ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਵਾਸੀਆਂ ਨੂੰ ਅੱਜ ਉਸ ਵੇਲੇ ਰਾਹਤ ਮਿਲੀ ਜਦੋਂ ਅੰਮ੍ਰਿਤਪਾਲ ‘ਤੇ ਕਾਰਵਾਈ ਦੇ ਵਿਰੋਧ ‘ਚ ਮੋਹਾਲੀ (Mohali ) ਦੀ ਏਅਰਪੋਰਟ ਰੋਡ ‘ਤੇ 90 ਘੰਟਿਆਂ ਤੋਂ ਜਾਮ ਲਾਉਣ ਵਾਲੇ ਪ੍ਰਦਰਸ਼ਨਕਾਰੀਆਂ ‘ਤੇ ਪੰਜਾਬ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਟੈਂਟ ਉਖਾੜ ਦਿੱਤੇ ਅਤੇ ਜਨਤਕ ਰਸਤਾ ਖਾਲੀ ਕਰਵਾਇਆ। ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਵਿੱਚ ਚੱਲ ਰਹੇ ਅਪਰੇਸ਼ਨ ਤੋਂ ਨਾਰਾਜ਼ ਉਨ੍ਹਾਂ ਦੇ ਕੁਝ ਸਮਰਥਕਾਂ ਨੇ 18 ਮਾਰਚ ਦੀ ਸ਼ਾਮ ਤੋਂ ਮੁਹਾਲੀ ਵਿੱਚ ਏਅਰਪੋਰਟ ਰੋਡ ’ਤੇ ਜਾਮ ਲਾ ਦਿੱਤਾ ਸੀ।
ਇੱਥੇ ਕਈ ਨੌਜਵਾਨ ਹੱਥਾਂ ਵਿੱਚ ਗੰਡਾਸੇ, ਤਲਵਾਰਾਂ ਅਤੇ ਡੰਡੇ ਲੈ ਕੇ ਖੜ੍ਹੇ ਸਨ। ਮੰਗਲਵਾਰ ਸਵੇਰੇ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਅਤੇ ਏਅਰਪੋਰਟ ਰੋਡ ਨੂੰ ਖੋਲ੍ਹਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲੈਣ ਲਈ ਪਹਿਲਾਂ ਹੀ ਬੱਸਾਂ ਤਿਆਰ ਰੱਖੀਆਂ ਗਈਆਂ ਸਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਕੇ ਬੱਸਾਂ ਵਿੱਚ ਬਿਠਾ ਦਿੱਤਾ। ਜਾਣਕਾਰੀ ਮੁਤਾਬਿਕ ਇਨ੍ਹਾਂ ‘ਚੋਂ ਕੁਝ ਲੋਕਾਂ ਨੂੰ ‘ਨਜ਼ਰਬੰਦ’ ਕੀਤਾ ਜਾ ਸਕਦਾ ਹੈ। ਇਸ ਆਪਰੇਸ਼ਨ ਦੌਰਾਨ ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.) ਦੀਆਂ ਟੀਮਾਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ। ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਮੁਹਾਲੀ (Mohali ) ਵਿੱਚ ਏਅਰਪੋਰਟ ਰੋਡ ਜਾਮ ਕੀਤੇ ਜਾਣ ਖ਼ਿਲਾਫ਼ ਹਾਈਕੋਰਟ ਵਿੱਚ ਪਾਈ ਪਟੀਸ਼ਨ ਦਾ ਜਵਾਬ ਦੇਣਾ ਹੈ। ਪੁਲਿਸ ਨੇ ਇਸ ਤੋਂ 24 ਘੰਟੇ ਪਹਿਲਾਂ ਹੀ ਇਹ ਰਸਤਾ ਖੁਲਵਾ ਦਿੱਤਾ।
ਪੁਲਿਸ ਪ੍ਰਸ਼ਾਸ਼ਨ ਨੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਜ਼ਬਰਦਸਤੀ ਉਠਾਇਆ
ਦੱਸ ਦਈਏ ਕਿ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਕਈ ਲੋਕ 18 ਮਾਰਚ ਦੀ ਸ਼ਾਮ ਨੂੰ ਮੁਹਾਲੀ (Mohali) ਦੇ ਸੋਹਾਣਾ ਲਾਈਟ ਪੁਆਇੰਟ ਨੇੜੇ ਏਅਰਪੋਰਟ ਰੋਡ ’ਤੇ ਬੈਠ ਗਏ ਸਨ। ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਨੇ ਸ਼ਾਂਤਮਈ ਢੰਗ ਨਾਲ ਸੜਕ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਮੁਹਾਲੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਧਰਨਾਕਾਰੀ ਨਹੀਂ ਮੰਨੇ। ਜਿਸ ਕਾਰਨ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸ਼ਨ ਨੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਜ਼ਬਰਦਸਤੀ ਉਠਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਨੇ ਦੱਸਿਆ ਕਿ ਸਾਨੂੰ ਵਾਰ ਵਾਰ ਸਥਾਨਕ ਨਿਵਾਸੀਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਸੰਗਤਾਂ ਨੂੰ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਧਰਨੇ ਕਾਰਨ ਦਿੱਕਤ ਆ ਰਹੀ ਹੈ ਅਤੇ ਜ਼ਰੂਰੀ ਕੰਮਾਂ ਲਈ ਏਅਰਪੋਰਟ ਰੋਡ ਤੇ ਲੰਘਣ ਲਈ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ ਜਿਸ ਕਾਰਨ ਅੱਜ ਇਹ ਐਕਸ਼ਨ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਅਤੇ ਐਸਐਸਪੀ ਸੰਦੀਪ ਗਰਗ ਹਾਜ਼ਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।