾ (ਗੁਰਤੇਜ ਜੋਸੀ)। ਮਾਲੇਰਕੋਟਲਾ-ਪਟਿਆਲਾ (Malerkotla News) ਮੁੱਖ ਸੜਕ ’ਤੇ ਸਥਿਤ ਪਿੰਡ ਮਾਹਰਾਣਾ ਵਿਖੇ ਲੱਗੇ ਟੋਲ ਪਲਾਜ਼ਾ ’ਤੇ ਪਰਚੀ ਨੂੰ ਲੈ ਕੇ ਟੋਲ ਕਰਿੰਦੇ ਕਿਸਾਨ ਆਗੂਆਂ ਨਾਲ ਉਲਝ ਗਏ। ਤਲਖ਼ੀ ਇੰਨੀ ਵੱਧ ਗਈ ਕਿ ਕਿਸਾਨ ਆਗੂਆਂ ਵਲੋਂ ਵਿਰੋਧ ਕਰਦਿਆਂ ਜਿੱਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਟੋਲ ਮੁਫ਼ਤ ਕਰਵਾ ਆਉਣ ਜਾਣ ਵਾਲੇ ਵਾਹਨਾਂ ਨੂੰ ਬਿਨਾਂ ਪਰਚੀ ਤੋਂ ਲੰਘਾਇਆ ਗਿਆ।
ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਕੁੱਲ ਹਿੰਦ ਸਭਾ ਦੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਵੜੈਚ ਨੇ ਦੱਸਿਆ ਕਿ ਉਹ ਆਪਣੇ ਕਿਸਾਨ ਸਾਥੀਆਂ ਨਾਲ ਮੁੱਲਾਂਪੁਰ ਦਾਖਾਂ ਤੋਂ ਨਾਭੇ ਵੱਲ ਯੂਨੀਅਨ ਦੀ ਜ਼ਰੂਰੀ ਮੀਟਿੰਗ ਵਿਚ ਜਾ ਰਹੇ ਸੀ ਕਿ ਮਾਹੋਰਾਣਾ ਟੋਲ ਪਲਾਜ਼ਾ ਤੇ ਮੇਰੀ ਗੱਡੀ ਲੰਘਣ ਮਗਰੋਂ ਪਿੱਛੋ ਆਉਂਦੇ ਕਿਸਾਨ ਆਗੂਆਂ ਨਾਲ ਪਰਚੀ ਨੂੰ ਲੈ ਕੇ ਟੋਲ ਕਰਿੰਦੇ ਉਲਝ ਗਏ ਅਤੇ ਕਾਰਡ ਦਿਖਾਉਣ ਦੇ ਬਾਵਜੂਦ ਵੀ ਗੱਡੀ ਰੋਕ ਉਨ੍ਹਾਂ ਨੂੰ ਧੌਂਸ ਦਿਖਾਉਂਦਿਆਂ ਬਦਤਮੀਜ਼ੀ ਕੀਤੀ ਗਈ ਜੋ ਕਿ ਨਾ ਕਾਬਲੇ ਬਰਦਾਸ਼ਤ ਹੈ। ਕਿਸਾਨ ਆਗੂ ਨੇ ਟੋਲ ਪਲਾਜ਼ਿਆਂ ਵੱਲੋਂ ਲਏ ਜਾ ਰਹੇ ਟੈਕਸ ਨੂੰ ਜਜੀਆ ਟੈਕਸ ਆਖ ਇਸ ਨੂੰ ਸਰਕਾਰਾਂ ਦਾ ਲੋਕਾਂ ਦੀਆਂ ਜੇਬਾਂ ਉੱਤੇ ਮਾਰਨ ਵਾਲਾ ਡਾਕਾ ਦੱਸਦਿਆਂ ਟੋਲ ਕਰਿੰਦਿਆਂ ਨੂੰ ਚੇਤਾਵਨੀ ਦਿੱਤੀ ਕਿ ਕਿਸਾਨ ਆਗੂਆਂ ਨਾਲ ਗੁੰਡਾਗਰਦੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। (Malerkotla News)
ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਟੋਲ ਪਲਾਜ਼ਾ ਮਾਲਕ ਇਸ ਦਾ ਖ਼ਮਿਆਜ਼ਾ ਭੁਗਤਣ ਨੂੰ ਤਿਆਰ ਰਹੇ। ਉੱਧਰ ਮਾਹੋਰਾਣਾ ਟੋਲ ਪਲਾਜ਼ਾ ਦੇ ਇੰਚਾਰਜ ਸੁਖਚੈਨ ਸਿੰਘ ਨੇ ਲੱਗੇ ਆਰੋਪਾਂ ਨੂੰ ਨਕਾਰਦਿਆਂ ਇਸ ਨੂੰ ਕਿਸਾਨ ਆਗੂਆਂ ਦੀ ਧੱਕੇਸ਼ਾਹੀ ਦੱਸਿਆ। ਮੌਕੇ ਤੇ ਪਹੁੰਚੇ ਥਾਣਾ ਮੁਖੀ ਅਜੀਤ ਸਿੰਘ ਅਮਰਗੜ੍ਹ ਵਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਮਾਮਲਾ ਸ਼ਾਂਤ ਕਰਵਾਇਆ।