ਚਾਲਬਾਜਾਂ ਨੇ ਖਾਣਾ ਆਰਡਰ ਕਰਨ ਵਾਲੇ ਵਿਅਕਤੀ ਨਾਲ ਮਾਰੀ 50723 ਰੁਪਏ ਦੀ ਠੱਗੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਾਇਬਰ ਕਰਾਇਮ ’ਤੇ ਕੀਤੀ ਜਾ ਰਹੀ ਸਖ਼ਤਾਈ ਤੋਂ ਬਾਅਦ ਹੁਣ ਠੱਗਾਂ ਨੇ ਹੋਰ ਵੀ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਹੀ ਇੱਕ ਮਾਮਲਾ ਇੱਥੇ ਸਾਹਮਣੇ ਆਇਆ ਹੈ ਜਿੱਥੇ ਧਾਂਦਰਾਂ ਰੋਡ ਵਾਸੀ ਇੱਕ ਜੋੜੇ ਨਾਲ ਸਸਤੇ ਖਾਣੇ ਦੇ ਚੱਕਰ ’ਚ ਹਜ਼ਾਰਾਂ ਰੁਪਏ ਦੀ ਠੱਗੀ ਵੱਜ ਗਈ। ਜਿਸ ਤਹਿਤ ਪੁਲਿਸ ਨੇ ਝਾਰਖੰਡ ਅਤੇ ਪੱਛਮੀ ਬੰਗਾਲ ਦੇ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜਿੰਨਾਂ ਦੀ ਗ੍ਰਿਫਤਾਰੀ ਲਈ ਕੋਸ਼ਿਸਾਂ ਕਰ ਰਹੀ ਹੈ। (Facebook)
ਇੱਕ ਪਲੇਟ ਦੇ ਨਾਲ ਇੱਕ ਪਲੇਟ ਮੁਫ਼ਤ ਪੈ ਗਈ ਮਹਿੰਗੀ
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਚਰਨਜੀਤ ਸਿੰਘ ਵਾਸੀ ਗਲੀ ਨੰਬਰ 8 ਐਸ.ਬੀ.ਐਸ ਨਗਰ ਜੱਸਲ ਕਲੋਨੀ ਧਾਂਦਰਾਂ ਰੋਡ ਨੇ ਦੱਸਿਆ ਕਿ ਉਸ ਦੀ ਭਰਜਾਈ ਨੇ ਫੇਸਬੁੱਕ (Facebook) ’ਤੇ ਇੱਕ ਪੋਸਟ ਦੇਖੀ ਜਿਸ ਵਿੱਚ ਇੱਕ ਪਲੇਟ ਦੇ ਨਾਲ ਇੱਕ ਪਲੇਟ ਮੁਫਤ ਦੀ ਪੇਸ਼ਕਸ਼ ਜੋ ਸਾਗਰ ਰਤਨ ਰੈਸਟੋਰੈਂਟ ਦੁਆਰਾ ਕੀਤੀ ਜਾ ਰਹੀ ਸੀ, ਇਸ ਸਬੰਧੀ ਆਪਣੀ ਪਤਨੀ ਨੂੰ ਦੱਸਿਆ ਅਤੇ ਉਕਤ ਪੋਸਟ ਦਾ ਲਿੰਕ ਸਾਂਝਾ ਕੀਤਾ। ਜਿਸ ’ਤੇ 100 ਰੁਪਏ ਦੀ ਪਲੇਟ ਦੇ ਨਾਲ ਇੱਕ ਪਲੇਟ ਮੁਫਤ ਦੇਣ ਦਾ ਆਫਰ ਦਿੱਤਾ ਗਿਆ। ਇਸ ਪਿੱਛੋਂ ਉਸ ਦੀ ਪਤਨੀ ਨੇ ਪੋਸਟ ’ਚ ਦਿੱਤੇ ਗਏ ਨੰਬਰ ’ਤੇ ਫੋਨ ਕਰਕੇ ਖਾਣਾ ਮੰਗਵਾਉਣ ਦੀ ਪ੍ਰਕਿਰਿਆ ਬਾਰੇ ਗੱਲ ਕੀਤੀ।
Facebook : ਕ੍ਰੈਡਿਟ ਕਾਰਡ ਰਾਹੀਂ ਮਾਰੀ ਠੱਗੀ
ਫੋਨ ਕਰਨ ਵਾਲੇ ਨੇ ਦੂਜਾ ਨੰਬਰ ਦੇ ਕੇ ਕਿਹਾ ਕਿ ਇਹ ਉਸ ਦਾ ਫੂਡ ਡਿਲੀਵਰੀ ਬੁਆਏ ਹੈ, ਜਿਸ ਨਾਲ ਗੱਲ ਕਰਕੇ ਆਰਡਰ ਬੁੱਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਦੋਂ ਉਨਾਂ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਿਰਫ ਇੱਕ ਰੁਪਏ ਦੇ ਕੇ ਆਰਡਰ ਬੁੱਕ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਸਾਹਮਣੇ ਵਾਲੇ ਨੇ ਫੋਨ ’ਤੇ ਹੀ ਉਕਤ ਔਰਤ ਤੋਂ ਕ੍ਰੈਡਿਟ ਕਾਰਡ ਨੰਬਰ ਲੈ ਲਿਆ ਅਤੇ ਫੋਨ ’ਤੇ ਮਿਲੇ ਓਟੀਪੀ ਨੂੰ ਪ੍ਰਾਪਤ ਕਰਕੇ ਕ੍ਰੈਡਿਟ ਕਾਰਡ ਤੋਂ 50723 ਰੁਪਏ ਦੂਜੇ ਖਾਤੇ ਵਿਚ ਪੈਸੇ ਟਰਾਂਸਫਰ ਕਰ ਲਏ। ਜਿਉਂ ਹੀ ਉਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਤੁੰਰਤ ਪੁਲਿਸ ਨੂੰ ਦਿੱਤੀ।
ਪੁਲਿਸ ਨੇ ਸ਼ਿਕਾਇਤ ’ਤੇ ਜਾਂਚ ਕਰਨ ਤੋਂ ਬਾਅਦ ਥਾਣਾ ਸਦਰ ’ਚ ਮਾਲਤੀ ਦੇਵੀ, ਪਿੰਗ ਖਜੂਰੀਆ, ਗੁਰੂਕੁੱਲ ਜ਼ਿਲਾ ਡਿਗੋਰ ਝਾਰਖੰਡ ਅਤੇ ਤਾਰਿਕ ਪਲਮਲ ਵਾਸੀ ਪਿੰਡ ਸਾਮਰਾਏਪੁਰ, ਪੱਛਮੀ ਬੰਗਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਹਰਮੇਸ ਸਿੰਘ ਦਾ ਕਹਿਣਾ ਹੈ ਕਿ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਲਈ ਟੀਮ ਉਤਰਾਖੰਡ ਅਤੇ ਪੱਛਮੀ ਬੰਗਾਲ ਜਾਵੇਗੀ।
ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤਰਾਂ ਪਹਿਲਾਂ ਇੰਟਰਨੈੱਟ ਮੀਡੀਆ ’ਤੇ ਆਕਰਸ਼ਕ ਪੇਸ਼ਕਸਾਂ ਦੀ ਪੁਸ਼ਟੀ ਕਰਨੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਆਰਡਰ ਦਿੰਦੇ ਸਮੇਂ ਆਪਣੇ ਕ੍ਰੈਡਿਟ ਕਾਰਡ ਦੇ ਨੰਬਰ ਆਦਿ ਨੂੰ ਕਿਸੇ ਨਾਲ ਵੀ ਸਾਂਝਾ ਨਾ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ