ਅੰਮ੍ਰਿਤਪਾਲ ਨਾਲ ਜੁੜੀ ਜਲੰਧਰ ਤੋਂ ਆਈ ਇੱਕ ਹੋਰ ਖ਼ਬਰ

Amritpal Singh

ਜਲੰਧਰ। ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ (Amritpal) ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਉਸ ਦੇ ਕਈ ਸਮੱਰਥਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਗਿ੍ਰਫ਼ਤਾਰੀਆਂ ਜਾਰੀ ਹਨ। ਇਸੇ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਥਾਨਕ ਪੰਜਾਬ ਐਵੇਨਿਊ ਵਿਚ ਰੇਡ ਕਰ ਕੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਦੀ ਮੰਨੀਏ ਤਾਂ ਸਮਰਥਕ ਹਿਰਦੇਪਾਲ ਸਿੰਘ ਖਿਲਾਫ਼ 7/51 ਦੀ ਕਾਰਵਾਈ ਕਰਦਿਆਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਰਦੇਪਾਲ ਸਿੰਘ ਕਈ ਵਾਰ ਅੰਮ੍ਰਿਤਪਾਲ ਸਿੰਘ ਨਾਲ ਵੇਖਿਆ ਗਿਆ ਸੀ ਅਤੇ ਕਈ ਰੈਲੀਆਂ ’ਚ ਵੀ ਉਸ ਦੇ ਨਾਲ ਰਿਹਾ ਸੀ।

ਅੰਮ੍ਰਿਤਪਾਲ ਸਿੰਘ (Amritpal) ਨੂੰ ਲੈ ਕੇ ਇਸ ਸਮੇਂ ਕਮਿਸ਼ਨਰੇਟ ਪੁਲਿਸ ਕਾਫੀ ਚੌਕਸੀ ਦਿਖਾ ਰਹੀ ਹੈ। ਲਾਅ ਐਂਡ ਆਰਡਰ ਦੀ ਸਥਿਤੀ ਬਣਾਈ ਰੱਖਣ ਲਈ ਹਰ ਉਚਿਤ ਯਤਨ ਕੀਤੇ ਜਾ ਰਹੇ ਹਨ। ਏ. ਡੀ. ਸੀ. ਪੀ.-2 ਆਈ. ਪੀ. ਐੱਸ. ਆਦਿੱਤਿਆ ਨੇ ਪੁਸ਼ਟੀ ਕੀਤੀ ਕਿ ਹਿਰਦੇਪਾਲ ਸਿੰਘ ਨੂੰ ਗਿ੍ਰਫਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਹਿਰਦੇਪਾਲ ਸਿੰਘ ਦਾ ਮੈਡੀਕਲ ਕਰਵਾਉਣ ਲਈ ਪੁਲਸ ਫੋਰਸ ਨਾਲ ਉਸ ਨੂੰ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਸੀ। ਸਿਵਲ ਹਸਪਤਾਲ ’ਚ ਸੁਰੱਖਿਆ ਦੇ ਸਾਰੇ ਇੰਤਜਾਮ ਕਰ ਕੇ ਹੀ ਉਸ ਨੂੰ ਲਿਆਂਦਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਿਰਦੇਪਾਲ ਸਿੰਘ ਨੇ ਸੋਸ਼ਲ ਮੀਡੀਆ ਦੇ ਮੰਚ ’ਤੇ ਵੀ ਭੜਕਾਊ ਪੋਸਟ ਅਤੇ ਅਫਵਾਹਾਂ ਫੈਲਾਉਣ ਵਾਲੇ ਕੁਮੈਂਟ ਕੀਤੇ ਸਨ ਪਰ ਫਿਲਹਾਲ ਇਸ ਦੀ ਪੁਲਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਇਸ ਸਮੇਂ ਪੁਲਸ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਨੇ ਸੋਸ਼ਲ ਮੀਡੀਆ ’ਤੇ ਵੀ ਨਜਰ ਗੱਡੀ ਹੋਈ ਹੈ ਅਤੇ ਹੁਕਮ ਹਨ ਕਿ ਜਿਹੜਾ ਵੀ ਅਫਵਾਹਾਂ ਫੈਲਾਅ ਰਿਹਾ ਹੈ, ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੁਲਿਸ ਨੂੰ ਚਕਮਾ ਦੇਣ ਲਈ ਪੋਸਟਾਂ ਪਾ ਰਹੇ ਨੇ ਸਮਰਥਕ

ਸੋਸ਼ਲ ਮੀਡੀਆ ’ਚ ਅੰਮਿ੍ਰਤਪਾਲ ਸਿੰਘ ਦੇ ਸਮਰਥਕ ਪੁਲਿਸ ਨੂੰ ਚਕਮਾ ਦੇਣ ਲਈ ਪੋਸਟਾਂ ਪਾ ਰਹੇ ਹਨ ਕਿ ਉਹ ਜੇਕਰ ਵੀ. ਪੀ. ਐੱਨ. ਐਪ ਮੋਬਾਇਲਾਂ ’ਚ ਡਾਊਨਲੋਡ ਕਰਦੇ ਹਨ ਤਾਂ ਕੋਈ ਵੀ ਉਨ੍ਹਾਂ ਦੀ ਮੋਬਾਇਲ ਦੀ ਡਿਟੇਲ ਤੱਕ ਨਹੀਂ ਪਹੁੰਚ ਸਕਦਾ। ਹਾਲਾਂਕਿ ਮੋਬਾਇਲਾਂ ਦੇ ਸਟੋਰ ਰੂਮ ਵਿੱਚ ਵੀ. ਪੀ. ਐੱਨ. ਟਾਈਪ ਕਰਨ ’ਤੇ ਕਾਫੀ ਅਜਿਹੇ ਸ਼ੱਕੀ ਐਪ ਆ ਜਾਂਦੇ ਹਨ ਪਰ ਪੁਲਿਸ ਵੀ ਇਸ ਸਮੇਂ ਸੋਸ਼ਲ ਮੀਡੀਆ ’ਤੇ ਬਾਜ ਵਾਂਗ ਨਜਰਾਂ ਗੱਡੀ ਬੈਠੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਵਿਭਾਗ ਕੋਲ ਅਜਿਹੀਆਂ ਐਪਸ ਦਾ ਤੋੜ ਆ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।