ਬਠਿੰਡਾ (ਸੁਖਜੀਤ ਮਾਨ)। ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਮਹਾਨ ਯੋਧੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਅੱਜ ਵੱਖ-ਵੱਖ ਥਾਈਂ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀਆਂ ਦੇ ਕੇ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸੇ ਤਹਿਤ ਬਠਿੰਡਾ ਪੁਲਿਸ (Bathinda Police) ਨੇ ਵੀ ਖੂਨਦਾਨ ਕਰਕੇ ਸ਼ਹੀਦਾਂ ਨੂੰ ਸਿਜ਼ਦਾ ਕੀਤਾ ਹੈ।
ਵੇਰਵਿਆਂ ਮੁਤਾਬਿਕ ਬਠਿੰਡਾ ਪੁਲਿਸ ਵੱਲੋਂ ਥਾਣਾ ਕੋਤਵਾਲੀ ਵਿਖੇ ਚੰਦਸਰ ਸੇਵਾ ਸੁਸਾਇਟੀ ਅਤੇ ਰੈਗਰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਤੇ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ। ਇਸ ਕੈਂਪ ’ਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਲਈ ਐਸਐਸਪੀ ਬਠਿੰਡਾ (Bathinda Police) ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ’ਤੇ ਪੁੱਜੇ। ਕੈਂਪ ਦੀ ਸ਼ੁਰੂਆਤ ਡੀਐਸਪੀ ਸਿਟੀ-1ਵਿਸ਼ਵਜੀਤ ਸਿੰਘ ਮਾਨ ਨੇ ਖੂਨਦਾਨ ਕਰਕੇ ਕੀਤੀ।
ਡੀਐਸਪੀ ਸਿਟੀ-1 ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ ਇਸ ਲਈ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਕੈਂਪ ਤੋਂ ਇਲਾਵਾ ਮੈਡੀਕਲ ਚੈੱਕਅੱਪ ਕੈਂਪ ਵੀ ਲਾਇਆ ਗਿਆ ਜਿਸ ’ਚ ਮੁਫ਼ਤ ਮੈਡੀਕਲ ਚੈੱਕਅੱਪ ਹੋਇਆ।
ਸ਼ਹੀਦਾਂ ਨੇ ਆਜ਼ਾਦੀ ’ਚ ਪਾਇਆ ਵਡਮੁੱਲਾ ਯੋਗਦਾਨ : ਐਸਐਸਪੀ
ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ’ਚ ਵਡਮੁੱਲਾ ਯੋਗਦਾਨ ਪਾਉਂਦਿਆਂ ਲਾਸਾਨੀ ਸ਼ਹਾਦਤ ਦਿੱਤੀ ਸੀ, ਉਸ ਨੂੰ ਯਾਦ ਕਰਦਿਆਂ ਅੱਜ ਦਾ ਦਿਨ ਮਨਾਇਆ ਜਾਂਦਾ ਹੈ। ਉਸੇ ਤਹਿਤ ਹੀ ਜ਼ਿਲ੍ਹਾ ਪੁਲਿਸ ਵੱਲੋਂ ਖੂਨਦਾਨ ਕੈਂਪ ਲਗਾ ਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਦੀ ਖੂਨ ਦੀ ਕਮੀਂ ਕਾਰਨ ਜਾਨ ਨਾ ਜਾਵੇ ਇਸ ਲਈ ਜੋ ਪਹਿਲਾਂ ਖੂਨਦਾਨ ਕੀਤਾ ਹੁੰਦਾ ਹੈ ਉਹ ਬਾਅਦ ’ਚ ਸਾਡੇ ਹੀ ਕੰਮ ਆਉਂਦਾ ਹੈ। ਅਜਿਹੇ ਕੈਂਪ ਲਾਉਣੇ ਚੰਗੇ ਉਪਰਾਲੇ ਹਨ ਅਤੇ ਸਾਰੇ ਰਲਕੇ ਅਜਿਹੇ ਉਪਰਾਲੇ ਕਰਦੇ ਰਹਾਂਗੇ ।