ਸਿੱਖਿਆ ਦਾ ਅਧਿਕਾਰ ਕਾਨੂੰਨ ਦੀ ਯਕੀਨੀ ਪਾਲਣਾ ਕਰਨ ਦੀ ਹਦਾਇਤ
- ਵਿਦਿਆਰਥੀਆਂ ਨੂੰ ਕਿਸੇ ਖਾਸ ਦੁਕਾਨ ਤੋਂ ਵਰਦੀ ਜਾਂ ਕਿਤਾਬਾਂ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ
(ਰਜਨੀਸ਼ ਰਵੀ) ਫਾਜਿ਼ਲਕਾ/ਜਲਾਲਾਬਾਦ। ਜਿ਼ਲ੍ਹੇ ਦੇ ਨਿੱਜੀ ਸਕੂਲਾਂ ਦੇ ਮੁੱਖੀਆਂ ਨਾਲ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈਏਐਸ ਨੇ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਸਿੱਖਿਆ ਦਾ ਅਧਿਕਾਰ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਖਾਸ ਦੁਕਾਨ ਤੋਂ ਵਰਦੀ ਜਾਂ ਕਿਤਾਬਾਂ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਕੂਲ 2023—24 ਵਿੱਦਿਅਕ ਸੈਸ਼ਨ ਦੌਰਾਨ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੀ ਸੂਚੀ ਸਕੂਲ ਦੇ ਨੋਟਿਸ ਬੋਰਡ ਅਤੇ ਵੈਬਸਾਇਟ ’ਤੇ ਅਪਲੋਡ ਕਰਨਣਗੇ ਤਾਂ ਜੋ ਮਾਪੇ ਆਪਣੀ ਮਰਜੀ ਦੀ ਕਿਸੇ ਵੀ ਦੁਕਾਨ ਤੋਂ ਇੰਨ੍ਹਾਂ ਦੀ ਖਰੀਦ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਕਿਤਾਬਾਂ ਕਾਪੀਆਂ ਦੀ ਵਿਕਰੀ ਸਕੂਲਾਂ ਵਿਚ ਨਾ ਕੀਤੀ ਜਾਵੇ ਅਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਵੀ ਵਿਸੇਸ਼ ਦੁਕਾਨ ਤੋਂ ਕਿਤਾਬਾਂ ਕਾਪੀਆਂ ਖਰੀਦਣ ਲਈ ਮਜ਼ਬੂਰ ਨਾ ਕੀਤਾ ਜਾਵੇ।
ਇਸੇ ਤਰ੍ਹਾਂ ਸਕੂਲ ਦੀ ਵਰਦੀ ਦਾ ਰੰਗ ਅਤੇ ਡਿਜਾਇਨ ਦਾ ਵੇਰਵਾ ਵੀ ਸਕੂਲ ਦੇ ਨੋਟਿਸ ਬੋਰਡ ਅਤੇ ਵੈਬਸਾਇਟ ਤੇ ਪਾਇਆ ਜਾਵੇ ਤਾਂ ਜ਼ੋ ਮਾਪੇ ਆਪਣੀ ਮਰਜੀ ਦੀ ਦੁਕਾਨ ਤੋਂ ਇੰਨ੍ਹਾਂ ਦੀ ਖਰੀਦ ਕਰ ਸਕਨ। ਇਸੇ ਤਰਾਂ ਦੋ ਸਾਲ ਤੋਂ ਪਹਿਲਾਂ ਵਰਦੀਆਂ ਦਾ ਰੰਗ ਜਾਂ ਡਿਜਾਇਨ ਨਹੀਂ ਬਦਲਿਆ ਜਾ ਸਕਦਾ ਹੈ। ਸਕੂਲ ਵਿਚ ਵਰਦੀਆਂ ਦੀ ਵਿਕਰੀ ਨਹੀਂ ਕਰਨੀ ਹੈ। ਇਸੇ ਤਰਾਂ ਸਾਲ 2023—24 ਦੌਰਾਨ ਲਈਆਂ ਜਾਣ ਵਾਲੀਆਂ ਫੀਸਾਂ ਦਾ ਨਿਰਧਾਰਨ 2016 ਦੇ ਕਾਨੂੰਨ ਅਨੁਸਾਰ ਹੋਵੇ ਅਤੇ ਇਸਦੇ ਵੇਰਵੇ ਸਕੂਲ ਦੇ ਨੋਟਿਸ ਬੋਰਡ ਤੇ ਵੈਬਸਾਇਟ ਤੇ ਜਨਤਕ ਕੀਤੇ ਜਾਣ। ਇਸੇ ਤਰਾਂ ਵਿਦਿਆਰਥੀਆਂ ਦੇ ਦਾਖਲ ਸਮੇਂ ਸਕਰੀਨਿੰਗ ਟੈਸਟ ਲੈਣ ਅਤੇ ਕੈਪੀਟੇਸ਼ਨ ਫੀਸ ਲੇਣ ਦੀ ਵੀ ਮਨਾਹੀ ਹੈ। ਇਸ ਮੌਕੇ ਸਮੂਹ ਸਕੂਲ ਮੁੱਖੀਆਂ ਨੇ ਨਿਯਮਾਂ ਦਾ ਪਾਲਣ ਕਰਨ ਦੀ ਗੱਲ ਆਖੀ।ਬੈਠਕ ਵਿਚ ਜਿ਼ਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਦੌਲਤ ਰਾਮ, ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਅੰਜੂ ਸੇਠੀ, ਸ੍ਰੀ ਸਤਿੰਦਰ ਬੱਤਰਾ ਆਦਿ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ