ਅੰਮ੍ਰਿਤਪਾਲ ਦੀ ਪਤਨੀ ਤੇ ਪਰਿਵਾਰ ਦੇ ਖਾਤਿਆਂ ਦੀ ਜਾਂਚ ਸ਼ੁਰੂ, NSA ਲੱਗਿਆ

Amritpal

ਮੁੱਖ ਮੰਤਰੀ ਨੇ ਕਿਹਾ, ਸਾਂਤੀ ਨਾਲ ਖਿਲਵਾੜ ਨਹੀਂ ਹੋਣ ਦਿਆਂਗੇ

ਚੰਡੀਗੜ੍ਹ। ਪੁਲਿਸ ਪਿਛਲੇ ਚਾਰ ਦਿਨਾਂ ਤੋਂ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮਿ੍ਰਤਪਾਲ ਸਿੰਘ (Amritpal) ਦੀ ਭਾਲ ਕਰ ਰਹੀ ਹੈ। ਅੰਮਿ੍ਰਤਪਾਲ ਕਿੱਥੇ ਹੈ, ਇਸ ਦਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ। ਹਾਲਾਂਕਿ, ਪਿਤਾ ਨੇ ਦੋਸ਼ ਲਾਇਆ ਹੈ ਕਿ ਪੁਲਿਸ ਉਸ ਨੂੰ ਫਸਾ ਰਹੀ ਹੈ ਤੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਅੰਮਿ੍ਰਤਪਾਲ (Amritpal) ਖਾਲਿਸਤਾਨ ਬਣਾਉਣਾ ਚਾਹੁੰਦਾ ਸੀ। ਹੁਣ ਅੰਮਿ੍ਰਤਪਾਲ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਅਤੇ ਪਰਿਵਾਰ ਦੇ ਬੈਂਕ ਖਾਤਿਆਂ, ਕਾਰਵਾਈਆਂ ਅਤੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਲਈ ਅੰਮਿ੍ਰਤਪਾਲ ਦੇ ਕਰੀਬ 500 ਸਾਥੀਆਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਇਸ ਮੁੱਦੇ ’ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਂਤੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਇੱਕ ਕੱਟੜ ਦੇਸ਼ ਭਗਤ ਪਾਰਟੀ ਹੈ।

ਹੁਣ ਤੱਕ ਕੀ ਕੁਝ ਹੋਇਆ | Amritpal

  • ਹਾਈਕੋਰਟ ’ਚ ਪੰਜਾਬ ਦੇ ਏਜੀ ਨੇ ਕਿਹਾ ਕਿ ਅੰਮਿ੍ਰਤਪਾਲ ’ਤੇ ਐਨਐਸਏ ਲਾਈ ਗਈ ਹੈ।
  • 72 ਘੰਟੇ ਬਾਅਦ ਸਰਕਾਰ ਨੇ ਅੱਧੇ ਪੰਜਾਬ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਇੰਟਰਨੈੱਟ ਸ਼ੁਰੂ ਕਰ ਦਿੱਤਾ ਹੈ।
  • ਤਰਨਤਾਰਨ, ਫਿਰੋਜਪੁਰ, ਮੋਗਾ, ਸੰਗਰੂਰ, ਅੰਮਿ੍ਰਤਸਰ ਵਿਖੇ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ 23 ਮਾਰਚ ਨੂੰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ।

ਹਾਈਕੋਰਟ ਨੇ ਕਿਹਾ, ਦੇਸ਼ ਲਈ ਖ਼ਤਰਾ ਹੈ ਤਾਂ ਫੜਿਆ ਕਿਉਂ ਨਹੀਂ?

ਅੰਮਿ੍ਰਤਪਾਲ ਸਬੰਧੀ ਦਰਜ਼ ਪਟੀਸਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਸਬੰਧੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਦੱਸਿਆ ਕਿ ਅੰਮਿ੍ਰਤਪਾਲ ਅਜੇ ਫਰਾਰ ਹੈ। ਉਸ ’ਤੇ ਐਨ.ਐਸ.ਏ. ਲਾਇਆ ਗਿਆ ਹੈ।
ਹਾਈਕੋਰਟ ਨੇ ਸਰਕਾਰ ਤੋਂ ਪੁੱਛਿਆ ਕਿ ਜਦੋਂ ਹਲਫਨਾਮੇ ’ਚ ਅੰਮਿ੍ਰਤਪਾਲ ਨੂੰ ਦੇਸ਼ ਲਈ ਖਤਰਾ ਦੱਸਿਆ ਗਿਆ ਸੀ ਤਾਂ ਉਸ ਨੂੰ ਅਜੇ ਤੱਕ ਕਿਉਂ ਨਹੀਂ ਫੜਿਆ ਗਿਆ? 80 ਹਜ਼ਾਰ ਪੁਲਿਸ ਵਾਲੇ ਕੀ ਕਰ ਰਹੇ ਸਨ? ਹਾਈਕੋਰਟ ਨੇ ਕਿਹਾ ਕਿ ਇਹ ਤੁਹਾਡਾ ਇੰਟੈਲੀਜੈਂਸ ਫੇਲੀਅਰ ਹੈ। ਮਾਮਲੇ ਦੀ ਸੁਣਵਾਈ 4 ਦਿਨਾਂ ਬਾਅਦ ਫਿਰ ਹੋਵੇਗੀ।

ਖੁਫੀਆ ਏਜੰਸੀਆਂ ਦਾ ਖੁਲਾਸਾ- ਅੰਮਿ੍ਰਤਪਾਲ ਨੇ ਜਾਰਜੀਆ ਤੋਂ ਹਥਿਆਰਾਂ ਦੀ ਸਿਖਲਾਈ ਲਈ ਸੀ

ਦੂਜੇ ਪਾਸੇ ਖੁਫੀਆ ਏਜੰਸੀਆਂ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਮਿ੍ਰਤਪਾਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਜਾਰਜੀਆ ਵਿੱਚ ਹਥਿਆਰਾਂ ਦੀ ਵਰਤੋਂ ਦੀ ਸਿਖਲਾਈ ਦਿੱਤੀ ਗਈ ਸੀ। ਉਹ ਪੰਜਾਬ ਆਉਣ ਤੋਂ ਪਹਿਲਾਂ ਦੁਬਈ ਤੋਂ ਜਾਰਜੀਆ ਗਿਆ ਸੀ। ਏਕੇਐੱਫ਼ ਬਣਾਉਣ ਲਈ ਉਸ ਦੀ ਤਿਆਰੀ ਵੀ ਇਸ ਸਿਖਲਾਈ ਦਾ ਇੱਕ ਹਿੱਸਾ ਸੀ। ਪੰਜਾਬ ਵਿੱਚ ਗੜਬੜ ਪੈਦਾ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਉਸ ਨੂੰ ਜਾਰਜੀਆ ’ਚ ਪੂਰੀ ਸਿਖਲਾਈ ਦਿੱਤੀ ਗਈ ਸੀ।

ਪੁਲਿਸ ਨੇ ਕਰੀਬੀਆਂ ਦੀ ਸੂਚੀ ਐਨਆਈਏ ਨੂੰ ਸੌਂਪੀ

ਐਨਆਈਏ ਦੀ ਟੀਮ ਹਥਿਆਰਾਂ, ਵਿਦੇਸ਼ੀ ਸਬੰਧਾਂ, ਫੰਡਿੰਗ ਅਤੇ ਆਈਐਸਆਈ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਨੇ ਅੰਮਿ੍ਰਤਪਾਲ ਸਿੰਘ ਦੇ 458 ਨਜਦੀਕੀ ਸਾਥੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਸੂਚੀ ਐਨਆਈਏ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਨੂੰ ਏ, ਬੀ ਅਤੇ ਸੀ ਸ੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਏ ਕੈਟਾਗਰੀ ਦੇ 142 ਲੋਕ ਅਜਿਹੇ ਹਨ ਜੋ 24 ਘੰਟੇ ਅੰਮਿ੍ਰਤਪਾਲ ਨਾਲ ਰਹਿੰਦੇ ਸਨ। ਬੀ ਕੈਟਾਗਰੀ ਦੇ 213 ਲੋਕ ਸਨ ਜੋ ਵਿੱਤ ਅਤੇ ਸੰਸਥਾ ਦਾ ਕੰਮ ਦੇਖਦੇ ਸਨ। ਐਨਆਈਏ ਦੀਆਂ ਅੱਠ ਟੀਮਾਂ ਪੰਜਾਬ ਪਹੁੰਚ ਚੁੱਕੀਆਂ ਹਨ ਅਤੇ ਇਨ੍ਹਾਂ ਟੀਮਾਂ ਨੇ ਅੰਮਿ੍ਰਤਸਰ, ਤਰਨਤਾਰਨ, ਜਲੰਧਰ, ਗੁਰਦਾਸਪੁਰ, ਜਲੰਧਰ ਜ਼ਿਲ੍ਹਿਆਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।

6 ਫਾਈਨਾਂਸ ਕੰਪਨੀਆਂ ਤੋਂ ਕਰੋੜਾਂ ਦਾ ਲੈਣ-ਦੇਣ

ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੀਆਂ 6 ਫਾਈਨਾਂਸ ਕੰਪਨੀਆਂ ਦੀ ਸਨਾਖਤ ਕੀਤੀ ਗਈ ਹੈ, ਜਿਨ੍ਹਾਂ ’ਚ ਪਿਛਲੇ ਸਾਲ 20 ਅਗਸਤ ਤੋਂ ਹੁਣ ਤੱਕ ਕਰੋੜਾਂ ਦਾ ਲੈਣ-ਦੇਣ ਹੋਇਆ ਹੈ। ਜਲੰਧਰ ਦੇ ਦੋ ਹਵਾਲਾ ਕਾਰੋਬਾਰੀਆਂ ਦੀ ਵੀ ਸਨਾਖਤ ਹੋਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ 28 ਟੀਮਾਂ ਵੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।